5 Dariya News

ਜਦੋਂ ਬਟਾਲਾ ਦੀ ਧੀ ਮਹਿਕ ਨੇ ਆਪਣੀ ਗੋਲਕ ਦੇ ਸਾਰੇ ਪੈਸੇ ਇੱਕ ਮਾਂ ਅਤੇ ਉਸਦੇ ਬੱਚੇ ਦੇ ਇਲਾਜ ਲਈ ਦੇ ਦਿੱਤੇ

5 Dariya News

ਬਟਾਲਾ 24-May-2022

ਬਟਾਲਾ ਸ਼ਹਿਰ ਦੇ ਕੋਟ ਕੁਲ ਜਸਰਾਏ ਦੇ ਵਸਨੀਕ ਗਗਨਦੀਪ ਦੀ 13 ਸਾਲਾ ਧੀ ਮਹਿਕ ਨੇ ਸ਼ਹਿਰ ਦੇ ਇੱਕ ਲੋੜਵੰਦ ਦੀ ਮਦਦ ਕਰਕੇ ਇਨਾਸਨੀਅਤ ਦਾ ਝੰਡਾ ਬੁਲੰਦ ਕੀਤਾ ਹੈ। ਮਹਿਕ ਨੇ ਆਪਣੀ ਗੋਲਕ ਵਿੱਚ ਇਕੱਠੇ ਕੀਤੇ ਸਾਰੇ ਰੁਪਏ ਇੱਕ ਨੰਨੇ ਬੱਚੇ ਦੀ ਜਾਨ ਬਚਾਉਣ ਲਈ ਦੇ ਦਿੱਤੇ ਹਨ। ਮਹਿਕ ਦੀ ਇਸ ਭਾਵਨਾ ਤੋਂ ਪ੍ਰਭਾਵਤ ਹੋ ਕੇ ਹੋਰ ਲੋਕ ਵੀ ਉਸ ਲੋੜਵੰਦ ਪਰਿਵਾਰ ਦੀ ਮਦਦ ਲਈ ਅੱਗੇ ਆਏ ਹਨ।ਵਾਕਿਆ ਬਟਾਲਾ ਸ਼ਹਿਰ ਦੇ ਹਾਥੀ ਗੇਟ ਇਲਾਕੇ ਦਾ ਹੈ। ਇਸ ਇਲਾਕੇ ਦੇ ਇੱਕ ਲੋੜਵੰਦ ਪਰਿਵਾਰ ਦੀ ਇੱਕ ਔਰਤ ਜੋ ਕਿ 7 ਮਹੀਨੇ ਦੀ ਗਰਭਵਤੀ ਸੀ, ਅਚਾਨਿਕ ਉਸਦੀ ਤਬੀਅਤ ਖਰਾਬ ਹੋ ਗਈ ਅਤੇ ਉਹ ਕੌਮਾ ਵਿੱਚ ਚਲੀ ਗਈ। ਔਰਤ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸ੍ਰੀ ਗੁਰੂ ਰਾਮਦਾਸ ਹਸਪਤਾਲ, ਵੱਲਾ, ਅੰਮ੍ਰਿਤਸਰ ਦੇ ਡਾਕਟਰਾਂ ਨੂੰ ਮਜ਼ਬੂਰਨ ਉਸ ਔਰਤ ਦਾ ਓਪਰੇਸ਼ਨ ਕਰਨਾ ਪਿਆ ਅਤੇ ਜਿਸ ਕਾਰਨ ਬੱਚੇ ਦਾ ਤਹਿ ਸਮੇਂ ਤੋਂ ਪਹਿਲਾਂ ਹੀ ਜਨਮ ਹੋ ਗਿਆ। 

