5 Dariya News

ਤ੍ਰਿਪਤ ਬਾਜਵਾ ਵਲੋਂ ਲੋਕਾਂ ਨੂੰ ਵੋਟ ਦਾ ਇਸਤੇਮਾਲ ਪੂਰੀ ਸੋਚ ਵਿਚਾਰ ਨਾਲ ਕਰਨ ਦੀ ਅਪੀਲ

ਕਿਹਾ, ਅਰਵਿੰਦ ਕੇਜਰੀਵਾਲ ਤੇ ਸੁਖ਼ਬੀਰ ਬਾਦਲ ਦੀ ਅੱਖ ਪੰਜਾਬ ਦਾ ਸਰਮਾਇਆ ਲੁੱਟਣ ਉੱਤੇ

5 Dariya News

ਬਟਾਲਾ 18-Feb-2022

ਫਤਹਿਗੜ੍ਹ ਚੂੜੀਆਂ ਹਲਕੇ ਦੇ ਕਾਂਗਰਸੀ ਉਮੀਦਵਾਰ ਅਤੇ ਸੂਬੇ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਬਟਾਲਾ ਨੇੜਲੇ ਪਿੰਡਾਂ ਵਿਚ ਕੀਤੀਆਂ ਭਰਵੀਆਂ ਚੋਣ ਰੈਲੀਆਂ ਵਿਚ ਹਲਕੇ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਨਾਪਾਕ ਮਨਸੂਬਿਆਂ ਵਿਰੁੱਧ ਚੌਕਸ ਕਰਦਿਆਂ ਕਿਹਾ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਪੂਰੀ ਸੋਚ ਵਿਚਾਰ ਨਾਲ ਕਰਨ ਕਿਉਂਕਿ ਇਹਨਾਂ ਦੋਹਾਂ ਪਾਰਟੀਆਂ ਦੀ ਅੱਖ ਪੰਜਾਬ ਦਾ ਸਰਮਾਇਆ ਲੁੱਟਣ ਉੱਤੇ ਹੀ ਲੱਗੀ ਹੋਈ ਹੈ।ਸ਼੍ਰੀ ਬਾਜਵਾ ਨੇ ਪਿੰਡ ਸੋਹੜਪੁਰ, ਨਵਾਂ ਪਿੰਡ ਮਿਲਖ਼ੀਵਾਲ, ਕਿਲ੍ਹਾ ਲਾਲ ਸਿੰਘ ਅਤੇ ਸ਼ਾਮਪੁਰਾ ਵਿਚ ਹੋਈਆਂ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਆਪਣੀ ਰਬੜ ਦੀ ਮੋਹਰ ਭਗਵੰਤ ਮਾਨ ਰਾਹੀਂ ਪੰਜਾਬ ਦੇ ਲੋਕਾਂ ਉੱਤੇ ਰਾਜ ਕਰਨਾ ਚਾਹੁੰਦਾ ਹੈ।ਉਹਨਾਂ ਕਿਹਾ ਕਿ ਜੇ ਇਹ ਭਾਣਾ ਵਾਪਰ ਜਾਂਦਾ ਹੈ ਤਾਂ ਪੰਜਾਬ ਨੂੰ ਬੜੇ ਹੀ ਭਿਆਨਕ ਦੌਰ ਵਿਚੋਂ ਗੁਜ਼ਰਨਾ ਪਵੇਗਾ ਕਿਉਂਕਿ ਪੰਜਾਬ ਤੇ ਪੰਥ ਵਿਰੋਧੀ ਇਸ ਵਿਅਕਤੀ ਨੂੰ ਪੰਜਾਬ ਦੀ ਰਹਿਤਲ ਦੀ ਹੀ ਸਮਝ ਨਹੀਂ ਹੈ।ਸ਼੍ਰੀ ਬਾਜਵਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਲੁੱਟ ਕੇ ਦਿੱਲੀ ਤੇ ਹਰਿਆਣਾ ਨੂੰ ਦੇਣ, ਟਿਊਬਵੈਲਾਂ ਤੋਂ ਬਿਜਲੀ ਦੇ ਬਿਲ ਵਸੂਲਣ, ਪਰਾਲੀ ਸਾੜਣ ਉੱਤੇ ਪਾਬੰਦੀ ਲਾਉਣਾ ਚਾਹੁੰਦਾ ਹੈ, ਸਰਕਾਰੀ ਮਹਿਕਮਿਆਂ ਵਿਚ ਦਿਹਾੜੀ ਉੱਤੇ ਭਰਤੀ ਅਤੇ ਬਿਜਲੀ ਬੋਰਡ ਭੰਗ ਕਰ ਕੇ ਬਿਜਲੀ ਉਤਪਾਦਨ ਅਤੇ ਸਪਲਾਈ ਦਾ ਕੰਮ ਨਿੱਜੀ ਕੰਪਨੀਆਂ ਨੂੰ ਦੇਣ ਦੇ ਮਨਸੂਬੇ ਬਣਾਈ ਬੈਠਾ ਹੈ।

