5 Dariya News

ਆਪਣੇ ਹੀ ਸ਼ਹਿਰ ਵਿਚ ਅਲੱਗ-ਥਲੱਗ ਪੈ ਗਈ ਹੈ ਪਰਨੀਤ ਕੌਰ : ਰਾਮੂਵਾਲੀਆ

5 ਦਰਿਆ ਨਿਊਜ਼

ਪਟਿਆਲਾ 08-Apr-2014

ਕਾਂਗਰਸ ਵੱਲੋਂ ਪਟਿਆਲਾ ਲੋਕ ਸਭਾ ਹਲਕੇ ਤੋਂ ਉਤਾਰੀ ਗਈ ਉਮੀਦਵਾਰ ਸ੍ਰੀਮਤੀ ਪਰਨੀਤ ਕੌਰ ਇਸ ਸਮੇਂ ਆਪਣੇ ਹੀ ਸ਼ਹਿਰ ਵਿਚ ਅਲੱਗ-ਥਲੱਗ ਪੈ ਗਈ ਲੱਗਦੀ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਖੇਤਰ ਵਿਚ ਉਸ ਨੂੰ ਚੋਣ ਪ੍ਰਚਾਰ ਕਰਨ ਦੇ ਲਈ ਕੋਈ ਵੀ ਸਟਾਰ ਲੀਡਰ ਨਹੀਂ ਮਿਲ ਰਿਹਾ। ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਖੁਦ ਅੰਮ੍ਰਿਤਸਰ ਤੋਂ  ਚੋਣ ਲੜ ਰਹੇ ਹਨ। ਇਸ ਲਈ ਉਨ੍ਹਾਂ ਕੋਲ ਸਮਾਂ ਨਹੀਂ ਹੈ ਕਿ ਉਹ ਆ ਕੇ ਪਰਨੀਤ ਕੌਰ ਦੇ ਲਈ ਪ੍ਰਚਾਰ ਕਰ ਸਕਣ। ਇਸੇ ਪ੍ਰਕਾਰ ਕੈਪਟਨ ਦੇ ਭਰਾ ਰਾਜਾ ਮਾਲਵਿੰਦਰ ਸਿੰਘ ਵੀ ਪਟਿਆਲਾ ਤੋਂ ਅੰਮ੍ਰਿਤਸਰ ਚਲੇ ਗਏ ਹਨ। ਉਨ੍ਹਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਆਪਣੀ ਭਰਜਾਈ ਪਰਨੀਤ ਕੌਰ ਦੇ  ਲਈ ਪ੍ਰਚਾਰ ਨਹੀਂ ਕਰਨਗੇ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਦੇ ਦੌਰਾਨ ਸਮਾਣਾ ਵਿਧਾਨ ਸਭਾ ਹਲਕੇ ਤੋਂ ਪਰਨੀਤ ਕੌਰ ਨੇ ਮਾਲਵਿੰਦਰ ਸਿੰਘ ਦੀ ਟਿਕਟ ਕਟਵਾ ਕੇ ਆਪਣੇ ਬੇਟੇ ਰਣÎਇੰਦਰ ਸਿੰਘ ਨੂੰ  ਚੋਣ ਮੈਦਾਨ ਵਿਚ ਉਤਾਰਿਆ ਸੀ। ਉਸ ਸਮੇਂ ਮਾਲਵਿੰਦਰ ਸਿੰਘ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਸਨ।  ਇਹ ਵਿਚਾਰ ਅਕਾਲੀ ਦਲ  ਦੇ ਸੀਨੀਅਰ ਆਗੂ ਬਲਵੰਤ ਸਿੰਘ ਰਾਮੂਵਾਲੀਆ ਨੇ ਪ੍ਰਗਟ ਕੀਤੇ। 

