5 Dariya News

ਗੁਰਦਾਸ ਬਾਦਲ ਦਾ ਬੁਢਾਪੇ ਤੇ ਮਜਬੂਰੀਵਸ ਕਾਗਜ਼ ਭਰਨ ਬਾਰੇ ਬਿਆਨ ਅਤਿ ਦੁਖਦਾਈ : ਭੂੰਦੜ

ਆਪਣੇ ਬਾਪ ਦੀ ਆਤਮਾ ਨੂੰ ਲਹੂ ਲੁਹਾਣ ਨਾ ਕਰੋ: ਭੂੰਦੜ ਨੇ ਮਨਪ੍ਰੀਤ ਨੂੰ ਕਿਹਾ

5 ਦਰਿਆ ਨਿਊਜ਼

ਬਠਿੰਡਾ 09-Apr-2014

ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਆਗੂ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ਵਲੋਂ ਕੱਲ੍ਹ ਦਿੱਤੇ ਉਸ ਬਿਆਨ ਉਤੇ ਸ਼੍ਰੋਮਣੀ ਅਕਾਲੀ ਦਲ ਅੰਦਰ ਵਿਆਪਕ ਪ੍ਰਤੀਕਰਮ ਹੋਇਆ ਹੈ, ਜਿਸ ਵਿਚ ਬਜ਼ੁਰਗ ਆਗੂ ਵਲੋਂ ਕਿਹਾ ਗਿਆ ਸੀ ਕਿ ਉਹ ਕੇਵਲ ਆਪਣੀ ਔਲਾਦ ਹੱਥੋਂ ਮਜਬੂਰ ਹੋ ਕੇ ਸਿਆਸੀ ਫੈਸਲੇ ਲੈ ਰਹੇ ਹਨ। ਇਸ ਬਿਆਨ ਵਿਚ ਉਨ੍ਹਾਂ ਇਹ ਵੀ ਕਿਹਾ ਸੀ ਕਿ ਉਹ ਇਹ ਫੈਸਲੇ ਆਪਣੀ ਇੱਛਾ ਦੇ ਉਲਟ ਅਤੇ ਕੇਵਲ ਰੋਟੀ ਦੀ ਮਜਬੂਰੀ ਤੋਂ ਤੰਗ ਹੋ ਕੇ ਹੀ ਆਪਣੇ ਬੇਟੇ  ਮਨਪ੍ਰੀਤ ਸਿੰਘ ਬਾਦਲ ਦੇ ਕਵਰਿੰਗ ਉਮੀਦਵਾਰ ਵਜੋਂ ਕਾਗਜ ਭਰੇ ਹਨ। 

ਉਨ੍ਹਾਂ ਦੇ ਇਸ ਬਿਆਨ 'ਤੇ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ. ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਹੈ ਕਿ ਗੁਰਦਾਸ ਸਿੰਘ ਬਾਦਲ ਆਪਣੇ ਪੁੱਤਰ ਮਨਪ੍ਰੀਤ ਸਿੰਘ ਬਾਦਲ ਵਲੋਂ ਅਕਾਲੀ ਦਲ ਛੱਡਣ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ  ਚੋਣ ਲੜਨ ਦੇ ਫੈਸਲੇ ਤੋਂ ਰਾਜੀ ਨਹੀਂ ਹਨ। ਉਹ ਤਾਂ ਮਜਬੂਰੀਵਸ ਸਿਰਫ਼ ਮਨਪ੍ਰੀਤ ਨਾਲ ਸਰੀਰਕ ਤੌਰ 'ਤੇ ਤੁਰੇ ਫਿਰਦੇ ਹਨ ਜਦੋਂਕਿ ਉਨ੍ਹਾਂ ਦੀ ਰੂਹ ਅੱਜ ਵੀ ਆਪਣੇ ਵੱਡੇ ਭਰਾ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਹੈ। 

