5 Dariya News

ਆਸ਼ੂ ਬੰਗੜ ਦੇ ਹੱਕ `ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਏ ਲੋਕਾਂ ਦੇ ਸਨਮੁੱਖ

ਸੰਬੋਧਨ ਕਰਦਿਆਂ ਆਸ਼ੂ ਬੰਗੜ ਨੂੰ ਛੋਟਾ ਭਰਾ ਕਰਾਰ ਦਿੰਦਿਆਂ ਹਲਕਾ ਨਿਵਾਸੀਆਂ ਨੂੰ ਹੀਰਾ ਸਾਂਭਣ ਦੀ ਲਾਈ ਗੁਹਾਰ

5 Dariya News

ਫਿ਼ਰੋਜ਼ਪੁਰ 16-Feb-2022

ਕਾਂਗਰਸੀ ਉਮੀਦਵਾਰ ਅਮਰਦੀਪ ਸਿੰਘ ਆਸ਼ੂ ਬੰਗੜ ਨੂੰ ਛੋਟਾ ਭਰਾ ਕਰਾਰ ਦਿੰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨ੍ਹੀ ਨੇ ਹਲਕਾ ਦਿਹਾਤੀ ਦੇ ਵੋਟਰਾਂ ਨੂੰ ਸੁਚੇਤ ਹੋਣ ਦਾ ਦਿੱਤਾ ਹੌਕਾ। ਅੱਜ ਫਿ਼ਰੋਜ਼ਪੁਰ ਪੁੱਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖਾਈ ਟੀ ਪੁਆਇੰਟ `ਤੇ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਿਥੇ ਕਾਂਗਰਸੀ ਉਮੀਦਵਾਰ ਅਮਰਦੀਪ ਸਿੰਘ ਆਸ਼ੂ ਬੰਗੜ ਨੂੰ ਹੀਰਾ ਬੰਦਾ ਕਰਾਰ ਦਿੱਤਾ, ਉਥੇ ਹਲਕਾ ਨਿਵਾਸੀਆਂ ਨੂੰ ਸਾਂਭਣ ਦੀ ਗੁਹਾਰ ਲਗਾਈ। ਵਿਧਾਨ ਸਭਾ ਹਲਕਾ ਫਿ਼ਰੋਜ਼ਪੁਰ ਦਿਹਾਤੀ ਦੇ ਵੋਟਰਾਂ ਨੂੰ ਆਸ਼ੂ ਬੰਗੜ ਦੀ ਜਿੱਤ ਦੀ ਅਪੀਲ ਕਰਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਦੋ ਵਿਧਾਇਕ ਰਮਿੰਦਰ ਆਂਵਲਾ ਅਤੇ ਪਰਮਿੰਦਰ ਸਿੰਘ ਪਿੰਕੀ ਵਿਸ਼ੇਸ਼ ਤੌਰ `ਤੇ ਪੁੱਜੇ, ਜਦੋਂ ਕਿ ਵੱਡੀ ਗਿਣਤੀ ਕਾਂਗਰਸ ਲੀਡਰਸਿ਼ਪ ਨੇ ਪਹੁੰਚ ਕੇ ਆਸ਼ੂ ਬੰਗੜ ਦੇ ਹੱਕ ਵਿਚ ਅਕਾਸ਼ ਗੂੰਜਾਊ ਨਾਅਰੇ ਲਾਏ।ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨ੍ਹੀ ਨੇ ਕਿਹਾ ਕਿ ਫਸਲ ਬਹੁਤ ਹੈ, ਝਾੜ ਵੀ ਇਸੀ ਤਰ੍ਹਾਂ ਆਉਣਾ ਚਾਹੀਦਾ ਹੈ। ਉਨ੍ਹਾਂ ਇਥੋਂ ਤੱਕ ਕਹਿ ਦਿੱਤਾ ਕਿ ਅਮਰਦੀਪ ਸਿੰਘ ਆਸ਼ੂ ਬੰਗੜ ਮੇਰਾ ਛੋਟਾ ਭਾਈ ਹੈ ਅਤੇ ਸਰਕਾਰ ਬਣਦਿਆਂ ਹੀ ਉਹ ਚੈਕ ਹਲਕੇ ਨੂੰ ਭੇਜੇ ਜਾਣਗੇ, ਜਿਸ `ਤੇ ਹਲਕਾ ਨਿਵਾਸੀ ਆਪਣੀ ਮਰਜ਼ੀ ਨਾਲ ਰਕਮ ਭਰ ਸਕਣਗੇ। ਨੌਜਵਾਨੀ ਦੀ ਗੱਲ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਵੈਲਫੇਅਰ ਸਟੇਟ ਹੈ, ਜਿਥੇ ਸਿੱਖਿਆ ਮੁਫਤ ਹੋਣੀ ਚਾਹੀਦੀ ਹੈ ਅਤੇ ਅਸੀਂ ਪੰਜਾਬ ਵਿਚ ਸਕੂਲ, ਕਾਲਜ ਅਤੇ ਯੂਨੀਵਰਸਿਟੀ ਤੱਕ ਪੜ੍ਹਾਈ ਮੁਫਤ ਕਰਾਂਗੇ ਤਾਂ ਜੋ ਨੌਜਵਾਨੀ ਪੜ੍ਹ ਕੇ ਆਪਣੇ ਪੈਰਾਂ ਸਿਰ ਖੜ੍ਹੀ ਹੋਣ ਦੇ ਨਾਲ-ਨਾਲ ਚੰਗਾ-ਮਾੜਾ ਸੋਚ ਸਕੇ। ਹਲਕਾ ਦਿਹਾਤੀ ਦੇ ਉਮੀਦਵਾਰ ਅਮਰਦੀਪ ਸਿੰਘ ਆਸ਼ੂ ਬੰਗੜ ਦੀ ਗੱਲ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਤੁਹਾਨੂੰ ਹੋਣਹਾਰ ਨੌਜਵਾਨ ਉਮੀਦਵਾਰ ਦਿੱਤੈ, ਜੋ ਮੇਰਾ ਛੋਟਾ ਭਾਈ ਹੈ, ਮੇਰਾ ਰਿਸ਼ਤੇਦਾਰ ਹੈ, ਜਿਸ ਦੀ ਸੰਭਾਲ ਤੁਸੀਂ ਕਰਨੀ ਹੈ। ਆਪਣੇ 111 ਦਿਨਾਂ ਦੇ ਕਾਰਜਕਾਲ ਦਾ ਜਿ਼ਕਰ ਕਰਦਿਆਂ 

ਉਨ੍ਹਾਂ ਕਿਹਾ ਕਿ ਬਿਜਲੀ ਦੇ ਮੁਆਫ ਹੋਏ ਬਿੱਲਾਂ ਵਿਚ ਇਸ ਹਲਕੇ ਦੇ ਲੋਕਾਂ ਨੂੰ 100 ਰੁਪਏ ਦਾ ਲਾਭ ਮਿਲਿਆ ਹੈ ਅਤੇ 3 ਰੁਪਏ ਬਿਜਲੀ ਸਸਤੀ ਹੋਣ ਨਾਲ ਲੋਕਾਂ ਨੂੰ ਬਿੱਲਾਂ ਵਿਚ ਕਾਫੀ ਰਾਹਤ ਮਿਲੀ ਹੈ। ਇਸ ਮੌਕੇ ਉਨ੍ਹਾਂ ਸਸਤੇ ਕੀਤੇ ਪਟਰੋਲ ਦਾ ਜਿ਼ਕਰ ਕਰਦਿਆਂ ਕਿਹਾ ਕਿ ਤੁਸੀਂ 5 ਲੀਟਰ ਤੇਲ ਪੁਆਓ ਅਤੇ 50 ਰੁਪਏ ਦਾ ਮੁਨਾਫਾ ਪਾਓ।ਠੇਠ ਪੰਜਾਬੀ ਵਿਚ ਹਲਕਾ ਦਿਹਾਤੀ ਵਿਚ ਬੋਲਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬਾਹਰੀ ਬੰਦਿਆਂ ਨੂੰ ਕੀ ਪਤਾ ਪੰਜਾਬ ਦੇ ਸੱਭਿਆਚਾਰ ਬਾਰੇ, ਇਨ੍ਹਾਂ ਕਿਹੜਾ ਕਦੇ ਪੰਜਾਬ ਦੀਆਂ ਖੇਡਾਂ ਗੁੱਲੀ ਡੰਡ ਆਦਿ ਖੇਡੀਆਂ ਹਨ। ਗੱਲ ਹਾਸੇ ਵਿਚ ਪਾਉਂਦਿਆਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਕਾਂਗਰਸ ਦੀਆਂ ਰੈਲੀਆਂ ਵਿਚ ਖੁਸ਼ੀ-ਖੁਸ਼ੀ ਆ ਰਹੇ ਹੋ, ਉਵੇਂ ਆਮ ਆਦਮੀ ਪਾਰਟੀ ਦੇ ਪੋ੍ਰਗਰਾਮਾਂ ਵਿਚ ਇਹ ਇਉ ਜਾਂਦੇ ਨੇ ਕਿ ਜਿਵੇਂ ਭੋਗ `ਤੇ ਜਾਣਾ ਹੋਵੇ ਅਤੇ 20 ਫਰਵਰੀ ਨੂੰ ਪੰਜਾਬੀਆਂ ਨੇ ਆਪ ਦਾ ਭੋਗ ਪਾ ਹੀ ਦੇਣੈ। ਕੇਜਰੀਵਾਲ `ਤੇ ਸ਼ਬਦੀ ਹਮਲੇ ਕਰਦਿਆਂ ਚਰਨਜੀਤ ਸਿੰਘ ਚੰਨ੍ਹੀ ਨੇ ਕਿਹਾ ਕਿ ਬਾਹਰਲੇ ਬੰਦੇ ਨੂੰ ਰਾਜ ਨਹੀਂ ਦੇਣਾ, ਕਾਂਗਰਸ ਨੇ ਗੱਡੀਆਂ ਗਰੀਬਾਂ ਦੇ ਘਰਾਂ ਨੂੰ ਮੋੜੀਆਂ ਹੁਣ ਤੁਸੀਂ ਮੌਕਾ ਸਾਂਭ ਲਵੋ। ਕੇਜਰੀਵਾਲ ਦੇ ਚੋਣ ਨਿਸ਼ਾਨ ਝਾੜੂ `ਤੇ ਹਸਦਿਆਂ ਉਨ੍ਹਾਂ ਕਿਹਾ ਕਿ ਝਾੜੂ ਨਾਲ ਕਲੇਸ਼ ਹੋ ਜਾਂਦੈ, ਇਸ ਨੂੰ ਦੂਰ ਹੀ ਰੱੱਖਿਓ। ਪੰਜਾਬ ਵਿਚ ਵਹਿ ਰਹੀ ਕਾਂਗਰਸ ਦੀ ਹਵਾ ਦਾ ਜਿ਼ਕਰ ਕਰਦਿਆਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਤੁਹਾਡੀ ਸਰਕਾਰ ਬਣਦਿਆਂ ਹੀ ਪਹਿਲੇ ਦਸਤਖਤ ਇਕ ਲੱਖ ਨੌਕਰੀਆਂ ਪਰ ਹੋਣਗੇ ਤਾਂ ਜੋ ਕਗਾਰੀ ਦੇ ਰਾਹ ਚੱਲ ਰਹੇ ਨੌਜਵਾਨਾਂ ਦਾ ਭਵਿੱਖ ਉਜਵਲ ਹੋ ਸਕੇ। ਬੀਬੀਆਂ ਦਾ ਜਿ਼ਕਰ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰ੍ਰੀਮਤੀ ਪ੍ਰਿਯੰਕਾ ਗਾਂਧੀ ਵੱਲੋਂ ਘਰਾਂ ਦੀ ਰਸੋਈ ਲਈ ਹਰ ਸਾਲ ਬੀਬੀਆਂ ਨੂੰ 8 ਸਿਲੰਡਰ ਮੁਫਤ ਦੇਣ ਦੇ ਨਾਲ-ਨਾਲ 11 ਸੋ ਰੁਪਏ ਸਨਮਾਨ ਭੱਤਾ ਦੇਣ ਦਾ ਵਾਅਦਾ ਕੀਤਾ ਹੈ, ਜੋ ਸਰਕਾਰ ਬਣਦਿਆਂ ਹੀ ਪੂਰਨ ਹੋਵੇਗਾ। ਇਸ ਮੌਕੇ ਸੀਨੀਅਰ ਕਾਂਗਰਸ ਲੀਡਰਸਿ਼ਪ ਸਮੇਤ ਵੱਡੀ ਗਿਣਤੀ ਇਲਾਕੇ ਦੇ ਸਰਪੰਚਾਂ, ਪੰਚਾਂ, ਨੰਬਰਦਾਰਾਂ, ਬਲਾਕ ਸੰਮਤੀ ਮੈਂਬਰ ਅਤੇ ਹਲਕਾ ਨਿਵਾਸੀਆਂ ਨੇ ਸਿ਼ਰਕਤ ਕੀਤੀ।