5 Dariya News

ਗਿਣਤੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਗੰਭੀਰ

ਜ਼ਿਲ੍ਹਾ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ਅਤੇ ਮੀਡੀਆ ਸੈਂਟਰਾਂ ਦਾ ਕੀਤਾ ਦੌਰਾ

5 Dariya News

ਹੁਸ਼ਿਆਰਪੁਰ 02-Mar-2022

ਗਿਣਤੀ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਅੱਜ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਪਨੀਤ ਰਿਆਤ ਨੇ ਗਿਣਤੀ ਕੇਂਦਰਾਂ ਅਤੇ ਮੀਡੀਆ ਸੈਂਟਰਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਵਿਚ ਹੋਏ ਮਤਦਾਨ ਲਈ ਗਿਣਤੀ 10 ਮਾਰਚ ਨੂੰ ਹੋਵੇਗੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੋਟਾਂ ਦੀ ਗਿਣਤੀ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਰਿਆਤ-ਬਾਹਰਾ ਇੰਸਟੀਚਿਊਟ ਵਿਚ 6 ਵਿਧਾਨ ਸਭਾ ਹਲਕਿਆਂ ਅਤੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਚ ਇਕ ਵਿਧਾਨ ਸਭਾ ਹਲਕੇ ਦਾ ਸਟਰਾਂਗ ਰੂਮ ਬਣਾਇਆ ਗਿਆ ਹੈ ਅਤੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਦੋਨਾਂ ਸਥਾਨਾਂ ’ਤੇ ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਨਾਂ ਹੀ ਥਾਵਾਂ ’ਤੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਮੀਡਆ ਸੈਂਟਰ ਵੀ ਸਥਾਪਤ ਕੀਤੇ ਜਾ ਰਹੇ ਹਨ।ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸਟਰਾਂਗ ਰੂਮਾਂ ਦੀ ਸੁਰੱਖਿਆ ਲਈ ਸੈਂਟਰ ਆਰਮਡ ਪੁਲਿਸ ਫੋਰਸ (ਸੀ.ਏ.ਪੀ.ਐਫ.) ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਾਰੇ ਸਟਰਾਂਗ ਰੂਮਾਂ ਦੀ 24 ਘੰਟੇ ਨਿਗਰਾਨੀ ਲਈ ਸੀ.ਸੀ.ਟੀ.ਵੀ. ਕੈਮਰਿਆਂ ਸਮੇਤ ਐਲ.ਈ.ਡੀਜ਼ ਸਕਰੀਨਾਂ ਵੀ ਲਗਾਈਆਂ ਗਈਆਂ ਹਨ, ਤਾਂ ਜੋ ਸੁਰੱਖਿਆ ਕਰਮਚਾਰੀਆਂ ਨੂੰ ਹਰ ਗਤੀਵਿਧੀ ਦੀ ਜਾਣਕਾਰੀ ਰਹੇ।  

ਉਨ੍ਹਾਂ ਦੱਸਿਆ ਕਿ ਸਟਰਾਂਗ ਰੂਮਾਂ ਦੇ ਬਾਹਰ ਪੰਡਾਲ ਲਗਾ ਕੇ ਐਲ.ਈ.ਡੀਜ਼ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ, ਜਿਥੇ ਉਮੀਦਵਾਰ 24 ਘੰਟੇ ਲਾਈਵ ਸਟਰੀਮਿੰਗ ਰਾਹੀਂ ਈ.ਵੀ.ਐਮ. ਮਸ਼ੀਨਾਂ ਦੀ ਸੁਰੱਖਿਆ ਦੇਖ ਸਕਦੇ ਹਨ।  ਉਨ੍ਹਾਂ ਦੱਸਿਆ ਕਿ 7 ਵਿਧਾਨ ਸਭਾ ਹਲਕਿਆਂ ਲਈ ਬਣਾਏ ਗਏ ਸਟਰਾਂਗ ਰੂਮਾਂ ਦੀ ਰੋਜ਼ਾਨਾ ਚੈਕਿੰਗ ਕੀਤੀ ਜਾਂਦੀ ਹੈ ਅਤੇ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੁਰੱਖਿਆ ਪ੍ਰਬੰਧਾਂ ਨੂੰ ਬਰਕਰਾਰ ਰੱਖਿਆ ਜਾਵੇ।ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਲਈ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੇ 588 ਕਰਮਚਾਰੀ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਹਰ ਵਿਧਾਨ ਸਭਾ ਹਲਕੇ ਲਈ 84-84 ਕਰਮਚਾਰੀ ਕਾਊਂਟਿੰਗ ਲਈ ਲਗਾਏ ਗਏ ਹਨ, ਜਿਨ੍ਹਾਂ ਵਿਚ ਕਾਊਂਟਿੰਗ ਸੁਪਰਵਾਈਜ਼ਰ, ਕਾਊਂਟਿੰਗ ਮਾਈਕ੍ਰੋ ਅਬਜ਼ਰਵਰ ਤੇ ਕਾਊਂਟਿੰਗ ਐਸਿਸਟੈਂਟ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਦੀ ਗਿਣਤੀ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਹੋਏ ਹੋਵੇਗੀ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਮੁਕੇਰੀਆਂ, ਦਸੂਹਾ, ਉੜਮੁੜ, ਸ਼ਾਮਚੁਰਾਸੀ, ਗੜ੍ਹਸ਼ੰਕਰ, ਹੁਸ਼ਿਆਰਪੁਰ ਅਤੇ ਵਿਧਾਨ ਸਭਾ ਹਲਕਾ ਚੱਬੇਵਾਲ ਦੀ ਗਿਣਤੀ ਰਿਆਤ-ਬਾਹਰਾ ਇੰਸਟੀਚਿਊਟ ਹੁਸ਼ਿਆਰਪੁਰ ਵਿਖੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਯਕੀਨੀ ਬਣਾਈ ਜਾ ਰਹੀ ਹੈ।