5 Dariya News

ਕੇਂਦਰੀ ਹਥਿਆਰਬੰਦ ਸੁਰੱਖਿਆ ਬਲਾਂ, ਪੀ ਏ ਪੀ ਤੇ ਜ਼ਿਲ੍ਹਾ ਪੁਲਿਸ ਦੇ 300 ਸੁਰੱਖਿਆ ਕਰਮਚਾਰੀ ਕਰ ਰਹੇ ਨੇ ਚੌਵੀ ਘੰਟੇ ਈ.ਵੀ.ਐਮਜ਼ ਦੀ ਪਹਿਰੇਦਾਰੀ

ਈ-ਨਿਗਰਾਨੀ ਲਈ ਸੀ ਸੀ ਟੀ ਵੀ ਕੈਮਰੇ ਲਾਏ ਜਾਣ ਤੋਂ ਇਲਾਵਾ ਆਰ ਓ ਦਿਨ ਵਿੱਚ ਦੋ ਵਾਰ ਸਟਰਾਂਗ ਰੂਮਜ਼ ਦੀ ਕਰ ਰਹੇ ਨੇ ਨਜ਼ਰਸਾਨੀ

5 Dariya News

ਨਵਾਂਸ਼ਹਿਰ 25-Feb-2022

ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ ਵਿੱਚ ਮਤਦਾਨ ਬਾਅਦ ਸਟਰਾਂਗ ਰੂਮਜ਼ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਦੀ ਸਖ਼ਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਪੈਰਾ ਮਿਲਟਰੀ ਫੋਰਸ (ਸੀ.ਏ.ਪੀ.ਐਫ.), ਪੰਜਾਬ ਆਰਮਡ ਪੁਲਿਸ ਅਤੇ ਜ਼ਿਲ੍ਹਾ ਪੁਲਿਸ ਵੱਲੋਂ 300 ਦੇ ਕਰੀਬ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਬਲਾਚੌਰ, ਨਵਾਂਸ਼ਹਿਰ ਅਤੇ ਬੰਗਾ ਦੇ ਸਟਰਾਂਗ ਰੂਮਾਂ ਦੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕਰਨ ਪੁੱਜੇ ਮੁੱਖ ਚੋਣ ਅਫ਼ਸਰ ਡਾ: ਐਸ. ਕਰੁਣਾ ਰਾਜੂ, ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਹਰ ਵਿਧਾਨ ਸਭਾ ਹਲਕੇ ਵਿੱਚ ਸਟਰਾਂਗ ਰੂਮਾਂ ਦੇ ਬਾਹਰ ਕੇਂਦਰੀ ਪੈਰਾ ਮਿਲਟਰੀ ਫੋਰਸ ਸਟਰਾਂਗ ਰੂਮਾਂ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਜਾਣ ਤੋਂ ਇਲਾਵਾ, ਸੀ ਸੀ ਟੀ ਵੀ ਕੈਮਰਿਆਂ ਰਾਹੀਂ ਪਾਰਦਰਸ਼ੀ ਅਤੇ ਸਖ਼ਤ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਗਏ ਹਨ। ਇਸ ਮੌਕੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ, ਸੀਨੀਅਰ ਪੁਲਿਸ ਕਪਤਾਨ (ਐੱਸ. ਐੱਸ. ਪੀ.) ਕੰਵਰਦੀਪ ਕੌਰ, ਏ ਡੀ ਸੀ ਜਸਬੀਰ ਸਿੰਘ, ਐਸ ਡੀ ਐਮਜ਼ ਨਵਨੀਤ ਕੌਰ ਬੱਲ, ਦੀਪਕ ਰੋਹੀਲਾ, ਡਾ: ਬਲਜਿੰਦਰ ਸਿੰਘ ਢਿੱਲੋਂ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਸਟਰਾਂਗ ਰੂਮ ਦੇ ਦੂਜੇ ਘੇਰੇ ਦੀ ਸੁਰੱਖਿਆ ਪੰਜਾਬ ਆਰਮਡ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਅਤੇ ਪੰਜਾਬ ਪੁਲਿਸ ਵੱਲੋਂ ਹਰੇਕ ਵਿਧਾਨ ਸਭਾ ਹਲਕੇ ਵਿੱਚ ਸਟਰਾਂਗ ਰੂਮਾਂ ਨੂੰ ਬਾਹਰੀ ਸੁਰੱਖਿਆ ਕਵਰ ਮੁਹੱਈਆ ਕਰਵਾਇਆ ਜਾ ਰਿਹਾ ਹੈ।

