5 Dariya News

ਕੁਲਤਾਰ ਸਿੰਘ ਸੰਧਵਾਂ ਨੇ ਗੁਹਾਟੀ ‘ਚ 3 ਦਿਨਾਂ ਭਾਰਤੀ ਖੇਤਰੀ ਰਾਸ਼ਟਰਮੰਡਲ ਸੰਸਦੀ ਕਾਨਫਰੰਸ ਵਿੱਚ ਲਿਆ ਹਿੱਸਾ

ਗੁਹਾਟੀ ਅਤੇ ਨਗਾਓਂ ਦੇ ਗੁਰੂ ਘਰਾਂ ‘ਚ ਵੀ ਹੋਏ ਨਤਮਸਤਕ

5 Dariya News

ਚੰਡੀਗੜ੍ਹ/ਗੁਹਾਟੀ 14-Apr-2022

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 11 ਤੋਂ 13 ਅਪ੍ਰੈਲ 2022 ਤੱਕ ਗੁਹਾਟੀ (ਆਸਾਮ) ਵਿਖੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੀ ਪ੍ਰਧਾਨਗੀ ਹੇਠ ਹੋਈ 8ਵੀਂ ਭਾਰਤੀ ਖੇਤਰੀ ਰਾਸ਼ਟਰਮੰਡਲ ਸੰਸਦੀ ਕਾਨਫਰੰਸ ਵਿੱਚ ਹਿੱਸਾ ਲਿਆ। ਪੰਜਾਬ ਵਿਧਾਨ ਸਭਾ ਦੇ ਸਕੱਤਰ ਸੁਰਿੰਦਰ ਪਾਲ ਵੀ ਉਹਨਾਂ ਨਾਲ ਸਨ। ਸੰਧਵਾਂ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਭਾਰਤ ਦੀਆਂ ਵੱਖ-ਵੱਖ ਵਿਧਾਨ ਸਭਾਵਾਂ ਦੇ ਸਾਰੇ ਪ੍ਰੀਜਾਈਡਿੰਗ ਅਫਸਰਾਂ (ਸਪੀਕਰ/ਚੇਅਰਮੈਨ) ਅਤੇ ਸਕੱਤਰਾਂ ਨੇ ਵਿਧਾਨ ਸਭਾਵਾਂ ਵਿੱਚ ਦਰਪੇਸ਼ ਮੁੱਦਿਆਂ ਅਤੇ ਹੋਰ ਸਬੰਧਿਤ ਵਿਸ਼ਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਸੰਧਵਾਂ ਨੇ ਵੀ ਇਸ ਕਾਨਫਰੰਸ ਵਿੱਚ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਕੁਲਤਾਰ ਸਿੰਘ ਸੰਧਵਾਂ ਗੁਹਾਟੀ ਅਤੇ ਨਗਾਓਂ ਦੇ ਗੁਰੂ ਘਰਾਂ ‘ਚ ਵੀ ਨਤਮਸਤਕ ਹੋਏ। ਪਹਿਲੇ ਦਿਨ ਉਹਨਾਂ ਨੇ ਗੁਰਦੁਆਰਾ ਸ਼ਹੀਦਾਂ ਸਿੰਘਾਂ ਲਾਲਮਤੀ ਵਿਖੇ ਅਤੇ ਆਖਰੀ ਦਿਨ ਨਗਾਓਂ ਜ਼ਿਲੇ ਦੇ ਮਾਤਾਜੀ ਗੁਰੂਦੁਆਰਾ ਸਾਹਿਬ ਛਾਪਰਮੁਖ ਵਿਖੇ ਮੱਥਾ ਟੇਕਿਆ। ਇਹਨਾਂ ਗੁਰੂਘਰਾਂ ਦੇ ਪ੍ਰਬੰਧਕਾਂ ਨੇ ਸੰਧਵਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।