ਉਨ੍ਹਾਂ ਕਿਹਾ ਕਿ ਗੁਰਦਾਸ ਸਿੰਘ ਬਾਦਲ ਕਾਂਗਰਸ ਪਾਰਟੀ ਦੇ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਭਰਨ ਤੋਂ ਬਾਅਦ ਮਾਨਸਿਕ ਤੌਰ 'ਤੇ ਬੇਹੱਦ ਪ੍ਰੇਸ਼ਾਨ ਹਨ ਅਤੇ ਹੋ ਸਕਦਾ ਹੈ ਕਿ ਉਹ ਮਨਪ੍ਰੀਤ ਬਾਦਲ ਦੀ ਚੋਣ ਮੁਹਿੰਮ ਵਿਚ ਹੀ ਛੱਡ ਕੇ ਘਰ ਹੀ ਬੈਠ ਜਾਣ।  ਭੂੰਦੜ ਨੇ ਚੰਡੀਗੜ੍ਹ ਤੋਂ ਛਪਦੀ ਅੰਗਰੇਜ਼ੀ ਦੀ ਇਕ ਅਖਬਾਰ ਵਿਚ ਇਸ ਸਬੰਧੀ ਛਪੀ ਹੋਈ ਖ਼ਬਰ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਅੱਜ ਕੱਲ੍ਹ ਬੇਹੱਦ ਪ੍ਰੇਸ਼ਾਨ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਪੁੱਤਰ ਮਨਪ੍ਰੀਤ ਸਿੰਘ ਬਾਦਲ ਦੇ ਕਵਰਿੰਗ ਉਮੀਦਵਾਰ ਵਜੋਂ  ਉਸ ਕਾਂਗਰਸ ਪਾਰਟੀ ਵਲੋਂ ਲੋਕ ਸਭਾ ਚੋਣਾਂ ਲਈ ਨਾਮਜਦਗੀ ਕਾਗਜ ਦਾਖਲ ਕਰਨੇ ਪਏ ਹਨ ਜਿਸ ਨੂੰ ਉਹ ਸਾਰੀ ਉਮਰ ਚਿਮਟੀ ਨਾਲ ਛੋਹਣ ਨੂੰ ਵੀ ਤਿਆਰ ਨਹੀਂ ਸਨ। ਭੂੰਦੜ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ਼ ਕਰਨ ਸਬੰਧੀ ਪੁੱਛਣ 'ਤੇ ਗੁਰਦਾਸ ਸਿੰਘ ਬਾਦਲ ਨੇ ਬਹੁਤ ਹੀ ਭਾਵੁਕ ਹੁੰਦਿਆਂ ਕਿਹਾ ਸੀ ਕਿ, ''ਮੈਂ ਅੱਜ ਕੱਲ੍ਹ ਜ਼ਿੰਦਗੀ ਦੇ ਸਭ ਤੋਂ ਔਖੇ ਸਮੇਂ ਵਿਚੋਂ ਗੁਜਰ ਰਿਹਾ ਹਾਂ। ਸਾਰੀ ਉਮਰ ਮੈਂ ਆਪਣੇ ਵੱਡੇ ਭਰਾ ਪ੍ਰਕਾਸ਼ ਸਿੰਘ ਬਾਦਲ ਦੇ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕਰਦਾ ਰਿਹਾ ਹਾਂ ਪਰ ਹੁਣ ਪਰਿਵਾਰ ਵਿਚ ਪਾਏ ਗਏ ਦੁਫੇੜ ਕਾਰਨ ਮੈਨੂੰ ਆਪਣੇ ਪੁੱਤਰ ਮਨਪ੍ਰੀਤ ਦੇ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਭਰਨੇ ਪਏ ਹਨ, ਜਿਹੜਾ ਆਪਣੀ ਹੀ ਭਰਜਾਈ ਵਿਰੁੱਧ ਚੋਣ ਮੈਦਾਨ ਵਿਚ ਉਤਰਿਆ ਹੋਇਆ ਹੈ।''