 ਉਨ੍ਹਾਂ ਪ੍ਰਬੰਧਾਂ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਕੇਂਦਰਾਂ 'ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਵੋਟਾਂ ਦੀ ਗਿਣਤੀ ਨੂੰ ਨਿਰਵਿਘਨ ਅਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਟਰਾਂਗ ਰੂਮਾਂ ਦੀ ਚੌਵੀ ਘੰਟੇ ਈ-ਨਿਗਰਾਨੀ ਲਈ ਸੀ ਸੀ ਟੀ ਵੀ ਕੈਮਰੇ ਲਗਾਏ ਗਏ ਹਨ, ਜਿਨ੍ਹਾਂ ਦੀ ਫੀਡ ਦਿਖਾਉਣ ਲਈ ਟੀਵੀ ਸਕਰੀਨਾਂ ਲਾਈਆਂ ਗਈਆਂ ਹਨ, ਜਿਨ੍ਹਾਂ ਰਾਹੀਂ ਉਮੀਦਵਾਰ ਜਾਂ ਉਨ੍ਹਾਂ ਦੇ ਨੁਮਾਇੰਦੇ ਈ ਵੀ ਐਮਜ਼ 'ਤੇ ਲਗਾਤਾਰ ਨਜ਼ਰ ਰੱਖ ਸਕਦੇ ਹਨ।  ਸ਼੍ਰੀ ਰਾਜੂ ਨੇ ਦੱਸਿਆ ਕਿ ਹਰੇਕ ਰਿਟਰਨਿੰਗ ਅਫਸਰ ਦਿਨ ਵਿੱਚ ਦੋ ਵਾਰ (ਸਵੇਰੇ ਅਤੇ ਸ਼ਾਮ) ਸਟਰਾਂਗ ਰੂਮਾਂ (ਸਿਰਫ ਅੰਦਰਲੇ ਘੇਰੇ ਤੱਕ) ਦਾ ਦੌਰਾ ਕਰ ਰਿਹਾ ਹੈ ਅਤੇ ਲੌਗ ਬੁੱਕ ਅਤੇ ਵੀਡੀਓਗ੍ਰਾਫੀ ਦੀ ਜਾਂਚ ਕਰਕੇ ਰਿਪੋਰਟ ਭੇਜ ਰਿਹਾ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਤਿੰਨ ਸਟਰਾਂਗ ਰੂਮ ਬਣਾਏ ਗਏ ਹਨ ਜਿਨ੍ਹਾਂ ਵਿੱਚ ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਲਜ ਬਲਾਚੌਰ, ਗੁਰੂ ਨਾਨਕ ਕਾਲਜ ਫ਼ਾਰ ਵੂਮੈਨ ਬੰਗਾ ਅਤੇ ਦੋਆਬਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਛੋਕਰਾਂ, ਰਾਹੋਂ ਨਵਾਂਸ਼ਹਿਰ ਵਿੱਚ ਬਣਾਏ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਵਾਰ ਕੋਵਿਡ ਪ੍ਰੋਟੋਕੋਲ ਨੂੰ ਧਿਆਨ ਵਿੱਚ ਰੱਖਦੇ ਹੋਏ ਹਰੇਕ ਕਾਉਂਟਿੰਗ ਹਾਲ ਵਿੱਚ 14 ਦੀ ਬਜਾਏ ਸੱਤ ਟੇਬਲ ਰੱਖੇ ਜਾਣਗੇ।ਇਸ ਲਈ ਹਰੇਕ ਹਲਕੇ ਵਿੱਚ ਗਿਣਤੀ ਲਈ ਦੋ ਹਾਲ ਹੋਣਗੇ।  ਇਸ ਤੋਂ ਇਲਾਵਾ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਵੀ ਕੀਤੇ ਜਾਣਗੇ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਇਸ ਪ੍ਰਕਿਰਿਆ ਵਿਚ ਕੋਈ ਦਿੱਕਤ ਨਾ ਆਵੇ।ਇਸ ਮੌਕੇ ਐਸ ਪੀ  ਮਨਿੰਦਰਬੀਰ ਸਿੰਘ, ਏ ਐਸ ਪੀ ਜਸਰੂਪ ਕੌਰ ਬਾਠ, ਡੀ ਆਰ ਓ ਅਜੀਤਪਾਲ ਸਿੰਘ ਆਦਿ ਹਾਜ਼ਰ ਸਨ।