5 Dariya News

ਮਾਡਰਨ ਭਾਰਤ ਦੀ ਸਿਰਜਣਾ ਭੀਮ ਰਾਓ ਅੰਬੇਦਕਰ ਦੀ ਦੇਣ : ਕੁਲਦੀਪ ਸਿੰਘ ਧਾਲੀਵਾਲ

ਅੰਬੇਦਕਰ ਦਿਵਸ ਮੌਕੇ ਸ਼ਰਧਾਂਜਲੀ ਸਮਾਗਮ

5 Dariya News

ਅੰਮ੍ਰਿਤਸਰ 14-Apr-2022

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸ੍ਰੀ ਭੀਮ ਰਾਓ ਅੰਬੇਦਕਰ ਨੂੰ ਅਜੋਕੇ ਭਾਰਤ ਦੇ ਨਿਰਮਾਤਾ ਦੱਸਦੇ ਕਿਹਾ ਕਿ ਉਨਾਂ ਨੇ ਉਸ ਸਮੇਂ ਜਿੰਨਾ ਸਮਾਜਿਕ ਕੁਰਤੀਆਂ ਵਿਚੋਂ ਭਾਰਤ ਨੂੰ ਕਾਨੂੰਨ ਦੀ ਮਦਦ ਨਾਲ ਕੱਢਕੇ ਨਵੇਂ ਸਮਾਜ ਦੀ ਸਿਰਜਣਾ ਕੀਤੀ, ਉਹ ਆਪਣੀ ਮਿਸਾਲ ਆਪ ਹੈ। ਅੱਜ ਅੰਮ੍ਰਿਤਸਰ ਵਿਖੇ ਅੰਬੇਦਕਰ ਜੈਅੰਤੀ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦੇ ਸ੍ਰੀ ਧਾਲੀਵਾਲ ਨੇ ਕਿਹਾ ਕਿ ਭਾਰਤ ਭਾਵੇਂ ਅੰਗਰੇਜ਼ਾਂ ਕੋਲੋਂ ਅਜ਼ਾਦ ਹੋ ਗਿਆ ਸੀ, ਪਰ ਭਾਰਤ ਨੂੰ ਸਮਾਜਿਕ ਕੁਰਤੀਆਂ ਵਿਚੋਂ ਕੱਢਣ, ਸਮਾਜਿਕ ਬਰਾਬਰਤਾ ਵਾਲਾ ਮਾਹੌਲ ਸਿਰਜਣ ਅਤੇ ਸੰਘੀ ਢਾਂਚੇ ਨੂੰ ਚਲਾਉਣ ਲਈ ਜਿਸ ਕਾਨੂੰਨ ਦੀ ਲੋੜ ਸੀ, ਉਹ ਬਾਬਾ ਸਾਹਿਬ ਅੰਬੇਦਕਰ ਦੀ ਹੀ ਦੇਣ ਹੈ। 

ਉਨਾਂ ਕਿਹਾ ਕਿ ਅੱਜ ਜੇਕਰ ਸਾਡੇ ਵਰਗੇ ਗਰੀਬ ਤੇ ਮੱਧਵਰਗੀ ਘਰਾਂ ਦੇ ਬੱਚੇ ਵਿਧਾਇਕ, ਸੰਸਦ ਮੈਂਬਰ ਅਤੇ ਹੋਰ ਰੁਤਬਿਆਂ ਉਤੇ ਬੈਠੇ ਹਨ, ਉਹ ਅੰਬੇਦਕਰ ਸਾਹਿਬ ਦੀ ਦੇਣ ਹੈ। ਉਨਾਂ ਕਿਹਾ ਕਿ ਅੱਜ ਵੀ ਸਾਨੂੰ ਉਨਾਂ ਵੱਲੋਂ ਦਰਸਾਏ ਮਾਰਗ ਉਤੇ ਚੱਲਣ ਦੀ ਲੋੜ ਹੈ, ਤਾਂ ਹੀ ਅਸੀਂ ਅਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਦਾ ਸਮਾਜ ਸਿਰਜ ਸਕਾਂਗੇ। ਉਨਾਂ ਕਿਹਾ ਕਿ ਸ੍ਰੀ ਅੰਬੇਦਕਰ ਦੀ ਦੇਣ ਦੀ ਬਦੌਲਤ ਹੀ ਸਾਡੀ ਸਰਕਾਰ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਇਹ ਫੈਸਲਾ ਪਹਿਲੇ ਦਿਨ ਹੀ ਕਰ ਦਿੱਤਾ ਸੀ ਕਿ ਹਰੇਕ ਦਫਤਰ ਵਿਚ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਦਕਰ ਦੀ ਤਸਵੀਰ ਲੱਗੇਗੀ। ਉਨਾਂ ਕਿਹਾ ਕਿ ਤਸੀਵਰ ਲਗਾਉਣ ਨਾਲ ਦਫਤਰ ਵਿਚ ਬੈਠੇ ਅਧਿਕਾਰੀ ਜਾਂ ਕਰਮਚਾਰੀ ਨੂੰ ਇੰਨਾਂ ਸਖਸ਼ੀਅਤਾਂ ਦੇ ਸੁਪਨੇ ਅਤੇ ਸਿਧਾਂਤ ਯਾਦ ਰਹਿਣਗੇ, ਜੋ ਕਿ  ਸੇਵਾ ਵਿਚ ਕਿਸੇ ਵੀ ਤਰਾਂ ਦੀ ਕੁਤਾਹੀ ਕਰਨ ਤੋਂ ਵਰਜਣਗੇ। ਉਨਾਂ ਸਾਰੇ ਪੰਜਾਬ ਵਾਸੀਆਂ ਨੂੰ ਸ੍ਰੀ ਅੰਬੇਦਕਰ ਦੇ ਪਦ ਚਿੰਨਾ ਉਤੇ ਚੱਲਣ ਦਾ ਸੱਦਾ ਦਿੱਤਾ। ਇਸ ਮੌਕੇ ਸ੍ਰੀ ਧਾਲੀਵਾਲ ਤੇ ਹੋਰ ਸਖਸ਼ੀਅਤਾਂ ਨੇ ਸ੍ਰੀ ਅੰਬੇਦਕਰ ਦੇ ਆਦਮ ਕੱਦ ਬੁੱਤ ਉਤੇ ਫੁੱਲ ਮਲਾਵਾਂ ਚੜਾ ਕੇ ਸ਼ਰਧਾ ਭੇਟ ਕੀਤੀ।