5 Dariya News

ਕਿਸੇ ਵੀ ਤਰ੍ਹਾਂ ਦੇ ਨਸ਼ੇ ਅਤੇ ਪੈਸੇ ਦੀ ਤਸਕਰੀ ਨਾ ਹੋ ਸਕੇ-ਜ਼ਿਲ੍ਹਾ ਚੋਣ ਅਫ਼ਸਰ

ਥਾਂ-ਥਾਂ ਲਗਾਏ ਪੁਲਿਸ ਨਾਕਿਆਂ ਦੀ ਚੈਕਿੰਗ ਅਤੇ ਹਦਾਇਤਾਂ

5 ਦਰਿਆ ਨਿਊਜ਼ (ਅਜੈ ਪਾਹਵਾ)

ਲੁਧਿਆਣਾ 15-Apr-2014

ਲੋਕ ਸਭਾ ਹਲਕਾ ਲੁਧਿਆਣਾ-7 ਲਈ ਮਿਤੀ 30 ਅਪ੍ਰੈੱਲ 2014 ਨੂੰ ਹੋਣ ਵਾਲੀ ਚੋਣ ਲਈ ਵੱਖ-ਵੱਖ ਉਮੀਦਵਾਰਾਂ ਵੱਲੋਂ ਐਤਕੀਂ ਪੈਸੇ ਅਤੇ ਨਸ਼ੇ ਦੀ ਵੰਡ ਕਰਨੀ ਸੌਖੀ ਨਹੀਂ ਹੋਵੇਗੀ। ਪੁਲਿਸ ਪ੍ਰਸਾਸ਼ਨ ਵੱਲੋਂ ਸਿਵਲ ਅਫ਼ਸਰਾਂ ਦੀ ਹਾਜ਼ਰੀ ਵਿੱਚ ਕੀਤੀ ਜਾ ਰਹੀ ਹਰੇਕ ਸ਼ੱਕੀ ਵਾਹਨ ਅਤੇ ਵਿਅਕਤੀ ਦੀ ਚੈਕਿੰਗ ਨਾਲ ਨਸ਼ੇ ਅਤੇ ਪੈਸੇ ਦੀ ਤਸਕਰੀ ਨੂੰ ਕਾਫੀ ਠੱਲ ਪਈ ਹੈ। ਇਹ ਵਿਚਾਰ ਵੱਖ-ਵੱਖ ਨਾਕਿਆਂ 'ਤੇ ਤਾਇਨਾਤ ਪੁਲਿਸ ਅਤੇ ਸਿਵਲ ਅਫ਼ਸਰਾਂ ਨੇ ਅੱਜ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੂੰ ਚੈਕਿੰਗ ਦੌਰਾਨ ਪ੍ਰਗਟ ਕੀਤੇ।ਸ੍ਰੀ ਰਜਤ ਅਗਰਵਾਲ ਵੱਲੋਂ ਅੱਜ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਤਾਰ ਲਗਾਏ ਗਏ ਨਾਕਿਆਂ ਨੂੰ ਚੈੱਕ ਕੀਤਾ ਅਤੇ ਹਦਾਇਤ ਕੀਤੀ ਕਿ ਇਸ ਵਾਰ ਦੀਆਂ ਚੋਣਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਅਤੇ ਪੈਸੇ ਦੀ ਤਸਕਰੀ ਨਹੀਂ ਹੋਣ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਰੇਕ ਸ਼ੱਕੀ ਵਿਅਕਤੀ ਅਤੇ ਵਾਹਨ ਦੀ ਬੜੀ ਬਾਰੀਕੀ ਅਤੇ ਸਿਆਣਪ ਨਾਲ ਤਲਾਸ਼ੀ ਕੀਤੀ ਜਾਵੇ। ਜੇਕਰ ਕਿਸੇ ਵੀ ਤਰ੍ਹਾਂ ਦੀ ਵੱਡੀ ਰਾਸ਼ੀ ਜਿਸ ਬਾਰੇ ਸੰਬੰਧਤ ਵਿਅਕਤੀ ਕੋਲ ਪੁਖ਼ਤਾ ਸਬੂਤ ਨਹੀਂ ਹਨ, ਉਸ ਰਾਸ਼ੀ ਬਾਰੇ ਇਨਕਮ ਟੈਕਸ ਵਿਭਾਗ ਨੂੰ ਜਾਣੂ ਕਰਾਇਆ ਜਾਵੇ। ਜੇਕਰ ਕੋਈ ਵਿਅਕਤੀ ਆਪਣੇ ਪੈਸੇ ਦਾ ਢੁੱਕਵਾਂ ਸਬੂਤ ਪੇਸ਼ ਕਰ ਦਿੰਦਾ ਹੈ ਤਾਂ ਉਸ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ। 

ਇਸ ਤੋਂ ਇਲਾਵਾ ਜੇਕਰ ਕਿਸੇ ਵਾਹਨ ਵਿੱਚੋਂ ਨਸ਼ੇ ਦੀ ਸਮੱਗਰੀ ਪ੍ਰਾਪਤ ਹੁੰਦੀ ਹੈ ਤਾਂ ਉਸਨੂੰ ਕਿਸੇ ਵੀ ਹੀਲੇ ਛੱਡਿਆ ਨਾ ਜਾਵੇ ਅਤੇ ਪਤਾ ਲਗਾਇਆ ਜਾਵੇ ਕਿ ਕਿਤੇ ਇਸ ਨਸ਼ੇ ਦੀ ਵਰਤੋਂ ਵੋਟਾਂ ਪ੍ਰਾਪਤ ਕਰਨ ਲਈ ਤਾਂ ਸੀ ਕੀਤੀ ਜਾਣੀ। ਸ੍ਰੀ ਅਗਰਵਾਲ ਨੇ ਰਾਹਗੀਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਲ ਲੋੜ ਤੋਂ ਵਧੇਰੇ ਪੈਸੇ ਨਾ ਲੈ ਕੇ ਚੱਲਣ। ਇਸ ਤੋਂ ਇਲਾਵਾ ਘਰੇਲੂ ਵਾਹਨਾਂ ਦੀ ਵਰਤੋਂ ਵਪਾਰਕ ਹਿੱਤਾਂ ਲਈ ਨਾ ਕੀਤੀ ਜਾਵੇ। ਇਸ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ। ਇਸ ਮੌਕੇ ਉਨ੍ਹਾਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ, ਵਧੀਕ ਪੁਲਿਸ ਕਮਿਸ਼ਨਰ ਸ੍ਰੀ ਹਰਸ਼ ਕੌਸ਼ਲ, ਏ. ਸੀ. ਪੀ. ਸ੍ਰ. ਆਰ. ਪੀ. ਐੱਸ. ਸੰਧੂ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।