5 Dariya News

ਭਾਰਤੀ ਚੋਣ ਕਮਿਸ਼ਨ ਨੇ ਬਿਜਲਈ ਮੀਡੀਆ 'ਤੇ ਖਬਰਾਂ ਦੀ ਨਿਗਰਾਨ ਵਿਵਸਥਾ ਨੂੰ ਬਣਾਇਆ ਹੋਰ ਅਸਰਦਾਰ

ਵਧੀਕ ਮੁੱਖ ਚੋਣ ਅਧਿਕਾਰੀ ਵਲੋਂ ਵਿਸ਼ੇਸ਼ ਸੈਲ ਦੇ ਕੰਮਕਾਜ ਦਾ ਜਾਇਜ਼ਾ

5 ਦਰਿਆ ਨਿਊਜ਼

ਚੰਡੀਗੜ੍ਹ 07-Apr-2014

ਵਧੀਕ ਮੁੱਖ ਚੋਣ ਅਧਿਕਾਰੀ ਰਮਿੰਦਰ ਸਿੰਘ ਵਲੋਂ ਅੱਜ ਮੀਡੀਆ ਸਰਟੀਫੀਕੇਸ਼ਨ ਤੇ ਮੋਨੀਟਰਿੰਗ ਕਮੇਟੀ ਦੇ ਬਾਕੀ ਮੈਂਬਰਾਂ ਨਾਲ ਬਿਜਲਈ  ਮੀਡੀਆ 'ਤੇ ਪੇਡ ਨਿਊਜ਼ ਨੂੰ ਰੋਕਣ ਲਈ ਇਕ ਵਿਸ਼ੇਸ਼ ਵਰਕਸ਼ਾਪ ਲਗਾਈ ਗਈ।ਅੱਜ ਇੱਥੇ ਵਰਕਸ਼ਾਪ ਦੌਰਾਨ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸ. ਰਮਿੰਦਰ ਸਿੰਘ ਨੇ ਕਿਹਾ ਕਿ ਪੇਡ ਨਿਊਜ਼ ਰੋਕਣ ਲਈ ਸੈੱਲ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਹੂ-ਬ-ਹੂ ਲਾਗੂ ਕੀਤਾ ਜਾਵੇ ਅਤੇ ਇਕ ਨਿਰਧਾਰਿਤ ਪ੍ਰੋਫਾਰਮੇ 'ਤੇ ਸਾਰੇ ਮੁੱਖ ਚੈਨਲਾਂ ਵਲੋਂ ਪੇਸ਼ ਕੀਤੀਆਂ ਜਾਂਦੀਆਂ ਖਬਰਾਂ ਬਾਰੇ ਰਿਪੋਰਟ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਪੇਡ ਨਿਊਜ਼ ਨੂੰ ਰੋਕਣ ਲਈ ਭਾਰਤੀ ਚੋਣ ਕਮਿਸ਼ਨ ਬਹੁਤ ਗੰਭੀਰ ਹੈ, ਜਿਸ ਵਿਚ ਇਹ ਸੈੱਲ ਬਹੁਤ ਵੱਡਾ ਰੋਲ ਨਿਭਾ ਸਕਦਾ ਹੈ।ਵਧੀਕ ਮੁੱਖ ਚੋਣ ਅਧਿਕਾਰੀ ਵਲੋਂ ਨਿਗਰਾਨ ਸੈੱਲ ਦਾ ਇਹ ਦੂਜਾ ਦੌਰਾ ਸੀ ਤੇ ਉਨ੍ਹਾਂ ਵਲੋਂ ਸੈੱਲ ਦੇ ਕੰਮਕਾਜ ਨੂੰ ਹੋਰ ਬਿਹਤਰ ਬਣਾਉਣ ਲਈ ਕੁਝ ਹਦਾਇਤਾਂ ਵੀ ਦਿੱਤੀਆਂ ਗਈਆਂ। ਇਸ ਮੌਕੇ ਸੰਯੁਕਤ ਮੁੱਖ ਚੋਣ ਅਧਿਕਾਰੀ ਸ੍ਰੀ ਅਮਿਤ ਤਲਵਾਰ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸ੍ਰੀ ਅਸ਼ਵਨੀ ਕੁਮਾਰ ਵੀ ਹਾਜ਼ਰ ਸਨ।