ਭੂੰਦੜ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਅਜਿਹੀ ਮਜਬੂਰੀ ਸਬੰਧੀ ਪੁੱਛਿਆ ਗਿਆ ਤਾਂ ਬਹੁਤ ਹੀ ਭਾਵੁਕ ਹੋਏ ਗੁਰਦਾਸ ਸਿੰਘ ਬਾਦਲ ਨੇ ਕਿਹਾ, ''ਇਸ ਸਵਾਲ ਦਾ ਜਵਾਬ ਤੁਹਾਨੂੰ ਉਸ ਸਮੇਂ ਸਮਝ ਆਵੇਗਾ ਜਦੋਂ ਤੁਸੀਂ ਮੇਰੀ ਉਮਰ ਵਿਚ ਪਹੁੰਚ ਜਾਵੋਗੇ। ਜਦੋਂ ਮਨੁੱਖ ਬਜੁਰਗ ਹੋ ਜਾਂਦਾ ਹੈ ਤਾਂ ਉਹ ਮੁਕੰਮਲ ਤੌਰ 'ਤੇ ਆਪਣੇ ਬੱਚਿਆਂ 'ਤੇ ਨਿਰਭਰ ਹੋ ਜਾਂਦਾ ਹੈ। ਉਸ ਕੋਲ ਬੱਚਿਆਂ ਦੀ ਇੱਛਾ ਮੁਤਾਬਿਕ ਫੈਸਲੇ ਲੈਣ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਰਹਿੰਦਾ। '' ਉਨ੍ਹਾਂ ਭਰੇ ਗਲੇ ਨਾਲ ਕਿਹਾ ਕਿ,'' ਮੈਂ ਜੇ ਹੁਣ ਇਹ ਨਾਮਜ਼ਦਗੀ ਕਾਗਜ਼ ਭਰੇ ਹਨ, ਇਹਵੀ ਸਭ ਇਸ ਉਮਰ ਵਿਚ ਰੋਟੀ ਦੀ ਮਜਬੂਰੀ ਹੀ ਹੈ।'' ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਸ. ਗੁਰਦਾਸ ਸਿੰਘ ਬਾਦਲ ਪਰਿਵਾਰ ਵਿਚ ਪਏ ਦੁਫੇੜ ਤੋਂ  ਬਹੁਤ ਜ਼ਿਆਦਾ ਪ੍ਰੇਸ਼ਾਨ ਹਨ ਅਤੇ ਉਹ ਅਕਸਰ ਹੀ ਕਿਹਾ ਕਰਦੇ ਹਨ,  '' ਸਾਡੇ ਦੋਹਾਂ ਭਰਾਵਾਂ ਵਿਚ ਇੰਨਾ ਪਿਆਰ ਸੀ ਕਿ ਲੋਕ ਸਾਨੂੰ ਰਾਮ-ਲਛਮਣ ਦੀ ਜੋੜੀ ਕਿਹਾ ਕਰਦੇ ਸਨ ਅਤੇ ਸਾਨੂੰ ਵੀ ਇਹ ਸੁਣ ਕੇ ਬਹੁਤ ਫਖ਼ਰ ਮਹਿਸੂਸ ਹੁੰਦਾ ਸੀ, ਪਰ ਸਮੇਂ ਨਾਲ  ਕਈ ਵਿਅਕਤੀਆਂ ਵਲੋਂ ਖੇਡੀ ਗਈ ਗੰਦੀ ਖੇਡ ਨੇ ਸਾਨੂੰ ਉਮਰ ਦੇ ਇਸ ਅਖੀਰਲੇ ਸਮੇਂ ਵੱਖੋ ਵੱਖ ਕਰ ਦਿੱਤਾ।'

