ਹਲਕਾ ਲੁਧਿਆਣਾ ਲਈ 25 ਉਮੀਦਵਾਰਾਂ ਅਤੇ 5 ਕਵਰਿੰਗ ਉਮੀਦਵਾਰਾਂ ਵੱਲੋਂ ਕੁੱਲ 44 ਨਾਮਜ਼ਦਗੀਆਂ
ਆਖ਼ਰੀ ਦਿਨ 21 ਨਾਮਜ਼ਦਗੀਆਂ, ਜਾਂਚ ਪੜਤਾਲ ਅੱਜ
5 ਦਰਿਆ ਨਿਊਜ਼ (ਅਜੈ ਪਾਹਵਾ)
ਲੁਧਿਆਣਾ 09-Apr-2014
ਲੋਕ ਸਭਾ ਹਲਕਾ ਲੁਧਿਆਣਾ-7 ਲਈ ਮਿਤੀ 30 ਅਪ੍ਰੈੱਲ 2014 ਨੂੰ ਹੋਣ ਵਾਲੀ ਚੋਣ ਲਈ ਨਾਮਜ਼ਦਗੀਆਂ ਭਰਨ ਦਾ ਕੰਮ ਅੱਜ ਮੁਕੰਮਲ ਹੋ ਗਿਆ ਹੈ। ਹਲਕਾ ਲੁਧਿਆਣਾ ਲਈ 25 ਉਮੀਦਵਾਰਾਂ ਅਤੇ 5 ਕਵਰਿੰਗ ਉਮੀਦਵਾਰਾਂ ਵੱਲੋਂ ਕੁੱਲ 44 ਨਾਮਜ਼ਦਗੀਆਂ ਭਰੀਆਂ ਗਈਆਂ ਹਨ। ਅੱਜ ਆਖ਼ਰੀ ਦਿਨ ਕੁੱਲ 21 ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ।ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਦੱਸਿਆ ਕਿ ਅੱਜ ਸ੍ਰੀ ਅਕਸ਼ੈ ਬਾਰ ਨਾਥ ਮਿਸ਼ਰਾ ਨੇ ਜਨਤਾ ਦਲ ਯੂਨਾਈਟਿਡ ਵੱਲੋਂ, ਸ੍ਰੀ ਬਿੱਟੂ ਨੇ ਰਿਪਬਲਿਕਨ ਪਾਰਟੀ ਆਫ ਇੰਡੀਆ ਵੱਲੋਂ, ਸ੍ਰ.ਦਰਸ਼ਨ ਸਿੰਘ ਨੇ ਸ਼ਿਵ ਸੈਨਾ ਵੱਲੋਂ, ਸ੍ਰੀ ਕ੍ਰਿਸ਼ਨ ਕੁਮਾਰ ਸ਼ਰਮਾ ਨੇ ਜੇ.ਐਂਡ ਕੇ. ਨੈਸ਼ਨਲ ਪੈਂਥਰਜ਼ ਪਾਰਟੀ ਵੱਲੋਂ, ਸ੍ਰ. ਮਨਜੀਤ ਸਿੰਘ ਮਾਹਲ ਨੇ ਆਲ ਇੰਡੀਆ ਤ੍ਰਿਮੂਲ ਕਾਂਗਰਸ ਵੱਲੋਂ, ਸ੍ਰੀ ਮੁਹੰਮਦ ਮਕਸੂਦ ਅੰਸਾਰੀ ਨੇ ਬਹੁਜਨ ਮੁਕਤੀ ਪਾਰਟੀ ਵੱਲੋਂ, ਬੀਬੀ ਪਰੇਮਜੀਤ ਕੌਰ ਨੇ ਸ੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਅਤੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖਲ ਕਰਨ ਵਾਲਿਆਂ ਵਿੱਚ ਸ੍ਰੀ ਗੁਰਦੀਪ ਸਿੰਘ ਕਾਹਲੋਂ, ਸ੍ਰੀ ਹਰੇ ਰਾਮ, ਸ੍ਰ. ਜਸਵਿੰਦਰ ਸਿੰਘ ਬੈਂਸ, ਸ੍ਰ. ਸਿਮਰਜੀਤ ਸਿੰਘ, ਸ੍ਰੀ ਰਾਜੀਵ ਕੁਮਾਰ ਕਾਲੜਾ, ਸ੍ਰ. ਤਰਸੇਮ ਸਿੰਘ ਸ਼ਾਮਿਲ ਹਨ। ਜਦਕਿ ਆਜ਼ਾਦ ਉਮੀਦਵਾਰ ਸ੍ਰ. ਸਿਮਰਜੀਤ ਸਿੰਘ ਬੈਂਸ ਵੱਲੋਂ ਇੱਕ ਹੋਰ ਨਾਮਜ਼ਦਗੀ ਪੱਤਰ ਭਰਿਆ ਗਿਆ।
ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰ. ਮਨਪ੍ਰੀਤ ਸਿੰਘ ਇਯਾਲੀ, ਕਵਰਿੰਗ ਉਮੀਦਵਾਰ ਵਜੋਂ ਹਰਬੀਰ ਸਿੰਘ ਇਯਾਲੀ, ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਸ੍ਰ. ਰਵਨੀਤ ਸਿੰਘ ਬਿੱਟੂ, ਆਪ ਪਾਰਟੀ ਵੱਲੋਂ ਸ੍ਰ. ਐÎੱਚ. ਐੱਸ. ਫੂਲਕਾ, ਨਿਊ ਆਲ ਇੰਡੀਆ ਕਾਂਗਰਸ ਪਾਰਟੀ ਵੱਲੋਂ ਮੁਹੰਮਦ ਨਸੀਮ ਅੰਸਾਰੀ, ਸੀ. ਪੀ. ਆਈ. (ਐੱਮ) ਵੱਲੋਂ ਸ੍ਰ. ਸੁਖਵਿੰਦਰ ਸਿੰਘ ਸੇਖੋਂ, ਕਵਰਿੰਗ ਉਮੀਦਵਾਰ ਸ੍ਰੀ ਅਮਰਜੀਤ ਮੱਟੂ, ਬਸਪਾ ਵੱਲੋਂ ਨਵਜੋਤ ਸਿੰਘ ਮੰਡੇਰ ਤੇ ਕਵਰਿੰਗ ਉਮੀਦਵਾਰ ਵਜੋਂ ਜਸਵੀਰ ਕੌਰ ਮੰਡੇਰ ਨੇ ਕਾਗਜ਼ ਦਾਖ਼ਲ ਕੀਤੇ ਸਨ। ਜਦਕਿ ਰਾਜਿੰਦਰ ਸਿੰਘ, ਰਾਜ ਕੁਮਾਰ ਅਟਵਾਲ, ਕੁਲਵਿੰਦਰ ਪਾਲ ਸਿੰਘ, ਜੈ ਪ੍ਰਕਾਸ਼, ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ, ਨਵਪ੍ਰੀਤ ਸਿੰਘ ਬੇਦੀ ਨੇ ਆਜ਼ਾਦ ਉਮੀਦਵਾਰਾਂ ਵਜੋਂ ਨਾਮਜ਼ਦਗੀ ਪੱਤਰ ਭਰੇ ਹੋਏ ਸਨ।ਸ੍ਰੀ ਅਗਰਵਾਲ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਮਿਤੀ 10 ਅਪ੍ਰੈੱਲ, 2014 ਨੂੰ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿਖੇ ਕੀਤੀ ਜਾਵੇਗੀ। ਚੋਣ ਉਮੀਦਵਾਰੀ ਵਾਪਸ ਲੈਣ ਦੀ ਸੂਚਨਾ ਮਿਤੀ 12 ਅਪ੍ਰੈੱਲ ਨੂੰ ਬਾਅਦ ਦੁਪਹਿਰ 3 ਵਜੇ ਤੋਂ ਪਹਿਲਾਂ ਉਮੀਦਵਾਰ ਦੁਆਰਾ ਜਾਂ ਉਸਦੇ ਕਿਸੇ ਤਜਵੀਜ਼ਕਾਰ ਜਾਂ ਉਸਦੇ ਚੋਣ ਏਜੰਟ ਦੁਆਰਾ, ਜਿਸਨੂੰ ਉਮੀਦਵਾਰ ਨੇ ਅਧਿਕਾਰਤ ਕੀਤਾ ਹੋਵੇ, ਵੱਲੋਂ ਉਪਰੋਕਤ ਅਧਿਕਾਰੀਆਂ ਨੂੰ ਦਿੱਤੀ ਜਾ ਸਕੇਗੀ। ਚੋਣ ਨਿਸ਼ਾਨਾਂ ਦੀ ਵੰਡ ਇਸੇ ਦਿਨ ਸ਼ਾਮ ਨੂੰ 4 ਵਜੇ ਕੀਤੀ ਜਾਵੇਗੀ। ਜ਼ਿਲ੍ਹੇ ਵਿੱਚ ਵੋਟਾਂ 30 ਅਪ੍ਰੈੱਲ, 2014 ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪਾਈਆਂ ਜਾਣਗੀਆਂ।