5 Dariya News

ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਆਯੋਜਿਤ 8ਵੇਂ ਕਾਰਪੋਰੇਟ ਐਡਵਾਈਜ਼ਰੀ ਬੋਰਡ ਸੰਮੇਲਨ ਦੌਰਾਨ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਾਰਪੋਰੇਟ ਲੀਡਰਾਂ ਨਾਲ ਅਹਿਮ ਮੁੱਦਿਆਂ 'ਤੇ ਪਾਈ ਵਿਚਾਰਾਂ ਦੀ ਸਾਂਝ

ਸਿੱਖਿਆ ਬਜਟ 'ਚ 11.8 ਫ਼ੀਸਦੀ ਦਾ ਵਾਧਾ ਦਰਸਾਉਂਦਾ ਹੈ ਕਿ ਗੁਣਵੱਤਾਪੂਰਨ ਸਿੱਖਿਆ ਨੂੰ ਪ੍ਰੋਤਸ਼ਾਹਿਤ ਕਰਨਾ ਹੀ ਭਾਰਤ ਸਰਕਾਰ ਦੀ ਪ੍ਰਾਥਮਿਕਤਾ: ਕੇਂਦਰੀ ਮੰਤਰੀ

5 Dariya News

ਘੜੂੰਆਂ 03-Apr-2022

ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਸਮਾਰੋਹ 'ਆਜ਼ਾਦੀ ਦਾ ਅੰਮ੍ਰਿਤ ਮਹੋਤਸਵ' ਨੂੰ ਮੁੱਖ ਰੱਖਦਿਆਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ 8ਵੇਂ 'ਕਾਰਪੋਰੇਟ ਐਡਵਾਈਜ਼ਰੀ ਬੋਰਡ' ਸੰਮੇਲਨ ਦਾ ਆਯੋਜਨ ਕਰਵਾਇਆ ਗਿਆ।ਇਸ ਸੰਮੇਲਨ 'ਚ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਯੁਵਕ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਦੌਰਾਨ ਕੇਂਦਰੀ ਮੰਤਰੀ ਨੇ ਇੰਡਸਟਰੀ ਦੇ ਲੀਡਰਾਂ ਅਤੇ ਥਿੰਕ-ਟੈਂਕਾਂ ਨਾਲ ਨਵੀਂ ਸਿੱਖਿਆ ਨੀਤੀ ਨਾਲ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਅਤੇ ਸੰਯੁਕਤ ਰਾਸ਼ਟਰ ਦੇ ਸਥਿਰ ਵਿਕਾਸ ਟੀਚਿਆਂ ਦੀ ਪ੍ਰਾਪਤੀ ਲਈ ਭਾਰਤ ਦੇ ਰੋਡਮੈਪ ਸਬੰਧੀ ਮੁੱਦਿਆਂ 'ਤੇ ਅਹਿਮ ਵਿਚਾਰ ਵਟਾਂਦਰਾ ਕੀਤਾ। ਸੰਮੇਲਨ 'ਚ ਦੇਸ਼ ਦੀਆਂ 75 ਕੰਪਨੀਆਂ ਦੇ ਸੀਨੀਅਰ ਲੀਡਰਾਂ ਅਤੇ ਥਿੰਕ-ਟੈਂਕਾਂ ਨੇ ਸ਼ਮੂਲੀਅਤ ਕੀਤੀ। ਸੰਮੇਲਨ ਦੌਰਾਨ ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਭਾਰਤ ਅਤੇ ਭਾਰਤੀਆਂ ਵੱਲੋਂ ਕੀਤੀਆਂ ਜਾ ਰਹੀਆਂ ਇਨੋਵੇਸ਼ਨਾਂ ਅਤੇ ਖੋਜਾਂ ਨੂੰ ਸਮੁੱਚਾ ਵਿਸ਼ਵ ਵੇਖ ਰਿਹਾ ਹੈ ਜਦਕਿ ਦੁਨੀਆਂ ਨੇ ਭਾਰਤੀਆਂ ਦੀ ਲੀਡਰਸ਼ਿਪ ਸਮਰੱਥਾ ਨੂੰ ਵੀ ਬਿਹਤਰੀ ਨਾਲ ਪਛਾਣਿਆ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਕਾਰਪੋਰੇਟ ਐਡਵਾਈਜ਼ਰੀ ਬੋਰਡ ਤੁਹਾਡੇ ਨੈਟਵਰਕ, ਖੋਜ ਅਤੇ ਇਨੋਵੇਸ਼ਨ ਦੇ ਨਾਲ ਸਥਾਈ ਤਬਦੀਲੀ ਦੇ ਰੂਪ 'ਚ ਆਤਮ ਨਿਰਭਰ ਭਾਰਤ ਲਈ ਇੱਕ ਵੱਡੀ ਤਾਕਤ ਵਜੋਂ ਉਭਰੇਗਾ। ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ, ਪ੍ਰੋ-ਚਾਂਸਲਰ ਡਾ. ਆਰ. ਐਸ ਬਾਵਾ ਅਤੇ 'ਵਰਸਿਟੀ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਪ੍ਰੋ. ਹਿਮਾਨੀ ਸੂਦ ਉਚੇਚੇ ਤੌਰ 'ਤੇ ਹਾਜ਼ਰ ਸਨ।

ਇਸ ਮੌਕੇ ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ 34 ਸਾਲਾਂ ਦੇ ਵਕਫ਼ੇ ਤੋਂ ਬਾਅਦ ਦੇਸ਼ ਨੂੰ ਨਵੀਂ ਸਿੱਖਿਆ ਨੀਤੀ ਮਿਲੀ ਹੈ, ਜਿਸ 'ਚ ਸਿੱਖਿਆ ਅਤੇ ਤਕਨਾਲੋਜੀ ਦੇ ਸੁਮੇਲ ਨੇ ਭਾਰਤ ਵਿੱਚ ਸਿੱਖਿਆ ਦੀ ਰੂਪ ਰੇਖਾ ਬਦਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਨਿਊ ਏਜ਼ ਲਰਨਿੰਗ ਦੇ ਸਿਧਾਂਤਾਂ 'ਤੇ ਆਧਾਰਿਤ ਹੈ, ਜਿਸ 'ਚ ਅੰਗੇਜ਼, ਐਕਪਲੋਰ, ਐਕਪੀਰਿਅਨਸ, ਐਕਸਪ੍ਰੈਸ ਅਤੇ ਐਕਸਲ ਵਰਗੇ ਪਹਿਲੂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਪਹਿਲਾਂ ਹੀ ਸਾਰਥਿਕ ਨਤੀਜੇ ਸਾਹਮਣੇ ਆਏ ਹਨ ਕਿਉਂਕਿ ਭਾਰਤ ਨੇ ਗਲੋਬਲ ਸਟੂਡੈਂਟ ਮੋਬਲਿਟੀ ਮਾਰਕੀਟ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਹਿੱਸੇਦਾਰੀ 2.3 ਫ਼ੀਸਦੀ ਤੋਂ ਵਧਾ ਕੇ 6 ਫ਼ੀਸਦੀ ਕਰ ਦਿੱਤੀ ਹੈ।