ਸ. ਰਾਮੂਵਾਲੀਆ ਨੇ ਅੱਗੇ ਕਿਹਾ ਕਿ ਪੰਜਾਬ ਵਿਚ ਉਂਝ ਵੀ ਕਾਂਗਰਸ ਕੋਲ ਕੋਈ ਪ੍ਰਚਾਰਕ ਨਹੀਂ ਹੈ। ਅਮਰਿੰਦਰ ਸਿੰਘ ਅੰਮ੍ਰਿਤਸਰ ਤੋਂ ਚੋਣ ਲੜ ਰਹੇ ਹਨ ਤਾਂ ਪਾਰਟੀ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਇਸ ਸਮੇਂ ਗੁਰਦਾਸਪੁਰ ਵਿਚ ਫਸੇ ਹੋਏ ਹਨ।  ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਪਟਿਆਲਾ ਵਿਚ ਆਉਣਾ ਪਸੰਦ ਹੀ ਨਹੀਂ ਕਰਦੀ ਕਿਉਂਕਿ ਉਨ੍ਹਾਂ ਦਾ ਲੰਮੇ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਟਕਰਾਓ ਚਲਦਾ ਆ ਰਿਹਾ ਹੈ। ਇਸੇ ਪ੍ਰਕਾਰ ਜਗਮੀਤ ਸਿੰਘ ਬਰਾੜ ਵੀ ਪਾਰਟੀ ਤੋਂ ਨਾਰਾਜ਼ ਹਨ ਅਤੇ ਉਹ ਵੀ ਪਰਨੀਤ ਕੌਰ ਦੇ ਲਈ ਪ੍ਰਚਾ ਕਰਨਾ ਪਸੰਦ ਨਹੀਂ ਕਰਦੇ। ਪਟਿਆਲਾ ਹਲਕੇ ਵਿਚ ਪੈਂਦੇ ਹਲਕੇ ਪਟਿਆਲਾ ਦਿਹਾਤੀ ਤੋਂ ਕਾਂਗਰਸ ਦੇ ਵਿਧਾਇਕ ਬ੍ਰਹਮ ਮਹਿੰਦਰਾ ਭਾਵੇਂ ਉਪਰੋਂ ਉਪਰੋਂ ਪਾਰਟੀ ਨਾਲ ਤੁਰ ਰਹੇ ਹਨ ਉਹ ਵੀ ਪਰਨੀਤ ਕੌਰ ਦੇ ਹੱਕ ਵਿਚ ਭੁਗਤਣਾ ਨਹੀਂ ਚਾਹੁੰਦੇ।ਉਨ੍ਹਾਂ ਅੱਗੇ ਕਿਹਾ ਕਿ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਾਵਰ ਸ. ਦੀਪਇੰਦਰ ਸਿੰਘ ਢਿੱਲੋਂ ਨੇ ਆਪਣੇ ਹਲਕੇ ਵਿਚ ਪ੍ਰਚਾਰ ਦੀ ਹਨ੍ਹੇਰੀ ਲਿਆਂਦੀ ਹੋਈ ਹੈ। ਉਨ੍ਹਾਂ ਦੇ ਲਈ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵੀ ਚੋਣ ਪ੍ਰਚਾਰ ਲਈ ਰੈਲੀਆਂ ਨੂੰ ਸੰਬੋਧਨ ਕਰ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੁਆਰਾ ਹੋਰ ਰੈਲੀਆਂ ਕੀਤੇ ਜਾਣ ਦੇ ਪ੍ਰੋਗਰਾਮ ਹਨ। ਇਸ ਤੋਂ ਇਲਾਵਾ ਅਕਾਲੀ ਦਲ ਵਿਚ ਇਸ ਸਮੇਂ ਬਿਲਕੁਲ ਗੁਟਬੰਦੀ ਨਹੀਂ ਹੈ ਅਤੇ ਸਾਰੇ ਅਕਾਲੀ ਲੀਡਰ ਇਕਜੁੱਟ ਹੋ ਕੇ ਸ. ਢਿੱਲੋਂ ਲਈ ਪ੍ਰਚਾਰ ਕਰ ਰਹੇ  ਹਨ। 

