ਵਿਕਾਸ ਦੇ ਗੁਣਗਾਨ ਕਰਨ ਵਾਲੇ ਵਿਧਾਇਕ ਇਕ ਵਾਰ ਕਾਲੋਨੀਆਂ ਦਾ ਮੰਦੀ ਹਾਲਤ ਵੇਖਣ : ਸੰਜੀਵ ਵਸ਼ਿਸ਼ਟ
5 Dariya News
ਮੋਹਾਲੀ 13-Feb-2022
ਪਿਛਲੇ 15 ਸਾਲਾਂ ਤੋਂ ਮੋਹਾਲੀ ਤੋਂ ਵਿਧਾਇਕ ਬਣੇ ਕਾਂਗਰਸ ਪਾਰਟੀ ਦੇ ਬਲਬੀਰ ਸਿੰਘ ਸਿੱਧੂ ਹੁਣ ਚੋਣਾਂ ਸਮੇਂ ਹਰ ਪਾਸੇ ਵਿਕਾਸ ਦੇ ਗੁਣਗਾਨ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਹਰ ਪਾਸੇ ਵਿਕਾਸ ਦੀ ਗੰਗਾ ਵਹਾ ਦਿੱਤੀ ਹੈ। ਪਰ ਸਾਡੇ ਮਾਣਯੋਗ ਵਿਧਾਇਕ ਜੀ ਬਸ ਕਾਲੋਨੀਆਂ ਵਿਚ ਆ ਕੇ ਉੱਥੋਂ ਦੀ ਹਾਲਤ ਦੇਖ ਕੇ ਦੱਸੋ ਕੀ ਇਹ ਵਿਕਾਸ ਹੈ ਜੋ ਪਿਛਲੇ 15 ਸਾਲਾਂ ਵਿਚ ਕੀਤਾ ਹੈ। ਇਹ ਗੱਲਾਂ ਮੁਹਾਲੀ ਤੋਂ ਭਾਜਪਾ ਦੇ ਉਮੀਦਵਾਰ ਸੰਜੀਵ ਵਸ਼ਿਸ਼ਟ ਨੇ ਐਤਵਾਰ ਨੂੰ ਏਕਤਾ ਕਾਲੋਨੀ ਬਲੌਂਗੀ ਵਿਖੇ ਆਪਣੇ ਚੋਣ ਪ੍ਰਚਾਰ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਨਾਲ ਲੱਗਦੀਆਂ ਕਾਲੋਨੀਆਂ ਏਕਤਾ ਕਾਲੋਨੀ, ਬਡ ਮਾਜਰਾ, ਆਦਰਸ਼ ਕਾਲੋਨੀ, ਊਧਮ ਸਿੰਘ ਕਾਲੋਨੀ, ਜੁਝਾਰ ਨਗਰ, ਝਾਂਮਪੁਰ ਆਦਿ ਕਾਲੋਨੀਆਂ ਦੀ ਹਾਲਤ ਬਹੁਤ ਮਾੜੀ ਹੈ। ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਬਿਮਾਰੀਆਂ ਫੈਲ ਰਹੀਆਂ ਹਨ। ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਰਹੇ ਹਨ। ਪਰ ਇਸ ਵਿਚ ਕਸੂਰ ਸਾਡੇ ਵਿਧਾਇਕ ਸਾਹਿਬ ਦਾ ਨਹੀਂ ਸਗੋਂ ਸਾਡੇ ਸਾਰਿਆਂ ਦਾ ਹੈ। ਕਿਉਂਕਿ ਪਿਛਲੇ 15 ਸਾਲਾਂ ਤੋਂ ਅਸੀਂ ਉਸ 'ਤੇ ਅੰਨ੍ਹਾ ਭਰੋਸਾ ਕਰਦੇ ਆ ਰਹੇ ਹਾਂ।
