5 Dariya News

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ਼੍ਰੀ ਰਾਜ ਕੁਮਾਰ ਹੰਸ ਵੱਲੋਂ ਜ਼ਿਲ੍ਹੇ ਦੇ ਪਿੰਡ ਢੋਲਣ ਅਤੇ ਵਰ੍ਹਿਆਂ ਪੁਰਾਣੇ ਦਾ ਦੌਰਾ

5 Dariya News

ਤਰਨ ਤਾਰਨ 14-Mar-2022

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ਼੍ਰੀ ਰਾਜ ਕੁਮਾਰ ਹੰਸ ਵੱਲੋਂ ਅੱਜ ਕਾਲਾ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਪਿੰਡ ਢੋਲਣ, ਤਹਿਸੀਲ ਪੱਟੀ ਜਿ਼ਲ੍ਹਾ ਤਰਨਤਾਰਨ ਦੀ ਸਿ਼ਕਾਇਤ ‘ਤੇ ਜ਼ਿਲ੍ਹੇ ਦੇ ਪਿੰਡ ਢੋਲਣ ਦਾ ਦੌਰਾ ਕੀਤਾ ਗਿਆ ।ਇਸ ਮੌਕੇ ਉਹਨਾਂ ਵੱਲੋਂ ਪਿੰਡ ਢੋਲਣ ਵਿਖੇ ਪਹੰੁਚਣ ਉਪਰੰਤ ਸਿ਼ਕਾਇਤ ਕਰਤਾ ਵੱਲੋਂ ਕੀਤੀ ਗਈ ਸਿ਼ਕਾਇਤ ਸੰਬੰਧੀ ਪੁੱਛਣ ‘ਤੇ ਦੱਸਿਆ ਕਿ ਪਿੰਡ ਢੋਲਣ ਦੀ ਪੰਚਾਇਤੀ ਜ਼ਮੀਨ ਤੇ ਨੱਥਾ ਸਿੰਘ ਅਤੇ ਸੁਰਜੀਤ ਸਿੰਘ ਨੇ ਨਜਾਇਜ਼ ਕਬਜਾ ਕੀਤਾ ਹੋਇਆ ਹੈ। ਸਿ਼ਕਾਇਤ ਕਰਤਾ ਵੱਲੋਂ ਉਹਨਾਂ ਨਾਲ ਜ਼ਮੀਨ ਬਾਬਤ ਗੱਲਬਾਤ ਕੀਤੀ ਗਈ ਤਾਂ ਉਲਟਾ ਉਹਨਾਂ ਵੱਲੋਂ ਸਿ਼ਕਾਇਤ ਕਰਤਾ ਖਿਲਾਫ ਜਾਤੀ ਸੂਚਕ ਸ਼ਬਦਾਵਲੀ ਵਰਤੀ ਗਈ।ਇਸ ਤੋਂ ਇਲਾਵਾ ਤੋਂ ਉਸ ਵੱਲੋਂ ਦੱਸਿਆ ਗਿਆ ਕਿ ਪੰਚਾਇਤੀ ਜ਼ਮੀਨ ਦੀ ਬੋਲੀ ਵੀ ਪੰਚਾਇਤ ਦੀ ਮਰਜੀ ਤੋਂ ਬਗੈਰ ਹੀ ਹੁੰਦੀ ਹੈ।ਇਸ ਸਬੰਧੀ ਸ਼੍ਰੀ ਰਾਜ ਕੁਮਾਰ ਹੰਸ ਵੱਲੋਂ ਡੀ. ਡੀ. ਪੀ. ਓ. ਤਰਨਤਾਰਨ ਨੂੰ ਆਦੇਸ਼ ਦਿੱਤੇ ਕਿ ਮਿਤੀ 04 ਅਪ੍ਰੈਲ, 2022 ਤੱਕ ਜ਼ਮੀਨ ਦੇ ਕਬਜੇ ਸਬੰਧੀ ਆਪਣੇ ਪੱਧਰ ‘ਤੇ ਪੜਤਾਲ ਕੀਤੀ ਜਾਵੇ ਅਤੇ ਪੰਚਾਇਤੀ ਜ਼ਮੀਨ ਦੀ ਬੋਲੀ ਸਬੰਧੀ ਵੀ ਰਿਕਾਰਡ ਵਾਚਣ ਬਾਰੇ ਆਦੇਸ਼ ਦਿੱਤੇ ਗਏ। ਇਸ ਮੌਕੇ ਡੀ. ਐੱਸ. ਪੀ. ਭਿੱਖੀਵਿੰਡ, ਐੱਸ. ਐੱਚ. ਓ, ਵਲਟੋਹਾ ਅਤੇ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ, ਭਿੱਖੀਵਿੰਡ ਆਦਿ ਹਾਜਰ ਸਨ।