ਉਨ੍ਹਾਂ ਕਿਹਾ ਕਿ ਇਸ ਸਮੇਂ 164 ਦੇਸ਼ਾਂ ਦੇ 50 ਹਜ਼ਾਰ ਤੋਂ ਵੱਧ ਵਿਦਿਆਰਥੀ ਵੱਖ-ਵੱਖ ਪ੍ਰੋਗਰਾਮਾਂ ਅਧੀਨ ਭਾਰਤੀ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਸਮੁੱਚੇ ਸਿੱਖਿਆ ਬਜਟ ਵਿੱਚ ਪਿਛਲੇ ਸਾਲ ਨਾਲੋਂ 11.8 ਫ਼ੀਸਦੀ ਵਾਧਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਾਲ ਦੇ ਬਜਟ ਵਿੱਚ ਕੁਆਲਿਟੀ ਐਜੂਕੇਸ਼ਨ ਦਾ ਵਿਸ਼ਵੀਕਰਨ, ਹੁਨਰ ਵਿਕਾਸ, ਸ਼ਹਿਰੀ ਯੋਜਨਾਬੰਦੀ ਅਤੇ ਡਿਜ਼ਾਈਨ, ਅੰਤਰਰਾਸ਼ਟਰੀਕਰਨ ਅਤੇ ਐਨੀਮੇਸ਼ਨ ਵਿਜ਼ੂਅਲ ਇਫੈਕਟਸ, ਗੇਮਿੰਗ ਅਤੇ ਕਾਮਿਕਸ (ਏ.ਵੀ.ਜੀ.ਸੀ) ਵਰਗੇ ਪ੍ਰਮੁੱਖ ਖੇਤਰਾਂ 'ਤੇ ਧਿਆਨ ਕੇਂਦਰਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 2019-20 ਦੌਰਾਨ ਉਚੇਰੀ ਸਿੱਖਿਆ 'ਚ ਕੁੱਲ ਦਾਖ਼ਲਾ ਅਨੁਪਾਤ 27.11 ਫ਼ੀਸਦੀ ਵਧਿਆ ਹੈ, ਜੋ ਸਾਡੇ ਦੂਰਅੰਦੇਸ਼ ਪ੍ਰਧਾਨ ਮੰਤਰੀ ਵੱਲੋਂ ਸਿੱਖਿਆ ਖੇਤਰ 'ਚ ਕੀਤੇ ਵਿਕਾਸ ਨੂੰ ਦਰਸਾਉਂਦਾ ਹੈ।

ਇਸ ਮੌਕੇ ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿ ਬਹੁਤ ਘੱਟ ਯੂਨੀਵਰਸਿਟੀਆਂ ਅਜਿਹੀਆਂ ਪਹਿਲਕਦਮੀਆਂ ਕਰਦੀਆਂ ਹਨ। ਉਨ੍ਹਾਂ ਸਥਿਰ ਵਿਕਾਸ ਟੀਚਿਆਂ ਦੀ ਪ੍ਰਾਪਤੀ ਲਈ ਇੰਡਸਟਰੀ, ਵਿਦਿਅਕ ਸੰਸਥਾ ਅਤੇ ਸਰਕਾਰ ਨੂੰ ਇੱਕ ਮੰਚ 'ਤੇ ਲਿਆਉਣ ਲਈ ਉਨ੍ਹਾਂ ਚੰਡੀਗੜ੍ਹ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਚੌਥੀ ਉਦਯੋਗਿਕ ਕ੍ਰਾਂਤੀ ਦਾ ਤੇਜ਼ੀ ਨਾਲ ਵਿਕਾਸ ਹੋਇਆ ਹੈ ਅਤੇ ਉਪਰੋਕਤ ਤਿੰਨੋ ਭਾਗੀਦਾਰ ਵਿਸ਼ਵੀਕਰਨ ਦੇ ਭਵਿੱਖ ਨੂੰ ਨਵਾਂ ਰੂਪ ਦੇਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।