ਭੂੰਦੜ ਨੇ ਕਿਹਾ ਕਿ ਇਸ ਖ਼ਬਰ ਵਿਚ ਸ. ਗੁਰਦਾਸ ਬਾਦਲ ਨੇ ਹੋਰ ਕਿਹਾ ਹੈ ਕਿ, ''ਦਰਅਸਲ ਬਾਹਰਲੇ ਲੋਕਾਂ ਨੇ ਸਾਡੇ ਬੱਚਿਆਂ ਦੇ ਦਿਮਾਗ ਖਰਾਬ ਕਰ ਦਿੱਤੇ ਅਤੇ ਜੋ ਨਤੀਜਾ ਨਿਕਲਿਆ ਉਹ ਸਭ ਦੇ ਸਾਹਮਣੇ ਹੈ। '' ਗੁਰਦਾਸ ਸਿੰਘ ਬਾਦਲ ਨੇ ਕਿਹਾ ਕਿ ਠੀਕ ਹੈ ਸੁਖਬੀਰ ਅਤੇ ਮਨਪ੍ਰੀਤ ਦੇ ਵਿਚਾਰਾਂ ਵਿਚ ਅੰਤਰ ਹੈ, ਪਰ ਦੋਹਾਂ ਵਿਚ ਐਡਾ ਵੱਡਾ ਖੱਪਾ ਨਹੀਂ ਸੀ ਪੈਣਾ ਚਾਹੀਦਾ ਜਿੰਨਾ ਪੈ ਗਿਆ ਹੈ।ਜਦੋਂ ਗੁਰਦਾਸ ਸਿੰਘ ਬਾਦਲ ਨੂੰ ਪੁੱਛਿਆ ਗਿਆ ਕਿ ਮਨਪ੍ਰੀਤ ਬਾਦਲ ਵਲੋਂ ਆਪਣੇ ਤਾਏ ਪ੍ਰਕਾਸ਼ ਸਿੰਘ ਬਾਦਲ ਨੂੰ ਜਨਤਕ ਤੌਰ 'ਤੇ ਸ਼ੈਤਾਨ ਕਹੇ ਜਾਣ ਉਤੇ ਉਨ੍ਹਾਂ ਨੂੰ ਕਿਵੇਂ ਮਹਿਸੂਸ ਹੁੰਦਾ ਹੈ ਤਾਂ ਬਹੁਤ ਹੀ ਬੇਚੈਨ ਹੁੰਦਿਆਂ ਉਨ੍ਹਾਂ ਕਿਹਾ, ''ਕ੍ਰਿਪਾ ਕਰਕੇ ਮੈਨੂੰ ਅਜਿਹੇ ਸਵਾਲ ਨਾ ਪੁੱਛੋ, ਮੈਨੂੰ ਬੇਹੱਦ ਤਕਲੀਫ ਹੁੰਦੀ ਹੈ। ਮੈਨੂੰ ਇਹ ਸਭ ਕੁਝ ਜਾਣ ਕੇ ਬਹੁਤ ਦੁਖ ਹੁੰਦਾ ਹੈ। ਮੈਂ ਪ੍ਰਕਾਸ਼ ਸਿੰਘ ਬਾਦਲ ਬਾਰੇ ਅਜਿਹੇ ਸ਼ਬਦ ਵਰਤਣ ਲਈ ਮਨਪ੍ਰੀਤ ਸਿਘ ਦੀ ਨਿੰਦਾ ਕਰਦਾ ਹਾਂ, ਪਰ ਮੈਨੂੰ ਉਸ ਵੇਲੇ ਵੀ ਦੁਖ ਹੁੰਦਾ ਹੈ ਜਦੋਂ ਉਹ ਲੋਕ ਮਨਪ੍ਰੀਤ ਸਿੰਘ ਬਾਦਲ ਬਾਰੇ ਚੰਗਾ ਮੰਦਾ ਬੋਲਦੇ ਹਨ।''ਸ. ਭੂੰਦੜ ਨੇ ਕਿਹਾ ਕਿ ਇਸ ਖਬਰ ਅਨੁਸਾਰ ਜਦੋਂ ਗੁਰਦਾਸ ਸਿੰਘ ਬਾਦਲ ਨੂੰ ਪੁੱਛਿਆ ਗਿਆ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਉਹ ਆਪਣੇ ਭਰਾ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਵਿਰੁੱਧ ਲੜ ਰਹੇ ਹਨ ਕਿਉਂਕਿ ਉਨ੍ਹਾਂ ਨੇ 2012 ਦੀ ਵਿਧਾਨ ਸਭਾ ਚੋਣ ਮੌਕੇ ਵੀ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਚੋਣ ਲੜੀ ਸੀ, ਤਾਂ ਉਨ੍ਹਾਂ ਕਿਹਾ, '' ਉਸ ਸਮੇਂ ਵੀ ਮੈਂ ਮਜਬੂਰੀਵਸ ਹੀ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਚੋਣ ਮੈਦਾਨ ਵਿਚ ਉਤਰਿਆ ਸੀ।