ਵਸ਼ਿਸ਼ਟ ਨੇ ਕਿਹਾ ਕਿ ਕਿਸੇ 'ਤੇ ਇਕ ਵਾਰ ਵਿਸ਼ਵਾਸ ਕਰਨਾ ਸਾਡਾ ਧਰਮ ਹੈ, ਹਾਲਾਂਕਿ ਦੂਜੀ ਵਾਰ ਵਿਸ਼ਵਾਸ ਕੀਤਾ ਜਾ ਸਕਦਾ ਹੈ। ਪਰ ਉਸ ਤੋਂ ਬਾਅਦ ਵੀ ਜੇਕਰ ਉਹ ਵਿਅਕਤੀ ਸਾਡੀਆਂ ਲੋੜਾਂ ਪੂਰੀਆਂ ਨਹੀਂ ਕਰਦਾ ਤਾਂ ਤੀਜੀ ਵਾਰ ਵਿਸ਼ਵਾਸ ਕਰਨਾ ਸਾਡੀ ਵੱਡੀ ਗ਼ਲਤੀ ਹੋ ਨਿੱਬੜਦੀ ਹੈ । ਅਸੀਂ ਸਾਰੇ ਪਿਛਲੇ 15 ਸਾਲਾਂ ਤੋਂ ਅਜਿਹਾ ਕਰਦੇ ਆ ਰਹੇ ਹਾਂ। ਪਰ ਹੁਣ ਸਮਾਂ ਆ ਗਿਆ ਹੈ ਕਿ ਲੋਕਾਂ ਨੂੰ ਆਪਣੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦਿਆਂ ਬਦਲਾਅ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਦੀ ਮੋਦੀ ਸਰਕਾਰ ਬਾਕੀ ਭਾਜਪਾ ਸਾਸਤ ਰਾਜਾਂ ਵਿਚ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰ ਰਹੀ ਹੈ, ਉਨ੍ਹਾਂ ਸਹੂਲਤਾਂ ਦਾ ਲਾਭ ਪੰਜਾਬ ਦੇ ਲੋਕਾਂ ਤੱਕ ਵੀ ਪਹੁੰਚਾਇਆ ਜਾਣਾ ਚਾਹੀਦਾ ਹੈ। ਇਸ ਦੇ ਲਈ ਲੋਕਾਂ ਨੂੰ ਸੰਕਲਪ ਲੈਣਾ ਹੋਵੇਗਾ ਅਤੇ ਪੰਜਾਬ ਦੀ ਭਾਜਪਾ ਸਰਕਾਰ ਨੂੰ ਇੱਕ ਵਾਰ ਮੌਕਾ ਦੇਣਾ ਹੋਵੇਗਾ।ਵਸ਼ਿਸ਼ਟ ਨੇ ਕਿਹਾ ਕਿ ਵਿਧਾਇਕ ਬਲਬੀਰ ਸਿੰਘ ਸਿੱਧੂ ਵੱਲੋਂ ਹਰ ਪਾਸੇ ਵਿਕਾਸ ਦੇ ਗੀਤ ਗਾਏ ਜਾ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਹੀ ਮੋਹਾਲੀ ਵਿਚ ਵਿਕਾਸ ਦੀ ਹਨੇਰੀ ਲਿਆ ਦਿੱਤੀ ਹੈ। ਪਰ ਅਸਲ ਵਿਕਾਸ ਮੁਹਾਲੀ ਸ਼ਹਿਰ ਦਾ ਨਹੀਂ ਸਗੋਂ ਉਸ ਦਾ ਅਤੇ ਉਸ ਦੇ ਪਰਿਵਾਰ ਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਸਾਹਿਬ ਇਹ ਗੱਲਾਂ ਕਰਨ ਤੋਂ ਪਹਿਲਾਂ ਜੇਕਰ ਆ ਕੇ ਕਾਲੋਨੀਆਂ ਨੂੰ ਵੇਖਦੇ ਤਾਂ ਉਨ੍ਹਾਂ ਦੇ ਦਾਅਵਿਆਂ ਦੀ ਫੂਕ ਨਿਕਲ ਜਾਣੀ ਸੀ । ਇੱਥੋਂ ਦੀਆਂ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ। ਸੀਵਰੇਜ ਦਾ ਕੋਈ ਢੁਕਵਾਂ ਪ੍ਰਬੰਧ ਨਹੀਂ ਹੈ।