ਉਨ੍ਹਾਂ ਕਿਹਾ ਕਿ ਕੁਦਰਤ ਦਾ ਸਤਿਕਾਰ ਸਾਡੀ ਮੁੱਲ ਪ੍ਰਣਾਲੀ ਦਾ ਅਨਿੱਖੜਵਾਂ ਅੰਗ ਹੈ। ਸ਼੍ਰੀ ਮੋਦੀ ਦੀ ਅਗਵਾਈ 'ਚ ਭਾਰਤ ਨੇ ਸਾਡੇ ਲੰਮੇ ਇਤਿਹਾਸ, ਮਨੁੱਖ ਅਤੇ ਕੁਦਰਤ ਵਿਚਕਾਰ ਸਦਭਾਵਨਾਪੂਰਨ ਸਹਿ-ਹੋਂਦ ਦੀ ਪ੍ਰੰਪਰਾ ਦੇ ਆਧਾਰ 'ਤੇ ਵਿਸ਼ਵ ਦੀ ਅਗਵਾਈ ਕਰਨ ਲਈ ਇੱਕ ਸਪੱਸ਼ਟ ਕਦਮ ਦੀ ਕਲਪਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਸਥਿਰ ਵਿਕਾਸ ਟੀਚੇ ਸਮਾਨਤਾ, ਭਾਗੀਦਾਰੀ ਅਤੇ ਜਲਵਾਯੂ ਨਿਆਂ ਦੇ ਮਾਰਗ 'ਤੇ ਚੱਲ ਰਹੀਆਂ ਭਾਰਤ ਸਰਕਾਰ ਦੀਆਂ ਪਹਿਲੀਕਦਮੀਆਂ ਦੀ ਪੁਸ਼ਟੀ ਕਰਦੇ ਹਨ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਵਾਤਾਵਰਣ ਸੰਭਾਲ ਦੀ ਚਿੰਤਾ ਕੀਤੇ ਬਿਨਾਂ ਵਿਕਾਸ ਸਥਿਰ ਨਹੀਂ ਹੈ ਅਤੇ ਸਮਾਨਤਾ ਦੇ ਬਿਨਾਂ ਵਿਕਾਸ ਕਾਇਮ ਰਹਿਣ ਦੇ ਕਾਬਿਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਥਿਰ ਵਿਕਾਸ ਟੀਚਿਆਂ ਪ੍ਰਤੀ ਆਪਣੀ ਮਾਨਸਿਕਤਾ ਨੂੰ ਮੁਨਾਫ਼ੇ ਅਤੇ ਗੈਰ-ਮੁਨਾਫ਼ਾ ਪਹਿਲਕਦਮੀਆਂ ਤੋਂ ਪਰਿਵਰਤਨਸ਼ੀਲ 'ਉਦੇਸ਼ਪੂਰਣ' ਪਹਿਲਕਦਮੀਆਂ ਵਿੱਚ ਬਦਲਣ ਦੀ ਲੋੜ ਹੈ।

ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਦੇ 17 ਸਥਿਰ ਵਿਕਾਸ ਟੀਚਿਆਂ ਦੀ ਪ੍ਰਾਪਤੀ ਲਈ ਵੱਖ-ਵੱਖ ਪਹਿਲਕਦਮੀਆਂ ਦੇ ਮਾਧਿਅਮ ਰਾਹੀਂ ਚੰਡੀਗੜ੍ਹ ਯੂਨੀਵਰਸਿਟੀ ਹਮੇਸ਼ਾ ਯਤਨਸ਼ੀਲ ਰਹੀ ਹੈ।