5 Dariya News

ਆਈ.ਜੀ. ਮੁਖਵਿੰਦਰ ਸਿੰਘ ਛੀਨਾ ਮਾਤਾ ਸ੍ਰੀ ਕਾਲੀ ਦੇਵੀ ਮੰਦਿਰ ਹੋਏ ਨਤਮਸਤਕ

ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ ਤੇ ਜਗਤ ਗੁਰੂ ਪੰਚਾ ਨੰਦ ਗਿਰੀ ਨਾਲ ਮੀਟਿੰਗ

5 Dariya News

ਪਟਿਆਲਾ 04-May-2022

ਪਟਿਆਲਾ ਰੇਂਜ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਇੱਥੇ ਪੁਰਾਤਨ ਮਾਤਾ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਉਨ੍ਹਾਂ ਨੇ ਨਾਲ ਹੀ ਮੰਦਿਰ ਦੀ ਸੁਰੱਖਿਆ ਲਈ ਪਟਿਆਲਾ ਪੁਲਿਸ ਵੱਲੋਂ ਕੀਤੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਅਤੇ ਹਿੰਦੂ ਤਖ਼ਤ ਦੇ ਮੁਖੀ ਜਗਤ ਗੁਰੂ ਪੰਚਾ ਨੰਦ ਗਿਰੀ ਨਾਲ ਵੀ ਸਦਭਾਵਨਾ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਡੀ.ਐਸ.ਪੀ. ਮੋਹਿਤ ਅਗਰਵਾਲ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਇਸ ਪੁਰਾਤਨ ਮੰਦਿਰ ਦੀ ਦੁਨੀਆਂ ਭਰ 'ਚ ਵੱਸਦੇ ਹਿੰਦੂ ਅਤੇ ਸਿੱਖਾਂ 'ਚ ਬਰਾਬਰ ਮਾਨਤਾ ਅਤੇ ਸ਼ਰਧਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖ਼ੁਦ ਇਸ ਪਵਿੱਤਰ ਮੰਦਿਰ ਵਿਖੇ ਨਤਮਸਤਕ ਹੋ ਕੇ ਦੇਸ਼, ਸਮਾਜ ਤੇ ਪਟਿਆਲਾ ਸ਼ਹਿਰ 'ਚ ਏਕਤਾ, ਅਮਨ-ਸ਼ਾਂਤੀ ਤੇ ਆਪਸੀ ਭਾਈਚਾਰੇ ਨੂੰ ਬਰਕਰਾਰ ਰੱਖਣ ਲਈ ਦੇਵੀ ਦੇ ਚਰਨਾਂ 'ਚ ਕਾਮਨਾ ਕੀਤੀ ਹੈ।ਆਈ.ਜੀ. ਛੀਨਾ ਨੇ ਕਿਹਾ ਕਿ ਬੀਤੇ ਦਿਨੀਂ ਵਾਪਰੀ ਮੰਦਭਾਗੀ ਘਟਨਾ 'ਚ ਸ਼ਾਮਲ ਦੋਸ਼ੀਆਂ ਵਿਰੁੱਧ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਇਸ ਦੇ ਨਾਲ ਹੀ ਕਿਸੇ ਵੀ ਬੇਕਸੂਰ ਵਿਅਕਤੀ ਨੂੰ ਪ੍ਰੇਸ਼ਾਨ ਵੀ ਨਹੀਂ ਕੀਤਾ ਜਾਵੇਗਾ।ਉਨ੍ਹਾਂ ਨੇ ਹਿੰਦੂ ਤਖ਼ਤ ਦੇ ਮੁਖੀ ਜਗਤ ਗੁਰੂ ਪੰਚਾ ਨੰਦ ਗਿਰੀ ਨਾਲ ਵੀ ਸਦਭਾਵਨਾ ਮੁਲਾਕਾਤ ਕਰਕੇ ਹਿੰਦੂ ਸੰਗਠਨਾਂ ਵੱਲੋਂ ਸ਼ਾਂਤੀ ਬਰਕਰਾਰ ਰੱਖਣ ਤੇ ਆਪਸੀ ਭਾਈਚਾਰਾ ਬਣਾਈ ਰੱਖਣ ਲਈ ਧੰਨਵਾਦ ਵੀ ਕੀਤਾ। ਜਗਤ ਗੁਰੂ ਪੰਚਾ ਨੰਦ ਗਿਰੀ ਨੇ ਉਨ੍ਹਾਂ ਨਾਲ ਮੰਦਿਰ ਦੀ ਸੁਰੱਖਿਆ ਬਾਰੇ ਵੀ ਚਰਚਾ ਕੀਤੀ ਅਤੇ ਆਈ.ਜੀ. ਛੀਨਾ ਦਾ ਸਨਮਾਨ ਵੀ ਕੀਤਾ।