5 Dariya News

ਲੋਕ ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਸਬਕ ਸਿਖਾਉਣ : ਰਾਘਵ ਚੱਢਾ

ਅਮਰਗੜ੍ਹ ਵਿਖੇ ਜਸਵੰਤ ਸਿੰਘ ਗੱਜਣਮਾਜਰਾ ਲਈ ਰਾਘਵ ਚੱਢਾ ਨੇ ਕੀਤਾ ਚੋਣ ਪ੍ਰਚਾਰ

5 Dariya News

ਅਮਰਗੜ੍ਹ (ਮਲੇਰਕੋਟਲਾ) 14-Feb-2022

ਆਮ ਆਦਮੀ ਪਾਰਟੀ (ਆਪ) ਦੇ ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਪਾਰਟੀ ਉਮੀਦਵਾਰ ਜਸਵੰਤ ਸਿੰਘ ਗੱਜਣਮਾਜਰਾ ਦੇ ਹੱਕ ਵਿੱਚ ਅਮਰਗੜ੍ਹ ਵਿਖੇ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਤਿੱਖੇ ਹਮਲੇ ਕੀਤੇ ਅਤੇ ਮੁੱਖ ਮੰਤਰੀ ਚੰਨੀ ਦੇ ਗਰੀਬ ਹੋਣ ਦੇ ਦਾਅਵੇ 'ਤੇ ਵੀ ਸਵਾਲ ਚੁੱਕੇ। ਚੱਢਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਆਗੂਆਂ ਨੇ ਪੰਜਾਬ ਨੂੰ ਲੁੱਟਿਆ ਹੈ, ਹੁਣ ਸਾਰਿਆਂ ਨੇ ਮਿਲ ਕੇ ਉਨ੍ਹਾਂ ਆਗੂਆਂ ਨੂੰ ਸਬਕ ਸਿਖਾਉਣਾ ਹੈ।ਸੋਮਵਾਰ ਨੂੰ ਉਮੀਦਵਾਰ ਜਸਵੰਤ ਸਿੰਘ ਗੱਜਣਮਾਜਰਾ ਦੇ ਹੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਹਨੀ ਨੇ ਈ.ਡੀ ਕੋਲ ਕਬੂਲ ਕੀਤਾ ਕਿ ਚੰਨੀ ਦੇ 111 ਦਿਨਾਂ ਦੇ ਕਾਰਜਕਾਲ ਵਿੱਚ 325 ਕਰੋੜ ਰੁਪਏ ਇੱਕਠੇ ਕੀਤੇ ਹਨ। ਇੱਕ ਦਿਨ ਦਾ 3 ਕਰੋੜ ਰੁਪਏ ਤਿਜੌਰੀ ਵਿੱਚ ਪੈਦਾ ਹੈ। ਐਨਾ ਪੈਸਾ ਤਾਂ ਬਾਦਲਾਂ ਦੀ ਤਿਜੌਰੀ ਵਿੱਚ ਵੀ ਨਹੀਂ ਪੈਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਕਹਿੰਦਾ ਕਿ ਉਹ ਆਟੋ ਚਲਾਉਂਦਾ ਸੀ, ਟੈਂਟ ਲਾਉਂਦਾ ਸੀ ਅਤੇ ਪੈਂਚਰ ਬਣਾਉਂਦਾ ਸੀ। 

ਪਰ ਕਿਸੇ ਆਟੋ ਚਲਾਉਣ ਵਾਲੇ ਕੋਲ ਕਰੋੜਾਂ ਰੁਪਏ ਨਹੀਂ ਹਨ। ਕਿਸੇ ਟੈਂਟ ਵਾਲੇ ਕੋਲ ਲਗਜ਼ਰੀ ਕਾਰ ਨਹੀਂ। ਕਿਸੇ ਪੈਂਚਰ ਬਣਾਉਣ ਵਾਲੇ ਕੋਲ ਕਰੋੜਾਂ ਦੀਆਂ ਜਾਇਦਾਦਾਂ ਨਹੀਂ ਹਨ।ਰਾਘਵ ਚੱਢਾ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾਅਵਾ ਕਰਦੇ ਹਨ ਕਿ ਉਹ ਇੱਕ ਗਰੀਬ ਵਿਅਕਤੀ ਹਨ, ਪਰ ਉਨ੍ਹਾਂ ਦੇ ਰਿਸਤੇਦਾਰ ਭੁਪਿੰਦਰ ਸਿੰਘ ਹਨੀ 'ਤੇ ਇਨਫੋਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਛਾਪਾ ਮਾਰ ਕੇ 10 ਕਰੋੜ ਰੁਪਏ ਨਗਦ, 54 ਲੱਖ ਦੀਆਂ ਬੈਂਕ ਦੀਆਂ ਐਂਟਰੀਆਂ, 16 ਲੱਖ ਦੀ ਘੜੀ, ਲਗਜ਼ਰੀ ਕਾਰ ਅਤੇ ਕਰੋੜਾਂ ਰੁਪਏ ਦੀ ਜਾਇਦਾਦ ਦੇ ਕਾਗਜ ਬਰਾਮਦ ਕੀਤੇ ਹਨ। ਉਨ੍ਹਾਂ ਚੰਨੀ ਨੂੰ ਪੁੱਛਿਆ ਕਿ ਐਨੀ ਦੌਲਤ ਹਨੀ ਕੋਲ ਕਿੱਥੋਂ ਆਈ?ਚੱਢਾ ਨੇ ਦਾਅਵਾ ਕੀਤਾ, ''ਅਸੀਂ ਚੰਗੇ ਲੋਕ ਹਾਂ, ਚੰਗੇ ਕੰਮ ਕਰਾਂਗੇ। ਇਮਾਨਦਾਰ ਹਾਂ ਅਤੇ ਇਮਾਨਦਾਰ ਰਹਾਂਗੇ।'' ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ 'ਆਪ' ਦੇ ਆਗੂ  ਇਮਾਨਦਾਰ ਰਹਿਣਗੇ। ਇਸ ਲਈ ਲੋਕ ਭਰੋਸਾ ਕਰਕੇ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ 'ਝਾੜੂ' ਵਾਲਾ ਬਟਨ ਦੱਬ ਕੇ ਇੱਥੋਂ ਦੇ ਉਮੀਦਵਾਰ ਜਸਵੰਤ ਸਿੰਘ ਗੱਜਣਮਾਜਰਾ ਨੂੰ ਕਾਮਯਾਬ ਕਰਨ। ਇਸ ਮੌਕੇ ਉਮੀਦਵਾਰ ਜਸਵੰਤ ਸਿੰਘ ਗੱਜਣਮਾਜਰਾ ਨੇ ਰਾਘਵ ਚੱਢਾ ਅਤੇ ਹੋਰ ਪਾਰਟੀ ਆਗੂਆਂ ਦਾ ਧੰਨਵਾਦ ਕੀਤਾ।