5 Dariya News

ਐਸ ਸੀ ਕਮਿਸ਼ਨ ਦੇ ਮੈਂਬਰਾਂ ਵੱਲੋਂ ਲੰਗੜੋਆ ਦਾ ਦੌਰਾ

ਅਧਿਕਾਰੀਆਂ ਪਾਸੋਂ 2 ਮਈ ਤੱਕ ਰਿਪੋਰਟ ਮੰਗੀ

5 Dariya News

ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) 30-Mar-2022

ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰਾਂ ਸ੍ਰੀ ਗਿਆਨ ਚੰਦ ਅਤੇ ਪ੍ਰਭ ਦਿਆਲ ਵੱਲੋਂ ਅੱਜ ਪਿੰਡ ਲੰਗੜੋਆ ਦਾ ਦੌਰਾ ਕਰਕੇ, ਪ੍ਰਸ਼ਾਸਨਿਕ ਅਧਿਕਾਰੀਆਂ ਪਾਸੋਂ 2 ਮਈ ਤੱਕ ਰਿਪੋਰਟ ਮੰਗੀ ਗਈ।ਉਨ੍ਹਾਂ ਦੱਸਿਆ ਕਿ ਪਿੰਡ ਦੇ ਮਦਨ ਲਾਲ ਵੱਲੋਂ ਆਬਾਦੀ ਵਿੱਚ ਸਥਿਤ ਛੱਪੜ ਦਾ ਪਾਣੀ ਓਵਰ ਫ਼ਲੋਅ ਹੋਣ ਕਾਰਨ ਆ ਰਹੀ ਸਮੱਸਿਆ ਬਾਰੇ ਕੀਤੀ ਸ਼ਿਕਾਇਤ ’ਤੇ ਇਹ ਮੌਕਾ ਦੇਖਿਆ ਗਿਆ। ਦੋਵਾਂ ਮੈਂਬਰਾਂ ਅਨੁਸਾਰ ਸ਼ਿਕਾਇਤ ਕਰਤਾ ਦੀ ਸਮੱਸਿਆ ਵਾਜਿਬ ਪਾਈ ਗਈ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਨੂੰ ਦੂਰ ਕਰਨ ਦੀ ਹਦਾਇਤ ਕੀਤੀ ਗਈ।ਉਨ੍ਹਾਂ ਦੱਸਿਆ ਕਿ ਮੌਕੇ ’ਤੇ ਐਸ ਡੀ ਐਮ ਡਾ. ਬਲਜਿੰਦਰ ਸਿੰਘ ਢਿੱਲੋਂ ਵੀ ਮੌਜੂਦ ਸਨ। ਉਨ੍ਹਾਂ ਨੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਪਿੰਡ ਦੀ ਪੰਚਾਇਤ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਛੱਪੜ ਦੇ ਪਾਣੀ ਦੀ ਨਿਕਾਸੀ ਪਾਈਪਾਂ ਰਾਹੀਂ ਆਬਾਦੀ ਤੋਂ ਬਾਹਰ ਕਰਨ ਦੀ ਤਜ਼ਵੀਜ਼ ਬਣਾਈ ਜਾ ਰਹੀ ਹੈ। ਇਸ ਤੋਂ ਬਾਅਦ ਇਸ ਥਾਂ ’ਤੇ ਗਰਾਊਂਡ ਵਿਕਸਿਤ ਕਰਨ ਦੀ ਯੋਜਨਾ ਹੈ।ਕਮਿਸ਼ਨ ਦੇ ਮੈਂਬਰਾਂ ਨੇ ਅਧਿਕਾਰੀਆਂ ਨੂੰ ਸਮੁੱਚੀ ਕਾਰਜ ਯੋਜਨਾ ਅਤੇ ਸ਼ਿਕਾਇਤ ਬਾਰੇ ਮੁਕੰਮਲ ਰਿਪੋਰਟ 2 ਮਈ ਤੱਕ ਕਮਿਸ਼ਨ ਕੋਲ ਪਹੁੰਚਾਉਣ ਦੀ ਹਦਾਇਤ ਕੀਤੀ।