ਇਸੇ ਲੜੀ ਤਹਿਤ ਕਾਰਪੋਰੇਟ ਐਡਵਾਈਜ਼ਰੀ ਬੋਰਡ ਸੰਮੇਲਨ ਸਥਿਰ ਵਿਕਾਸ ਟੀਚਿਆਂ ਦੀ ਪ੍ਰਾਪਤੀ ਵੱਲ ਇੱਕ ਹੋਰ ਕਦਮ ਹੈ, ਜਿਸ ਨਾਲ ਇੰਡਸਟਰੀ ਅਤੇ ਸਿੱਖਿਆ ਸੰਸਥਾਨ ਇੱਕ ਮੰਚ 'ਤੇ ਆ ਕੇ ਇਨ੍ਹਾਂ ਟੀਚਿਆਂ ਦੀ ਪੂਰਤੀ ਲਈ ਨਵਾਂ ਰੋਡਮੈਪ ਬਣਾਉਣ ਸਬੰਧੀ ਵਿਚਾਰਾਂ ਕਰਨਗੇ।ਚੰਡੀਗੜ੍ਹ ਯੂਨੀਵਰਸਿਟੀ ਰਾਸ਼ਟਰ ਨਿਰਮਾਣ ਲਈ ਆਪਣੀ ਜ਼ੁੰਮੇਵਾਰੀ ਨੂੰ ਮਹਿਸੂਸ ਕਰਦੇ ਹੋਏ, ਡਿਪਲੋਮੈਟਿਕ ਕਨਕਲੇਵ, ਅੰਤਰਰਾਸ਼ਟਰੀ  ਵਿਦਿਅਕ ਸੰਸਥਾਵਾਂ ਨੂੰ ਇੱਕ ਮੰਚ 'ਤੇ ਲਿਆਉਣ ਅਤੇ ਨਵੀਂ ਸਿੱਖਿਆ ਨੀਤੀ 'ਤੇ ਚਰਚਾ ਕਰਨ ਲਈ ਸਮੇਂ ਸਮੇਂ 'ਤੇ ਪ੍ਰੋਗਰਾਮਾਂ ਦਾ ਕਰਵਾਇਆ ਜਾਂਦਾ ਹੈ।ਚੰਡੀਗੜ੍ਹ ਯੂਨੀਵਰਸਿਟੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਿਊ ਇੰਡੀਆ ਦੇ ਵਿਜ਼ਨ ਅਤੇ ਸੰਯੁਕਤ ਰਾਸ਼ਟਰ ਦੇ ਸਥਿਰ ਵਿਕਾਸ ਟੀਚਿਆਂ ਨੂੰ ਪੂਰਾ ਕਰਨ ਦੀ ਦਿਸ਼ਾ 'ਚ ਨਿਰੰਤਰ ਅੱਗੇ ਵੱਧ ਰਹੀ ਹੈ। ਚੰਡੀਗੜ੍ਹ ਯੂਨੀਵਰਸਿਟੀ ਪਿਛਲੇ 8 ਸਾਲਾਂ ਤੋਂ ਕਾਰਪੋਰੇਟ ਐਡਵਾਈਜ਼ਰੀ ਬੋਰਡ ਸੰਮੇਲਨਾਂ ਦਾ ਆਯੋਜਨ ਕਰਵਾ ਰਹੀ ਹੈ, ਜਿਸ ਦੇ ਨਤੀਜੇ ਵਜੋਂ ਕਾਰਪੋਰੇਟ ਜਾਂ ਉਦਯੋਗ 'ਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਸਵੀਕਾਰਤਾ ਅਤੇ ਮੰਗ ਵੱਡੇ ਪੱਧਰ 'ਤੇ ਵਧੀ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਵਿਸ਼ਵ ਸ਼ਾਂਤੀ ਅਤੇ ਖੁਸ਼ਹਾਲੀ ਲਈ ਵਰਤਮਾਨ ਅਤੇ ਭਵਿੱਖ ਵਿੱਚ ਟਿਕਾਊ ਵਿਕਾਸ ਟੀਚੇ, ਗ਼ਰੀਬੀ ਦਾ ਖਾਤਮਾ, ਗੁਣਵੱਤਾਪੂਰਨ ਸਿੱਖਿਆ ਅਤੇ ਸੁਚੱਜੀ ਸਿਹਤ ਸੰਭਾਲ ਨੂੰ ਯਕੀਨੀ ਬਣਾਉਣਾ ਸੱਭ ਤੋਂ ਮਹੱਤਵਪੂਰਨ ਟੀਚੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਇੰਡਸਟਰੀ, ਵਿਦਿਅਕ ਸੰਸਥਾਵਾਂ ਅਤੇ ਸਰਕਾਰ ਨੂੰ ਇੱਕ ਦਿਸ਼ਾ 'ਚ ਖਰੜਾ ਤਿਆਰ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਦਿਅਕ ਸੰਸਥਾ ਹੋਣ ਦੇ ਨਾਤੇ ਸਾਡੀ ਸਮਾਜਿਕ ਜ਼ੁੰਮੇਵਾਰੀ ਹੈ, ਕਿ ਮਿਆਰੀ ਸਿੱਖਿਆ ਦੇ ਨਾਲ-ਨਾਲ ਸੁਚੱਜੇ ਰਾਸ਼ਟਰ ਨਿਰਮਾਣ 'ਚ ਵੀ ਅੱਗੇ ਵੱਧ ਕੇ ਯੋਗਦਾਨ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਆਯੋਜਿਤ ਸੰਮੇਲਨ ਉਦਯੋਗ ਅਤੇ ਅਕਾਦਮੀਆ ਨੂੰ ਇੱਕ ਮੰਚ 'ਤੇ ਲਿਆਉਣ ਲਈ ਭਾਰਤ ਵਿੱਚ ਕਿਸੇ ਯੂਨੀਵਰਸਿਟੀ ਵੱਲੋਂ ਆਪਣੀ ਕਿਸਮ ਦਾ ਉਪਰਾਲਾ ਹੈ, ਜਿੱਥੇ ਕਾਰਪੋਰੇਟ ਲੀਡਰ ਵੱਲੋਂ ਬਿਹਤਰ ਰਾਸ਼ਟਰ ਨਿਰਮਾਣ ਲਈ ਭਵਿੱਖਮੁਖੀ ਰੋਡਮੈਪ ਉਲੀਕਣ 'ਚ 'ਵਰਸਿਟੀ ਦਾ ਮਾਰਗ ਦਰਸ਼ਨ ਕੀਤਾ ਗਿਆ ਹੈ।ਸ. ਸੰਧੂ ਨੇ ਕਿਹਾ ਕਿ ਯੂਨੀਵਰਸਿਟੀਆਂ ਦਾ ਦਾਇਰਾ ਸਿਰਫ਼ ਡਿਗਰੀ ਪ੍ਰਦਾਨ ਕਰਨ ਵਾਲੀ ਸੰਸਥਾ ਤੱਕ ਹੀ ਸੀਮਤ ਨਹੀ ਰਹਿਣਾ ਚਾਹੀਦਾ, ਸਗੋਂ ਰਾਸ਼ਟਰ ਨਿਰਮਾਣ ਵਿੱਚ ਸਰਕਾਰ ਦਾ ਸਹਿਯੋਗ ਦੇਣਾ ਅਤੇ ਪ੍ਰਤੀਭਾਸ਼ਾਲੀ ਨੌਜਵਾਨਾਂ ਨੂੰ ਤਿਆਰ ਕਰਨਾ ਵੀ ਸਾਡੀ ਮੁੱਖ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਨਿਰਸੰਦੇਹ ਭਾਰਤ ਟਿਕਾਊ ਵਿਕਾਸ ਟੀਚਿਆਂ ਦੀ ਪ੍ਰਾਪਤੀ ਵੱਲ ਵੱਧ ਰਿਹਾ ਹੈ, ਪਰ ਜੇਕਰ ਅਸੀਂ ਇਨ੍ਹਾਂ ਟੀਚਿਆਂ ਨੂੰ ਨਿਰਧਾਰਿਤ ਸਮੇਂ 'ਤੇ ਪੂਰਾ ਕਰਨਾ ਹੈ ਤਾਂ ਵਿਦਿਅਕ ਸੰਸਥਾਵਾਂ ਅਤੇ ਯੁਵਾ ਸ਼ਕਤੀ ਦਾ ਸਹਿਯੋਗ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਦੀਆਂ ਉਨ੍ਹਾਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ, ਜਿਸ ਨੇ ਨਵੀਂ ਸਿੱਖਿਆ ਨੀਤੀ ਨੂੰ ਕਾਫ਼ੀ ਹੱਦ ਤੱਕ ਲਾਗੂ ਕੀਤਾ ਹੈ।