ਪਿੰਡਾਂ ਅਤੇ ਸ਼ਹਿਰਾਂ ਵਿਚ ਸ. ਢਿੱਲੋਂ ਨੂੰ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ ਅਤੇ ਪੂਰੇ ਦੇਸ਼ ਵਿਚ ਕਾਂਗਰਸ ਖਿਲਾਫ ਜਿਹੜੀ ਲਹਿਰ ਚੱਲ ਰਹੀ ਹੈ ਉਸ ਦਾ ਲਾਭ ਉਨ੍ਹਾਂ ਨੂੰ ਪੂਰਾ ਪੁੱਜ ਰਿਹਾ ਹੈ। ਲੋਕ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਤੋਂ ਬਹੁਤ ਜ਼ਿਆਦਾ ਦੁਖੀ ਹਨ, ਇਸ ਦੇ ਲਈ ਉਹ ਕਾਂਗਰਸ ਨੂੰ ਹੀ ਦੋਸ਼ੀ ਮੰਨਦੇ ਹਨ। ਇਸ ਲਈ ਉਹ ਨਹੀਂ ਚਾਹੁੰਦੇ ਕਿ ਇਸ ਵਾਰ ਦੇਸ਼ ਵਿਚ ਕਾਂਗਰਸ ਦੀ ਸਰਕਾਰ ਬਣੇ।ਇਕ ਸੀਨੀਅਰ ਕਾਂਗਰਸ ਲੀਡਰ ਨੇ ਆਪਣਾ ਗੁਪਤ ਰੱਖਣ ਦੀ ਸ਼ਰਤ 'ਤੇ ਦੱÎਸਿਆ ਕਿ ਇਸ ਵਾਰ ਪਰਨੀਤ ਕੌਰ ਦੇ ਲਈ ਜਿੱਤਣਾ ਸੌਖਾ ਨਹੀਂ ਹੈ। ਇਸ ਦਾ ਕਾਰਨ ਇਹ ਹੈ ਕਿ ਪਿਛਲੇ ਸਮੇਂ ਦੌਰਾਨ ਪਰਨੀਤ ਕੌਰ ਪਟਿਆਲਾ ਹਲਕੇ ਦੇ ਲਈ ਕੋਈ ਵੱਡਾ ਕੰਮ ਨਹੀਂ ਕਰ ਸਕੀ। ਇਸ ਤੋਂ ਇਲਾਵਾ ਪਰਨੀਤ ਕੌਰ ਨੂੰ ਆਪਣੇ ਤੌਰ 'ਤੇ ਹੀ ਚੋਣ ਪ੍ਰਚਾਰ ਕਰਨਾ ਪੈ ਰਿਹਾ ਹੈ। ਜਦਕਿ ਅਕਾਲੀ ਦਲ  ਦੇ ਸਟਾਰ ਲੀਡਰ ਵੀ ਸ. ਢਿੱਲੋਂ ਨੂੰ ਜਿਤਾਉਣ ਦੇ ਲਈ ਪੂਰੀ ਮਿਹਨਤ ਕਰ ਰਹੇ ਹਨ।ਸ੍ਰ. ਰਾਮੂਵਾਲੀਆ ਨੇ ਕਿਹਾ ਕਿ ਅਜਿਹਾ ਹਾਲ ਸਿਰਫ ਪਟਿਆਲਾ ਵਿਚ ਨਹੀਂ ਬਲਕਿ ਪੂਰੇ ਪੰਜਾਬ ਵਿਚ ਹੈ, ਇਸ ਲਈ ਇਸ ਵਾਰ ਵੀ ਵਿਧਾਨ ਸਭਾ ਚੋਣਾਂ ਦੀ ਤਰ੍ਹਾਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਲੱਕ ਤੋੜਵੀਂ ਹਾਰ ਹੀ ਨਸੀਬ ਹੋਵੇਗੀ।