ਭਾਸ਼ਾ ਵਿਭਾਗ ਮਾਨਸਾ ਵੱਲੋਂ ਕਹਾਣੀ ਦਰਬਾਰ ਆਯੋਜਿਤ
ਜ਼ਿਲੇ ਦੇ ਲੇਖਕਾਂ ਨੇ ਮਿੰਨੀ ਕਹਾਣੀਆਂ ਦਾ ਉਚਾਰਣ ਕਰਕੇ ਬੰਨਿਆ ਰੰਗ
5 Dariya News
ਮਾਨਸਾ 24-May-2022
ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਾ ਹੇਠ ਭਾਸ਼ਾ ਵਿਭਾਗ ਮਾਨਸਾ ਵੱਲੋਂ ਐਸ.ਡੀ.ਕੰਨਿਆ ਮਹਾਂਵਿਦਿਆਲਿਆ ਮਾਨਸਾ ਵਿਖੇ ਆਜ਼ਾਦੀ ਦੇ 75ਵੇਂ ਮਹਾਂਉਤਸਵ ਨੂੰ ਸਮਰਪਿਤ ਕਹਾਣੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਜ਼ਿਲੇ ਦੀਆਂ ਵੱਖ ਵੱਖ ਥਾਵਾਂ ਤੋਂ ਪਹੁੰਚੇ ਲੇਖਕਾਂ ਨੇ ਸ਼ਿਰਕਤ ਕੀਤੀ ਅਤੇ ਆਪੋ ਆਪਣੀਆਂ ਮਿੰਨੀ ਕਹਾਣੀਆਂ ਦਾ ਉਚਾਰਣ ਕਰਕੇ ਰੰਗ ਬੰਨਿਆਂ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਐਸ.ਡੀ. ਕੰਨਿਆ ਮਹਾਂਵਿਦਿਆਲਾ ਦੇ ਪ੍ਰਧਾਨ ਇੰਜ. ਵਿਨੋਦ ਕੁਮਾਰ, ਪਿ੍ਰੰਸੀਪਲ ਜਗਮੋਹਣੀ ਗਾਬਾ, ਤੇਜਿੰਦਰ ਕੌਰ ਜ਼ਿਲਾ ਭਾਸ਼ਾ ਅਫ਼ਸਰ, ਜਸਬੀਰ ਢੰਡ ਮੈਂਬਰ ਜ਼ਿਲਾ ਭਾਸ਼ਾ ਕਮੇਟੀ ਸ਼ਾਮਿਲ ਹੋਏ। ਜ਼ਿਲਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਦੁਆਰਾ ਹਾਜ਼ਰੀਨ ਨੂੰ ਜੀ ਆਇਆ ਕਹਿੰਦਿਆਂ ਭਾਸ਼ਾ ਵਿਭਾਗ ਦੀਆਂ ਗਤੀਵਿਧੀਆ ਬਾਰੇ ਚਾਨਣਾ ਪਾਇਆ ਅਤੇ ਵਿਭਾਗੀ ਪ੍ਰਕਾਸ਼ਨਾਵਾਂ ਅਤੇ ਰਾਜ ਭਾਸ਼ਾ ਐਕਟ ਬਾਰੇ ਜਾਣਕਾਰੀ ਦਿੱਤੀ।
ਉਨਾਂ ਦੱਸਿਆ ਕਿ ਕਹਾਣੀ ਦਰਬਾਰ ਵਿਚ ਵੱਖ ਵੱਖ ਲੇਖਕਾਂ ਜਿੰਨਾਂ ਵਿਚੋਂ ਜਸਬੀਰ ਢੰਡ ਨੇ ‘ਆਵਾਜ਼ਾਂ”, ਜਗਦੀਸ਼ ਰਾਏ ਕੁਲਰੀਆਂ ਨੇ ‘ਜ਼ਿੰਦਗੀ’, ਦਰਸ਼ਨ ਸਿੰਘ ਬਰੇਟਾ ਨੇ ‘ਪ੍ਰਤੀਬਿੰਬ’, ਜੋਗਿੰਦਰ ਕੌਰ ਅਗਨੀਹੋਤਰੀ ਨੇ ‘ਲੋਹੜੀ’, ਗੁਰਸੇਵਕ ਸਿੰਘ ਰੋੜਕੀ ਨੇ ‘ਸੰਘਰਸ਼’, ਭੁਪਿੰਦਰ ਫੌਜੀ ਨੇ ‘ਸ਼ੱਕ’, ਅਮਨ ਮਾਨਸਾ ਨੇ ‘ਵਰਤ’, ਗੁਰਨੈਬ ਸਿੰਘ ਮੰਘਾਣੀਆਂ ਨੇ ‘ਵਿਚਾਰਾ ਰੱਬ’, ਮਨਜਿੰਦਰ ਮਾਖਾ ਨੇ ‘ਨਹੀਂ’, ਮਹਿੰਦਰਪਾਲ ਬਰੇਟਾ ਨੇ ‘ਜਾਗ’, ਰਜਨੀ ਬੋਹਾ ਨੇ ‘ਸ਼ੀਸ਼ਾ’, ਅਮਰੀਕ ਭੀਖੀ ਨੇ ‘ਚੀਸ’, ਕਿ੍ਰਸ਼ਨ ਮਾਨ ਨੇ ‘ਕੰਜਕਾਂ’ ਤੇ ਗੁਰੰਜਟ ਚਾਹਲ ਨੇ ‘ਦਿਲ ਦੀ ਅਮੀਰੀ’ ਨਾਮੀਂ ਮਿੰਨੀ ਕਹਾਣੀਆਂ ਦਾ ਉਚਾਰਣ ਕੀਤਾ। ਪੜੀਆਂ ਗਈਆਂ ਰਚਨਾਵਾਂ ’ਤੇ ਟਿੱਪਣੀ ਕਰਦਿਆਂ ਪ੍ਰੋ. ਗੁਰਦੀਪ ਢਿੱਲੋਂ ਨੇ ਕਿਹਾ ਕਿ ਇਹ ਰਚਨਾਵਾਂ ਸਾਨੂੰ ਭਾਵੁਕ ਕਰਦੀਆਂ ਹਨ।
ਸਾਹਿਤ ਦੀਆਂ ਪਰੰਪਰਾਗਤ ਵਿਧਾਵਾਂ ਜਦੋਂ ਸਮੇਂ ਦੇ ਯਥਾਰਥ ਨੂੰ ਸਹੀ ਤਰੀਕੇ ਨਾਲ ਪੇਸ਼ ਨਹੀਂ ਕਰਦੀਆਂ ਜਾਂ ਪਾਠਕ ਦੀ ਸੰਤੁਸ਼ਟੀ ਨਹੀਂ ਹੁੰਦੀ ਤਾਂ ਨਵੇਂ ਸਾਹਿਤਕ ਰੂਪ ਜਨਮ ਲੈਂਦੇ ਹਨ। ਮਿੰਨੀ ਕਹਾਣੀ ਉਨਾਂ ਵਿਚੋਂ ਇਕ ਹੈ। ਪਿ੍ਰੰਸੀਪਲ ਜਗਮੋਹਣੀ ਗਾਬਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਪੜੀਆਂ ਗਈਆਂ ਸਾਰੀਆਂ ਮਿੰਨੀ ਕਹਾਣੀਆਂ ਇਕ ਉਸਾਰੂ ਸੰਦੇਸ਼ ਦਿੰਦੀਆਂ ਹਨ ਅਤੇ ਸਾਡੇ ਵਿਚ ਇਕ ਨਵੀਂ ਊਰਜਾ ਦਾ ਸੰਚਾਰ ਕਰਦੀਆਂ ਹਨ। ਉਨਾਂ ਵਿਦਿਆਰਥਣਾਂ ਨੂੰ ਵੀ ਕਿਹਾ ਕਿ ਉਹ ਵੀ ਸਾਹਿਤ ਸਿਰਜਣ ਵੱਲ ਰੁਚਿਤ ਹੋਣ। ਉਨਾਂ ਇਹ ਵੀ ਕਿਹਾ ਕਿ ਉਹ ਭਵਿਖ ਵਿਚ ਵੀ ਅਜਿਹੇ ਸਮਾਗਮ ਕਰਵਾਉਂਦੇ ਰਹਿਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਕੁਲਦੀਪ ਚੌਹਾਨ, ਡਾ. ਗੁਰਮੇਲ ਕੌਰ ਜੋਸ਼ੀ, ਰਾਜਿੰਦਰ ਕੁਮਾਰ, ਵੀਰਪਾਲ ਕੌਰ, ਗੁਰਪ੍ਰੀਤ ਕੌਰ, ਵਿਨੋਦ ਮਿੱਤਲ, ਡਾ. ਬਲਜੀਤ ਕੌਰ, ਪੰਕਜ ਰਾਣੀ, ਨੀਰਜ ਮਿੱਤਲ, ਹਰਮੀਤ ਸਿੰਘ, ਹਰਫੂਲ ਪੇਂਟਰ ਤੋਂ ਇਲਾਵਾ ਕਾਲਜ ਦੇ ਸੈਂਕੜੇ ਵਿਦਿਆਰਥੀ ਹਾਜ਼ਰ ਸਨ। ਇਸ ਮੌਕੇ ਕਹਾਣੀ ਦਰਬਾਰ ਵਿਚ ਸ਼ਾਮਿਲ ਲੇਖਕਾਂ ਨੂੰ ਵਿਭਾਗ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਖੋਜ ਅਫਸਰ ਸ਼ਾਇਰ ਗੁਰਪ੍ਰੀਤ ਨੇ ਰੌਚਕ ਮੰਚ ਸੰਚਾਲਨ ਕੀਤਾ ਅਤੇ ਨਾਲ ਦੀ ਨਾਲ ਵੱਖ ਵੱਖ ਸਾਹਿਤਕ ਨੁਕਤੇ ਅਤੇ ਵਿਭਾਗੀ ਕਾਰਜਾਂ ਨੂੰ ਸਾਂਝਾ ਕੀਤਾ। ਇਸ ਸਮਾਗਮ ਵਿੱਚ ਭੁਪਿੰਦਰਜੀਤ ਕੌਰ ਨੇ ਆਪਣੇ ਰੰਗ ਚਿੱਤਰਾਂ ਨੂੰ ਪ੍ਰਦਰਸ਼ਿਤ ਕੀਤਾ।