ਬਲੌਂਗੀ ਦੇ ਨਾਲ ਲੱਗਦੀ ਅੰਬੇਡਕਰ ਕਾਲੋਨੀ ਵਿਚ ਜਾ ਕੇ ਦੇਖਿਆ ਕਿ ਉੱਥੇ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਰਿਹਾ ਹੈ ਅਤੇ ਲੋਕ ਉੱਥੇ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਪੀਣ ਵਾਲੇ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਲੈਣ ਲਈ ਲੋਕਾਂ ਨੂੰ ਡੇਢ ਤੋਂ ਦੋ ਕਿੱਲੋਮੀਟਰ ਪੈਦਲ ਜਾਣਾ ਪੈਂਦਾ ਹੈ। ਵਸ਼ਿਸ਼ਟ ਨੇ ਕਿਹਾ ਕਿ ਲੋਕਾਂ ਨੇ ਵੀ ਇਨ੍ਹਾਂ ਸਾਰੀਆਂ ਗੱਲਾਂ ਤੋਂ ਪ੍ਰੇਸ਼ਾਨ ਹੋ ਕੇ ਆਪਣਾ ਮਨ ਬਣਾ ਲਿਆ ਹੈ ਅਤੇ ਇਸ ਵਾਰ ਉਨ੍ਹਾਂ ਨੇ ਆਪਣੇ ਮਨ ਵਿਚ ਬਦਲਾਅ ਕਰਨ ਦੀ ਗੱਲ ਉਲੀਕੀ ਹੈ।ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲੋਕਾਂ 'ਚ ਭਾਜਪਾ ਪ੍ਰਤੀ ਭਾਰੀ ਉਤਸ਼ਾਹ ਦਿਖਾਈ ਦੇ ਰਿਹਾ ਹੈ, ਉਸ ਤੋਂ ਲਗਦਾ ਹੈ ਕਿ ਇਸ ਵਾਰ ਪੰਜਾਬ 'ਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ । ਭਾਜਪਾ ਸਰਕਾਰ ਵਿਚ ਪੰਜਾਬ 'ਚ ਉਹ ਸਾਰੀਆਂ ਸਹੂਲਤਾਂ ਮਿਲਣਗੀਆਂ ਜੋ ਹੁਣ ਤੱਕ ਮੋਦੀ ਸਰਕਾਰ ਨੇ ਦਿੱਤੀਆਂ ਹਨ। ਇਸ ਤੋਂ ਪਹਿਲਾਂ ਕਾਂਗਰਸੀ ਸਰਕਾਰ ਨੇ ਆਪਣੇ ਨਿੱਜੀ ਸਵਾਰਥ ਕਰਕੇ ਕੇਂਦਰੀ ਯੋਜਨਾਵਾਂ ਨੂੰ ਲੋਕਾਂ ਤੱਕ ਨਹੀਂ ਪਹੁੰਚਣ ਦਿੱਤਾ ਗਿਆ ਉਨ੍ਹਾਂ ਲੋਕਾਂ ਨੂੰ ਹੱਥ ਜੋੜ ਕੇ ਭਾਜਪਾ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕ ਇੱਕ ਵਾਰ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਾਉਣ ਦਾ ਸੰਕਲਪ ਲੈਣ ਤਾਂ ਅਗਲੀਆਂ ਚੋਣਾਂ ਵਿਚ ਲੋਕ ਖ਼ੁਦ ਭਾਜਪਾ ਨੂੰ ਪਹਿਲ ਦੇਣਗੇ। ਕਿਉਂਕਿ ਭਾਜਪਾ ਹੀ ਅਜਿਹੀ ਪਾਰਟੀ ਹੈ ਜੋ ਗ਼ਰੀਬਾਂ ਅਤੇ ਲੋੜਵੰਦਾਂ ਦੇ ਹਿਤਾਂ ਬਾਰੇ ਸੋਚਦੀ ਹੈ।