5 Dariya News

ਕਾਂਗਰਸੀਆਂ ਦੇ ਦਫ਼ਤਰਾਂ ਵਿਚ ਹਾਰ ਤੋਂ ਪਹਿਲਾਂ ਹੀ ਨਮੋਸ਼ੀ ਛਾਈ : ਭੂੰਦੜ

5 ਦਰਿਆ ਨਿਊਜ਼

ਚੰਡੀਗੜ੍ਹ 10-Apr-2014

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਹੈ ਕਿ ਕਾਂਗਰਸੀਆਂ ਦੇ ਦਫ਼ਤਰਾਂ ਵਿਚ ਸੋਗਮਈ ਮਾਹੌਲ ਹੈ ਕਿਉਂਕਿ ਉਨ੍ਹਾਂ ਨੂੰ ਇਹਨਾਂ ਚੋਣਾਂ ਵਿੱਚ ਹੋਣ ਵਾਲੀ ਆਪਣੀ ਹਾਰ ਕੰਧ ਉਤੇ ਲਿਖੀ ਸਪਸ਼ਟ ਨਜ਼ਰ ਆ ਰਹੀ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਦੀ ਚੋਣ ਪ੍ਰਚਾਰ ਦੀ ਮੁਹਿੰਮ ਸਿਖ਼ਰਾਂ 'ਤੇ ਹੈ ਪਰ ਕਾਂਗਰਸੀਆਂ ਨੂੰ ਚੋਣ ਪ੍ਰਚਾਰ ਦੇ ਲਈ ਕੋਈ ਲੀਡਰ ਨਹੀਂ ਲੱਭ ਰਿਹਾ। ਖੁਦ ਇਹ ਲੀਡਰ ਆਪ ਹੀ ਭੱਜੇ ਫਿਰਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਗੱਲ ਸੁਣਾਉਣ ਦੇ ਲਈ ਕੋਈ ਵੋਟਰ ਵੀ ਨਹੀਂ ਮਿਲ ਰਿਹਾ। ਭੂੰਦੜ ਨੇ ਕਿਹਾ ਕਿ ਜਿਸ ਪ੍ਰਕਾਰ ਕਾਂਗਰਸ ਵਿਚ ਬਗ਼ਾਵਤ ਹੋ ਰਹੀ ਹੈ ਉਸ ਨੂੰ ਦੇਖਦੇ ਹੋਏ ਇਹੀ ਨਜ਼ਰ ਆਉਂਦਾ ਹੈ ਕਿ ਇਸ ਵਾਰ ਵੀ ਕਾਂਗਰਸ ਦਾ ਉਹੀ ਹਾਲ ਹੋਵੇਗਾ ਜੋ ਵਿਧਾਨ ਸਭਾ ਚੋਣਾਂ ਵਿਚ ਹੋਇਆ ਸੀ। ਉਨ੍ਹਾਂ ਅੱਗੇ ਕਿਹਾ ਕਿ ਲੋਕ ਕਾਂਗਰਸ ਦੀ ਗੱਲ ਹੀ ਨਹੀਂ ਸੁਣਨਾ ਚਾਹੁੰਦੇ ਕਿਉਂਕਿ ਇਸ ਪਾਰਟੀ ਦੀਆਂ ਨੀਤੀਆਂ ਨੇ ਲੋਕਾਂ ਨੂੰ ਬਹੁਤ ਜ਼ਿਆਦਾ ਦੁੱਖ ਪਹੁੰਚਾਇਆ ਹੈ। ਇਸ ਪਾਰਟੀ ਦੀਆਂ ਆਰਥਿਕ ਨੀਤੀਆਂ ਦੇ ਕਾਰਨ ਅੱਜ ਗਰੀਬ ਘਰਾਂ ਵਿਚ ਹੀ ਨਹੀਂ ਬਲਕਿ ਮੱਧਵਰਗੀ ਜਮਾਤ ਦੇ ਘਰ ਵੀ ਚੁੱਲ੍ਹਾ ਬਲਣਾ ਔਖਾ ਹੋ ਚੁੱਕਾ ਹੈ। ਇਹ ਪਾਰਟੀ ਸਿਰਫ਼ ਤੇ ਸਿਰਫ਼ ਅਮੀਰਾਂ ਲਈ ਹੀ ਨੀਤੀਆਂ ਬਣਾਉਂਦੀ ਹੈ। ਗਰੀਬਾਂ ਅਤੇ ਮੱਧਵਰਗੀ ਜਮਾਤ ਲਈ ਜਿਹੜਾ ਹੇਜ਼ ਹੈ ਉਹ ਸਿਰਫ਼ ਦਿਖਾਵਾ ਹੈ। ਇਹੀ ਕਾਰਨ ਹੈ ਕਿ ਅੱਜ ਦੇਸ਼ ਦੇ ਲੋਕ ਸਮਝ ਚੁੱਕੇ ਹਨ ਕਿ ਇਸ ਪਾਰਟੀ ਨੂੰ ਦੇਸ਼ ਨਿਕਾਲਾ ਦਿੱਤਾ ਜਾਣਾ ਚਾਹੀਦਾ ਹੈ।