ਕਾਂਗਰਸੀ ਆਗੂ ਨੇ ਕਿਹਾ ਕਿ ਸੁਖਬੀਰ-ਮਜੀਠੀਆ ਦੀ ਜੋੜੀ ਵੀ ਪੰਜਾਬ ਦੀ ਸਤਾ ਪ੍ਰਾਪਤ ਕਰ ਕੇ ਸੂਬੇ ਵਿਚ ਮੁੜ ਮਾਫ਼ੀਆ ਰਾਜ ਰਾਹੀਂ ਸਾਰੇ ਕਾਰੋਬਾਰ ਆਪਣੇ ਕੰਟਰੋਲ ਵਿਚ ਲੈਣ ਲਈ ਤਹੂ ਹੋਏ ਪਏ ਹਨ।ਉਹਨਾਂ ਕਿਹਾ ਕਿ ਸੁਖਬੀਰ ਬਾਦਲ ਦੇ ਗ੍ਰਹਿ ਮੰਤਰੀ ਹੁੰਦਿਆਂ ਪੰਜਾਬ ਵਿਚ ਪੂਰੀ ਤਰਾਂ ਗੈਂਗਸਟਰਾਂ ਦਾ ਬੋਲਬਾਲਾ ਸੀ, ਦਿਨ ਦਿਹਾੜੇ ਧਾਰਮਿਕ ਤੇ ਸਿਆਸੀ ਆਗੂਆਂ ਦੇ ਕਤਲ ਹੋ ਰਹੇ ਸਨ, ਜੇਲ੍ਹਾਂ ਤੋੜੀਆਂ ਜਾ ਰਹੀਆਂ ਸਨ ਅਤੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਤੇ ਹੋਰ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਹਰ ਰੋਜ਼ ਵਾਪਰ ਰਹੀਆਂ ਸਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਇੱਕ ਸਾਲ ਦੇ ਅੰਦਰ ਅੰਦਰ ਹੀ ਗੈਂਗਸਟਰਾਂ ਨੂੰ ਕਾਬੂ ਕਰ ਕੇ ਪੰਜਾਬ ਵਿਚ ਅਮਨ-ਕਾਨੂੰਨ ਬਹਾਲ ਕੀਤਾ ਸੀ।ਕਾਂਗਰਸ ਸਰਕਾਰ ਦੀ ਮੌਜ਼ੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਥੋੜ੍ਹੇ ਜਿਹੇ ਸਮੇਂ ਵਿਚ ਹੀ ਹਰ ਵਰਗ ਦੇ ਲੋਕਾਂ ਨੂੰ ਵੱਡੀਆਂ ਰਾਹਤਾਂ ਦੇ ਇੱਕ ਸਫ਼ਲ ਪ੍ਰਬੰਧਕ ਤੇ ਲੋਕ ਹਿਤੈਸ਼ੀ ਹੋਣ ਦਾ ਸਬੂਤ ਦੇ ਦਿੱਤਾ।ਉਹਨਾਂ ਹਲਕੇ ਲੋਕਾਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਚਰਨਜੀਤ ਸਿੰਘ ਚੰਨੀ ਨੂੰ ਅਗਲੇ ਪੰਜ ਸਾਲਾਂ ਲਈ ਮੁੱਖ ਮੰਤਰੀ ਬਣਾਉਣ ਲਈ ਉਹ ਇਸ ਹਲਕੇ ਤੋਂ ਕਾਂਗਰਸ ਪਾਰਟੀ ਨੂੰ ਵੱਡੇ ਪੱਧਰ ਉੱਤੇ ਵੋਟਾਂ ਪਾਉਣ।