ਭਾਜਪਾ ਦਾ ਵਧਦਾ ਗਰਾਫ਼ ਦੇਖ ਕੇ ਵਿਰੋਧੀਆਂ 'ਚ ਬੌਖਲਾਹਟ ਦਾ ਮਾਹੌਲ : ਸੰਜੀਵ ਵਸ਼ਿਸ਼ਟ
5 Dariya News
ਮੋਹਾਲੀ 10-Feb-2022
ਭਾਜਪਾ ਉਮੀਦਵਾਰ ਨੇ ਕਿਹਾ ਹੈ ਕਿ ਮੋਹਾਲੀ ਹਲਕੇ ਵਿਚ ਭਾਜਪਾ ਦਾ ਵੱਧ ਰਿਹਾ ਗਰਾਫ਼ ਦੇਖ ਕੇ ਵਿਰੋਧੀ ਬੌਖਲਾਹਟ ਵਿਚ ਹਨ। ਲੋਕਾ ਵੱਲੋਂ ਦਿਤੇ ਜਾ ਰਹੇ ਭਰਵੇਂ ਹੁੰਗਾਰੇ ਸਦਕਾ ਹੁਣ ਵਿਰੋਧੀ ਪਾਰਟੀਆਂ ਨੂੰ ਆਪਣੀ ਹਾਰ ਵਿਖਾਈ ਦੇ ਰਹੀ ਹੈ। ਇਨਾ ਗੱਲਾਂ ਦਾ ਪ੍ਰਗਟਾਵਾ ਸੰਜੀਵ ਵਸ਼ਿਸ਼ਟ ਨੇ ਮੋਹਾਲੀ ਦੇ ਮੋਢੀ ਪਿੰਡ ਮੋਹਾਲੀ ਪਿੰਡ ਵਿਚ ਡੋਰ ਟੂ ਡੋਰ ਚੋਣ ਮੁਹਿੰਮ ਦੌਰਾਨ ਕੀਤਾ। ਇਸ ਦੌਰਾਨ ਭਾਜਪਾ ਉਮੀਦਵਾਰ ਨੇ ਮੋਹਾਲੀ ਪਿੰਡ ਵਿਚ ਇਕ ਮੀਟਿੰਗ ਵੀ ਕੀਤੀ। ਜਿੱਥੇ ਵੱਡੀ ਗਿਣਤੀ ਵਿਚ ਲੋਕਾਂ ਨੇ ਇਕੱਠੇ ਹੋ ਕੇ ਸੰਜੀਵ ਵਸ਼ਿਸ਼ਟ ਦਾ ਸੰਬੋਧਨ ਸੁਣਿਆ। ਵਸ਼ਿਸ਼ਟ ਨੇ ਕਿਹਾ ਕਿ ਭਾਜਪਾ ਨੇ ਜਿੱਥੇ ਇਕ ਪਾਸੇ ਦੇਸ਼ ਦੇ ਹਿਤ ਵਿਚ ਕੰਮ ਕਰਦੇ ਹੋਏ ਹੁਣ ਤੱਕ ਭ੍ਰਿਸ਼ਟਾਚਾਰ ਮੁਕਤ ਅਤੇ ਕਰੋਨਾ ਕਾਲ ਵਿਚ ਵੀ ਦੇਸ਼ ਦੀ ਮਜ਼ਬੂਤ ਆਰਥਿਕ ਸਥਿਤੀ ਨੂੰ ਮਜ਼ਬੂਤ ਰੱਖਿਆਂ। ਉੱਥੇ ਹੀ ਭਾਜਪਾ ਸਰਕਾਰਾਂ ਵਾਲੇ ਰਾਜਾਂ ਵਿਚ ਜੋ ਬਿਹਤਰੀਨ ਨਿਆਂ ਪ੍ਰਣਾਲੀ, ਆਰਥਿਕ ਪੱਖੋਂ ਮਜ਼ਬੂਤੀ, ਸਿਹਤ, ਸਿੱਖਿਆਂ, ਰੁਜ਼ਗਾਰ ਅਤੇ ਸਮਾਜਿਕ ਸੁਰੱਖਿਆ ਪ੍ਰਦਾਨ ਕਰਵਾਈ ਹੈ। ਉਸ ਨਾਲ ਹੁਣ ਸਭ ਵਿਰੋਧੀ ਪਾਰਟੀਆਂ ਕੋਲ ਭਾਜਪਾ ਖ਼ਿਲਾਫ਼ ਕੋਈ ਮੁੱਦਾ ਨਹੀਂ ਹੈ। ਲੋਕਾਂ ਵੱਲੋਂ ਭਾਜਪਾ ਵਿਚ ਵਿਸ਼ਵਾਸ ਵੇਖਦੇ ਹੋਏ ਹੁਣ ਵਿਰੋਧੀਆਂ ਵਿਚ ਘਬਰਾਹਟ ਦਾ ਮਾਹੌਲ ਹੈ।ਵਸ਼ਿਸ਼ਟ ਨੇ ਕਿਹਾ ਕਿ ਹੁਣ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਲੋਕਾਂ ਨੂੰ ਡਰਾ-ਧਮਕਾ ਰਹੇ ਹਨ। ਲੋਕਾਂ ਨੂੰ ਸਮਾਨ ਵੰਡਣ, ਉਨ੍ਹਾਂ ਉੱਪਰ ਝੂਠੇ ਪਰਚੇ ਪਾਉਣ ਜਾਂ ਡਰਾਉਣ ਧਮਕਾਉਣ ਨਾਲ ਵੋਟਾਂ ਨਹੀਂ ਮਿਲਦੀਆਂ, ਬਲਕਿ ਲੋਕ ਹਿਤ ਵਿਚ ਕੰਮ ਕਰਕੇ ਹੀ ਵੋਟਾਂ ਮਿਲਦੀਆਂ ਹਨ। ਜੋ ਹੁਣ ਤੱਕ ਭਾਜਪਾ ਵੱਲੋਂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਜਾਰੀ ਕੀਤਾ ਗਿਆ 11 ਸੂਤਰੀ ਏਜੰਡਾ ਪੰਜਾਬ ਦੇ ਹਿਤ ਵਿਚ ਹੈ ਅਤੇ ਲੋਕ ਭਾਜਪਾ ਨੂੰ ਵੋਟਾਂ ਪਾਉਣ ਦਾ ਮਨ ਬਣਾ ਚੁਕੇ ਹਨ। ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਕੇਂਦਰ ਦੀ ਅੰਮ੍ਰਿਤ ਯੋਜਨਾ ਤਹਿਤ ਕਰੋੜਾਂ ਰੁਪਏ ਦੀ ਲਾਗਤ ਨਾਲ ਪਿੰਡਾਂ ਅਤੇ ਸ਼ਹਿਰ ਵਿਚ ਵਿਕਾਸ ਕਾਰਜ ਕਰਵਾਏ ਗਏ ਹਨ। ਪਰ ਪਿਛਲੇ ਪੰਜ ਸਾਲਾਂ ਤੋਂ ਸ਼ਹਿਰ ਵਿਚ ਗੁੰਡਾਗਰਦੀ ਕਰ ਰਹੇ ਕੁੱਝ ਲੋਕ ਕੇਂਦਰ ਦੀਆਂ ਸਕੀਮਾਂ ਦਾ ਸਿਹਰਾ ਲੈ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।ਵਸ਼ਿਸ਼ਟ ਨੇ ਕਿਹਾ ਕਿ ਜਨਤਾ ਸਭ ਜਾਣਦੀ ਹੈ ਕਿ ਕਿਹੜੀ ਪਾਰਟੀ ਉਨ੍ਹਾਂ ਦੇ ਹਿਤ ਵਿਚ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੈ ਅਤੇ ਜੇਕਰ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣੀ ਤਾਂ ਇੱਥੇ ਡਬਲ ਇੰਜਨ ਵਾਲੀ ਸਰਕਾਰ ਵਿਚ ਰਿਕਾਰਡ ਤੋੜ ਵਿਕਾਸ ਹੋਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਮੋਹਾਲੀ ਵਿਚ ਗੁੰਡਾਗਰਦੀ ਅਤੇ ਕਾਨੂੰਨ ਵਿਵਸਥਾ ਨੂੰ ਹੱਥ ਵਿਚ ਲੈ ਕੇ ਜ਼ਮੀਨਾਂ ਤੇ ਕਬਜ਼ੇ ਕਰਨ ਅਤੇ ਲੋਕਾਂ ਤੇ ਝੂਠੇ ਪਰਚੇ ਕਰਨ ਲਈ ਸਾਬਕਾ ਸਿਹਤ ਮੰਤਰੀ ਦਾ ਨਾਮ ਆਉਂਦਾ ਰਿਹਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਖ਼ਾਸ ਆਦਮੀ ਕੁਲਵੰਤ ਸਿੰਘ ਤੇ ਵੀ ਕਾਲੋਨੀਆਂ ਕੱਟਣ ਲਈ ਜ਼ਮੀਨਾਂ ਦੇ ਕਬਜ਼ੇ ਕਰਨ ਦੇ ਇਲਜ਼ਾਮ ਲੱਗ ਰਹੇ ਹਨ। ਭਾਜਪਾ ਦੀ ਸਰਕਾਰ ਆਉਣ ਤੇ ਭੂ-ਮਾਫੀਆ ਅਤੇ ਰੇਤ ਮਾਫ਼ੀਆ ਦਾ ਸੰਪੂਰਨ ਖ਼ਾਤਮਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਲੋਕਾਂ ਖ਼ਿਲਾਫ਼ ਜੋ ਝੂਠੇ ਪਰਚੇ ਦਰਜ ਕੀਤੇ ਗਏ ਹਨ। ਉਹ ਵੀ ਭਾਜਪਾ ਦੀ ਸਰਕਾਰ ਆਉਂਦੇ ਹੀ ਸਾਰੇ ਪਰਚੇ ਰੱਦ ਕਰਵਾਉਂਦੇ ਹੋਏ ਜ਼ਮੀਨਾਂ ਸਿਰਫ਼ ਲੋੜਵੰਦਾਂ ਨੂੰ ਹੀ ਦਿੱਤੀਆਂ ਜਾਣਗੀਆਂ ।ਵਸ਼ਿਸ਼ਟ ਨੇ ਕਿਹਾ ਕਿ ਭਾਜਪਾ ਦਾ ਮੁੱਖ ਟੀਚਾ ਮੋਹਾਲੀ ਦੇ ਨੌਜਵਾਨਾਂ ਨੂੰ ਸ਼ਾਂਤਮਈ ਮਾਹੌਲ ਸਮੇਤ ਰੁਜ਼ਗਾਰ ਮੁਹੱਈਆ ਕਰਵਾਉਣਾ ਅਤੇ ਔਰਤਾਂ ਨੂੰ ਸੁਰੱਖਿਆ ਦੇਣ ਦੇ ਨਾਲ-ਨਾਲ ਹਲਕੇ ਵਿਚ ਵਿਕਾਸ ਦੀ ਗੰਗਾ ਵਹਾਉਣਾ ਹੈ।