5 Dariya News

ਜ਼ਿਲ੍ਹਾ ਪ੍ਰਸਾਸ਼ਨ ਦੀ ਵੋਟਰ ਜਾਗਰੂਕਤਾ ਮੁਹਿੰਮ ਨੂੰ ਭਰਵਾਂ ਹੁੰਗਾਰਾ

ਸੈਂਕੜੇ ਨੌਜਵਾਨਾਂ ਤੇ ਮੁਟਿਆਰਾਂ ਵੱਲੋਂ ਕਾਰ ਰੈਲੀ ਰਾਹੀਂ ਵੋਟ ਦਾ ਸੁਨੇਹਾ

5 ਦਰਿਆ ਨਿਊਜ਼ (ਅਜੈ ਪਾਹਵਾ)

ਲੁਧਿਆਣਾ 09-Apr-2014

ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਜ਼ਿਲ੍ਹੇ ਦੇ ਵੋਟਰਾਂ ਖਾਸ ਕਰਕੇ ਨੌਜਵਾਨਾਂ ਨੂੰ ਆਪਣੀ ਵੋਟ ਦਾ ਸਹੀ ਅਤੇ ਲਾਜ਼ਮੀ ਇਸਤੇਮਾਲ ਕਰਨ ਸੰਬੰਧੀ ਜਾਗਰੂਕ ਕਰਨ ਲਈ ਵਿੱਢੀ ਮੁਹਿੰਮ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ, ਜਦੋਂ ਪੰਜਾਬ ਕਾਲਜ਼ ਆਫ਼ ਟੈਕਨੀਕਲ ਐਜੂਕੇਸ਼ਨ (ਪਿੰਡ ਝਾਂਡੇ) ਦੇ ਸੈਂਕੜੇ ਵਿਦਿਆਰਥੀਆਂ ਨੇ  ਕਰੀਬ 200 ਕਾਰਾਂ ਦੇ ਕਾਫ਼ਲੇ ਨਾਲ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਵੋਟ ਦਾ ਲਾਜ਼ਮੀ ਅਤੇ ਸਹੀ ਇਸਤੇਮਾਲ ਕਰਨ ਦਾ ਸੁਨੇਹਾ ਦਿੱਤਾ। ਜ਼ਿਲ੍ਹਾ ਪ੍ਰਸਾਸ਼ਨ ਦੀ ਵਿਸ਼ੇਸ਼ ਰਹਿਨੁਮਾਈ ਅਤੇ ਕਾਲਜ ਪ੍ਰਬੰਧਕਾਂ ਦੀ ਅਗਵਾਈ ਵਿੱਚ ਕੱਢੀ ਗਈ ਇਸ ਰੈਲੀ ਵਿੱਚ ਹਜ਼ਾਰਾਂ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਵੋਟਰਾਂ ਨੂੰ ਆਪਣੀ ਵੋਟ ਦਾ ਸਹੀ ਅਤੇ ਲਾਜ਼ਮੀ ਵਰਤੋਂ ਕਰਨ ਦੀ ਅਪੀਲ ਕੀਤੀ। 

ਇਹ ਕਾਫ਼ਲਾ ਪੰਜਾਬ ਕਾਲਜ਼ ਆਫ਼ ਟੈਕਨੀਕਲ ਐਜੂਕੇਸ਼ਨ (ਪਿੰਡ ਝਾਂਡੇ ਕੈਂਪਸ) ਤੋਂ ਸ਼ੁਰੂ ਹੋ ਕੇ ਆਰਤੀ ਚੌਕ. ਭਾਈ ਬਾਲਾ ਚੌਕ, ਨੈਸ਼ਨਲ ਰੋਡ, ਢੋਡਾ ਚੌਕ, ਫੁਹਾਰਾ ਚੌਕ, ਮਾਲ ਰੋਡ, ਭਾਰਤ ਨਗਰ, ਬੱਸ ਸਟੈਂਡ, ਪ੍ਰੀਤ ਪੈਲੇਸ, ਆਤਮ ਨਗਰ, ਦੁਗਰੀ ਰੋਡ, ਮਾਡਲ ਟਾਊਨ, ਸਾਸ਼ਤਰੀ ਨਗਰ, ਪੱਖੋਵਾਲ ਰੋਡ ਰਾਹੀਂ ਵਾਪਸ ਕਾਲਜ ਕੈਂਪਸ ਪਹੁੰਚ ਕੇ ਸਮਾਪਤ ਹੋਇਆ। ਇਸ ਰੈਲੀ ਦੌਰਾਨ ਨੌਜਵਾਨਾਂ ਅਤੇ ਮੁਟਿਆਰਾਂ ਵਿੱਚ ਵੋਟਰ ਜਾਗਰੂਕਤਾ ਪ੍ਰਤੀ ਬਹੁਤ ਹੀ ਉਤਸ਼ਾਹ ਦਿਖਾਈ ਦੇ ਰਿਹਾ ਸੀ। ਮੌਕੇ 'ਤੇ ਹਾਜ਼ਰ ਜ਼ਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀਆਂ ਨੂੰ ਨੌਜਵਾਨਾਂ ਅਤੇ ਮੁਟਿਆਰਾਂ ਨੇ ਆਪ ਵੋਟ ਜਰੂਰ ਕਰਨ ਅਤੇ ਵੋਟਰ ਜਾਗਰੂਕਤਾ ਦੇ ਸੁਨੇਹੇ ਨੂੰ ਘਰ-ਘਰ ਪਹੁੰਚਾਉਣ ਦੀ ਵਚਨਬੱਧਤਾ ਦੁਹਰਾਈ। ਪੰਜਾਬ ਕਾਲਜ਼ ਆਫ਼ ਟੈਕਨੀਕਲ ਐਜੂਕੇਸ਼ਨ ਵੱਲੋਂ ਕੱਢੀ ਗਈ ਇਸ ਰੈਲੀ ਲਈ ਕਾਲਜ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਮੈਡਮ ਕਨੂੰ ਥਿੰਦ, ਪੀ. ਸੀ. ਐੱਸ. (ਅੰਡਰ ਟਰੇਨਿੰਗ) ਨੇ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਨੂੰ ਨੌਜਵਾਨ ਵਰਗ ਵੱਲੋਂ ਏਨਾਂ ਸਹਿਯੋਗ ਮਿਲਣ ਨਾਲ ਇਹ ਯਕੀਨੀ ਹੋ ਗਿਆ ਹੈ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਐਤਕੀਂ ਪਿਛਲੀਆਂ ਸਾਰੀਆਂ ਚੋਣਾਂ ਨਾਲੋਂ ਵੱਧ ਮਤਦਾਨ ਹੋਵੇਗਾ।