ਇਸ ਦੇ ਨਾਲ ਹੀ ਸ਼੍ਰੀ ਰਾਜ ਕੁਮਾਰ ਹੰਸ ਵੱਲੋਂ ਤਰਸੇਮ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਵਰ੍ਹਿਆਂ ਪੁਰਾਣੇ ਤਹਿਸੀਲ ਤੇ ਜਿ਼ਲ੍ਹਾ ਤਰਨਤਾਰਨ ਦੀ ਸਿ਼ਕਾਇਤ ‘ਤੇ ਦੌਰਾ ਕੀਤਾ ਗਿਆ।ਸ਼ਿਕਾਇਤ ਕਰਤਾ ਵੱਲੋਂ ਦੱਸਿਆ ਗਿਆ ਕਿ ਚਤਰਾ ਸਿੰਘ ਉਰਫ ਕਾਲੀ ਪੁੱਤਰ ਸੁਖਵਿੰਦਰ ਸਿੰਘ ਉਰਫ ਸੁੱਖਾ, ਬਲਰਾਜ ਸਿੰਘ ਉਰਫ ਬੱਲਾ, ਅਜੀਤ ਸਿੰਘ, ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰਾਨ ਸਵਰਨ ਸਿੰਘ, ਕੌਮ ਜੱਟ, ਵਾਸੀਆਨ ਪਿੰਡ ਵਰਿਆ ਪੁਰਾਣੇ ਤਹਿਸੀਲ ਤੇ ਜਿ਼ਲ੍ਹਾ ਤਰਨਤਾਰਨ ਵੱਲੋਂ ਤੇਜਧਾਰ ਹਥਿਆਰਾਂ ਨਾਲ ਹਮਸਲਾਹ ਹੋ ਕੇ ਉਸ ਦੇ ਤਿੰਨ ਭਰਾਵਾਂ ਨੂੰ ਘੇਰ ਲਿਆ ਅਤੇ ਉਸ ਦੇ ਭਰਾ ਕੁਲਬੀਰ ਸਿੰਘ ਦੇ ਗੰਭੀਰ ਸੱਟਾਂ ਮਾਰੀਆਂ, ਜਿਸ ਨੂੰ ਸਰਕਾਰੀ ਹਸਪਤਾਲ ਸਰਹਾਲੀ ਵਿਖੇ ਦਾਖਲ ਕਰਵਾਇਆ ਗਿਆ ।ਉਸ ਤੋਂ ਬਾਅਦ ਦੋਸ਼ੀਆਨ ਉਸ ਦੇ ਘਰ ਦੇ ਬਾਹਰ ਆ ਗਏ ਅਤੇ ਉਸ ਨੂੰ ਗਾਲ੍ਹਾਂ ਕੱਢਣ ਲੱਗ ਪਏ ਅਤੇ ਜਾਤੀ ਸੂਚਕ ਸ਼ਬਦ ਵਰਤੇ । ਇਸ ਦੇ ਨਾਲ ਜਦੋਂ ਦੋਸ਼ੀਆਨ ਨੁੂੰ ਪਤਾ ਲੱਗਾ ਕਿ ਪੀੜਤ ਦੇ ਭਰਾ ਕੁਲਬੀਰ ਸਿੰਘ ਨੂੰ ਜਿ਼ਆਦਾ ਸੱਟਾਂ ਲੱਗੀਆਂ ਹਨ ਤਾਂ ਉਹਨਾਂ ਨੇ ਬਲਰਾਜ ਸਿੰਘ ਉਰਫ ਬੱਲਾ ਨੂੰ ਜਾਅਲੀ ਸੱਟਾਂ ਲਗਾ ਕੇ ਉਸ ਨੂੰ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ। ਸਿ਼ਕਾਇਤ ਕਰਤਾ ਵੱਲੋਂ ਮੈਂਬਰ ਸਾਹਿਬ ਨੂੰ ਦੋਸ਼ੀਆਨ ਖਿਲਾਫ ਕਾਰਵਾਈ ਕਰਨ ਲਈ ਬੇਨਤੀ ਕੀਤੀ । ਇਸ ‘ਤੇ ਸ਼੍ਰੀ ਰਾਜ ਕੁਮਾਰ ਹੰਸ ਵੱਲੋਂ ਐੱਸ. ਐੱਚ. ਓ. ਚੋਹਲਾ ਸਾਹਿਬ ਨੂੰ ਆਦੇਸ਼ ਦਿੱਤੇ ਦੋਸ਼ੀਆਨ ਖਿਲਾਫ ਦਰਜ ਹੋਈ ਐੱਫ. ਆਈ. ਆਰ ਵਿੱਚ ਐੱਸ. ਸੀ. ਐੱਸ. ਟੀ. ਐਕਟ 1989 ਤਹਿਤ ਵਾਧਾ ਜੁਰਮ ਦਰਜ ਕਰਕੇ ਅਤੇ ਦੋਸ਼ੀਆਨ ਦੀ ਗ੍ਰਿਫਤਾਰੀ ਕਰਕੇ ਰਿਪੋਰਟ ਆਉਣ ਵਾਲੇ ਸੋਮਵਾਰ ਤੱਕ ਉਹਨਾਂ ਦੇ ਦਫਤਰ ਚੰਡੀਗੜ੍ਹ ਵਿਖੇ ਭੇਜੀ ਜਾਵੇ।ਇਸ ਮੌਕੇ ਐੱਸ. ਐੱਚ. ਓ, ਚੋਹਲਾ ਸਾਹਿਬ ਅਤੇ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ, ਤਰਨਤਾਰਨ ਆਦਿ ਹਾਜ਼ਰ ਸਨ।