ਮਾਂ ਕੌਮਾ ਵਿੱਚ ਹੋਣ ਕਾਰਨ ਜਿਥੇ ਉਸਦਾ ਇਲਾਜ ਚੱਲ ਰਿਹਾ ਹੈ ਓਥੇ ਉਸਦੇ ਨੰਨੇ ਬੱਚੇ ਨੂੰ ਮਸ਼ੀਨ ਵਿੱਚ ਰੱਖਿਆ ਗਿਆ ਹੈ।ਜਦੋਂ ਇਸ ਲੋੜਵੰਦ ਪਰਿਵਾਰ ਬਾਰੇ ਬਟਾਲਾ ਸ਼ਹਿਰ ਦੀ ‘ਦ ਹੈਲਪਿੰਗ ਹੈਂਡ ਗਿਵਸ ਟੂ ਨੀਡੀ ਪੀਪਲਸ’ ਸੁਸਾਇਟੀ ਦੇ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਪਰਿਵਾਰ ਦੀ ਆਪਣੇ ਤਰਫੋਂ ਜਿੰਨੀ ਸੰਭਵ ਹੋ ਸਕੀ ਮਦਦ ਕੀਤੀ। ਇਸਦੇ ਨਾਲ ਹੀ ਸੁਸਾਇਟੀ ਦੇ ਮੁੱਖ ਸੇਵਾਦਾਰ ਵਿਕਾਸ ਮਹਿਤਾ ਨੇ ਸੋਸਲ ਮੀਡੀਆ ਰਾਹੀਂ ਲੋਕਾਂ ਨੂੰ ਇਸ ਮਾਂ ਅਤੇ ਉਸਦੇ ਬੱਚੇ ਦੇ ਇਲਾਜ ਲਈ ਮਦਦ ਦੀ ਗੁਹਾਰ ਲਗਾਈ। ਇਸ ਬਾਰੇ ਜਦੋਂ ਬਟਾਲਾ ਦੀ 13 ਸਾਲਾ ਧੀ ਮਹਿਕ ਨੂੰ ਪਤਾ ਲੱਗਾ ਤਾਂ ਉਸਨੇ ਤੁਰੰਤ ਆਪਣੀ ਗੋਲਕ ਰਾਹੀਂ ਜਮ੍ਹਾਂ ਕੀਤੀ ਆਪਣੀ ਸਾਰੀ ਪੂੰਜੀ ਉਸ ਲੋੜਵੰਦ ਮਾਂ ਅਤੇ ਉਸਦੇ ਨੰਨੇ ਬੱਚੇ ਦੇ ਇਲਾਜ ਲਈ ਦੇਣ ਦਾ ਫੈਸਲਾ ਕੀਤਾ। ਮਹਿਕ ਨੇ ‘ਦ ਹੈਲਪਿੰਗ ਹੈਂਡ ਗਿਵਸ ਟੂ ਨੀਡੀ ਪੀਪਲਸ’ ਸੁਸਾਇਟੀ ਦੇ ਮੈਂਬਰ ਵਿਕਾਸ ਮਹਿਤਾ, ਅਨੁਰਾਗ ਮਹਿਤਾ, ਵਰੁਣ ਕਾਲੜਾ, ਰਘੂ, ਅੰਕੁਸ਼ ਮਹਿਤਾ, ਰਿਧਮ, ਅਮਨਦੀਪ ਬਧਵਾਰ, ਰਾਜਨ, ਅਮਿਤ, ਰਾਹੁਲ ਅਤੇ ਰਜਤ ਨੂੰ ਆਪਣੀ ਗੋਲਕ ਦੇ ਕੇ ਇਸ ਵਿਚਲੇ ਸਾਰੇ ਪੈਸੇ ਉਸ ਮਾਂ ਤੇ ਉਸਦੇ ਬੱਚੇ ਦੇ ਇਲਾਜ ਲਈ ਦੇਣ ਨੂੰ ਕਿਹਾ।

ਮਹਿਕ ਨੇ ਦੱਸਿਆ ਕਿ ਉਹ ਆਪਣੀ ਗੋਲਕ ਵਿੱਚ ਪੈਸੇ ਇੱਕ ‘ਡੌਲ’ ਲੈਣ ਲਈ ਇਕੱਠੇ ਕਰ ਰਹੀ ਸੀ, ਪਰ ਜਦੋਂ ਉਸਨੂੰ ਸੋਸਲ ਮੀਡੀਆ ’ਤੇ ਇੱਕ ਮਾਂ ਅਤੇ ਉਸਦੇ ਬੱਚੇ ਦੇ ਇਲਾਜ ਲਈ ਪੈਸਿਆਂ ਦੀ ਲੋੜ ਬਾਰੇ ਪਤਾ ਲੱਗਾ ਤਾਂ ਉਸਨੇ ਇਹ ਸਾਰੇ ਪੈਸੇ ਉਨ੍ਹਾਂ ਦੇ ਇਲਾਜ ਲਈ ਦੇਣ ਦਾ ਫੈਸਲਾ ਕੀਤਾ। ਉਸਨੇ ਕਿਹਾ ਕਿ ਉਹ ਗੁੱਡੀ ਤਾਂ ਫਿਰ ਵੀ ਖਰੀਦ ਲਵੇਗੀ ਪਰ ਉਸ ਮਾਂ ਤੇ ਉਸਦੇ ਬੱਚੇ ਦੀ ਜਾਨ ਬਚਣੀ ਜਿਆਦਾ ਜਰੂਰੀ ਹੈ। ਮਹਿਕ ਨੇ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਲੋੜਵੰਦ ਪਰਿਵਾਰ ਦੀ ਮਦਦ ਲਈ ਅੱਗੇ ਆਉਣ। ਓਧਰ ਲੋੜਵੰਦ ਪਰਿਵਾਰ ਅਤੇ ‘ਦ ਹੈਲਪਿੰਗ ਹੈਂਡ ਗਿਵਸ ਟੂ ਨੀਡੀ ਪੀਪਲਸ’ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਇਸ ਮਦਦ ਲਈ ਮਹਿਕ ਦਾ ਧੰਨਵਾਦ ਕੀਤਾ ਹੈ।