ਭੂੰਦੜ ਨੇ ਇਸ ਮੌਕੇ 'ਤੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਇਹੀ ਸਮਾਂ ਹੈ ਕਿ ਕਾਂਗਰਸ ਦਾ ਹੁਣ ਪੰਜਾਬ ਵਿਚੋਂ ਪੂਰੀ ਤਰ੍ਹਾਂ ਸਫ਼ਾਇਆ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੇ ਇਹ ਮੌਕਾ ਹੱਥੋਂ ਗੁਆ ਦਿੱਤਾ ਤਾਂ ਉਨ੍ਹਾਂ ਨੂੰ ਇਕ ਵਾਰ ਫਿਰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਜਿਹੜੇ ਕਾਂਗਰਸੀ ਐਮ. ਪੀ. ਜਿੱਤ ਕੇ ਸੰਸਦ ਵਿਚ ਗਏ ਉਨ੍ਹਾਂ ਨੇ ਕਦੇ ਵੀ ਪੰਜਾਬ ਦੇ ਹਿੱਤਾਂ/ਹੱਕਾਂ ਦੀ ਗੱਲ ਨਹੀਂ ਕੀਤੀ ਜਦਕਿ ਹਰਸਿਮਰਤ ਕੌਰ ਬਾਦਲ ਨੇ ਉਥੇ ਜਾ ਕੇ ਪੰਜਾਬ ਦੇ ਲੋਕਾਂ ਦੀ ਗੱਲ ਹੀ ਨਹੀਂ ਕੀਤੀ ਬਲਕਿ ਇਥੋਂ ਦੇ ਮਹੱਤਵਪੂਰਨ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਅੰਦਰ ਅਕਾਲੀ-ਭਾਜਪਾ ਗਠਜੋੜ ਸਰਕਾਰ ਵੱਲੋਂ ਕੀਤੇ ਵਿਕਾਸ ਦੀ ਗੱਲ ਹੋ ਰਹੀ ਹੈ। ਦੂਜੇ ਪਾਸੇ ਲੋਕ ਕਾਂਗਰਸ ਵੱਲੋਂ ਫੈਲਾਏ ਭ੍ਰਿਸ਼ਟਾਚਾਰ ਖਿਲਾਫ਼ ਲਾਮਬੰਦ ਹੋ ਚੁੱਕੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਜੇਕਰ ਕਾਂਗਰਸ ਫਿਰ ਤੋਂ ਸੱਤਾ ਵਿਚ ਆ ਗਈ ਤਾਂ ਦੇਸ਼ ਅੰਦਰ ਫਿਰ ਤੋਂ ਭ੍ਰਿਸ਼ਟਾਚਾਰ ਦਾ ਦੈਂਤ ਦਨਦਨਾਉਂਦਾ ਫਿਰੇਗਾ ਅਤੇ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਨੂੰ ਬਰਬਾਦ ਕਰ ਦੇਵੇਗਾ।