ਮੋਹਾਲੀ ਨੂੰ ਉਦਯੋਗਿਕ ਹੱਬ ਬਣਾ ਕੇ ਨੌਜਵਾਨਾਂ ਲਈ ਲਿਆਂਦੇ ਜਾਣਗੇ ਬਿਹਤਰੀਨ ਨੌਕਰੀ ਦੇ ਮੌਕੇ : ਸੰਜੀਵ ਵਿਸ਼ਿਸ਼ਟ
5 Dariya News
ਮੋਹਾਲੀ 07-Feb-2022
ਪੰਜਾਬ ਦੇ ਸਭ ਤੋ ਆਧੁਨਿਕ ਸ਼ਹਿਰ ਮੋਹਾਲੀ ਨੂੰ ਆਈ ਹੱਬ ਬਣਾ ਕੇ ਵਿਸ਼ਵ ਪੱਧਰ ਤੇ ਪਹਿਚਾਣ ਦਿਵਾਉਣਾ ਹੀ ਮੇਰਾ ਮੁੱਖ ਉਦੇਸ਼ ਹੈ। ਇਸ ਉਪਰਾਲੇ ਦੇ ਪੂਰਾ ਹੋਣ ਨਾਲ ਵੱਡੀਆਂ-ਵੱਡੀਆਂ ਅੰਤਰਰਾਸ਼ਟਰੀ ਕੰਪਨੀਆਂ ਦੇ ਮੋਹਾਲੀ ਵਿਚ ਆਉਣ ਕਰਕੇ ਜਿੱਥੇ ਨੌਕਰੀਆਂ ਦੇ ਮੌਕੇ ਵਧਣਗੇ ਉੱਥੇ ਹੀ ਅੰਤਰ ਰਾਸ਼ਟਰੀ ਸੁਵਿਧਾਵਾਂ ਦਾ ਆਉਣਾ ਲਾਜ਼ਮੀ ਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮੋਹਾਲੀ ਤੋਂ ਭਾਜਪਾ, ਸੰਯੁਕਤ ਅਕਾਲੀ ਦਲ ਅਤੇ ਪੰਜਾਬ ਲੋਕ ਕਾਂਗਰਸ ਦੇ ਸਾਂਝੇ ਉਮੀਦਵਾਰ ਸੰਜੀਵ ਵਿਸ਼ਿਸ਼ਟ ਨੇ ਫ਼ੇਜ਼ ਇਕ ਦੇ ਇੰਡਸਟਰੀਅਲ ਏਰੀਆ ਵਿਚ ਵੋਟਰਾਂ ਨਾਲ ਇਕ ਮੁਲਾਕਾਤ ਦੌਰਾਨ ਕੀਤਾ ਗਿਆ।ਇੰਡਸਟਰੀਅਲ ਏਰੀਆ ਦੇ ਲੋਕਾਂ ਨੇ ਸੰਜੀਵ ਵਿਸ਼ਿਸ਼ਟ ਨੂੰ ਦੱਸਿਆਂ ਕਿ ਉਨ੍ਹਾਂ ਦੇ ਇਲਾਕੇ ਵਿਚ ਸੜਕਾਂ ਵਿਚ ਵੱਡੇ ਵੱਡੇ ਟੋਏ ਪੈ ਚੁੱਕੇ ਹਨ। ਜਿੱਥੋਂ ਗੱਡੀਆਂ ਕੱਢਣਾ ਤਾਂ ਦੂਰ ਪੈਦਲ ਚੱਲਣਾ ਵੀ ਔਖਾ ਹੋ ਜਾਂਦਾ ਹੈ। ਥਾਂ-ਥਾਂ ਗੰਦਗੀ ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਜਦ ਕਿ ਸਿਹਤ ਸੇਵਾਵਾਂ ਵਿਚ ਹਸਪਤਾਲ ਵਿਚ ਡਾਕਟਰਾਂ ਦੀ ਵੱਡੇ ਪੱਧਰ ਤੇ ਕਮੀ ਹੈ। ਮੋਹਾਲੀ ਦੇ ਏ ਐੱਸ ਆਈ ਹਸਪਤਾਲ ਦੀ ਮਾੜੀ ਹਾਲਤ ਵੀ ਕਿਸੇ ਤੋਂ ਲੁਕੀ ਨਹੀਂ ਹੈ ਜਿਸ ਦਾ ਖ਼ੁਲਾਸਾ ਵੋਟਾਂ ਤੋਂ ਪਹਿਲਾਂ ਖ਼ੁਦ ਸੰਜੀਵ ਵਿਸ਼ਿਸ਼ਟ ਨੇ ਕੀਤਾ ਸੀ।
ਸੰਜੀਵ ਵਿਸ਼ਿਸ਼ਟ ਨੇ ਹਾਜ਼ਰ ਇਕੱਠ ਦੀਆਂ ਮੁਸ਼ਕਲਾਂ ਸੁਣਦੇ ਹੋਏ ਕਿਹਾ ਕਿ ਕਾਂਗਰਸੀਆਂ ਨੇ ਸਿਰਫ਼ ਆਪਣੇ ਫ਼ਾਇਦੇ ਸੋਚਦੇ ਹੋਏ ਪੰਜ ਸਾਲ ਲੰਘਾ ਦਿਤੇ। ਜਿਸ ਦੇ ਸਿੱਟੇ ਵਜੋਂ ਕਾਂਗਰਸੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਚੱਲਦਿਆਂ ਨਾ ਸਿਰਫ਼ ਸੂਬੇ ਵਿਚੋਂ ਉਦਯੋਗ ਪਲਾਇਨ ਕਰਕੇ ਦੂਜੇ ਰਾਜਾਂ ਵਿਚ ਗਏ । ਬਲਕਿ ਇਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਘਟਦੇ ਚਲੇ ਗਏ। ਮੋਹਾਲੀ ਵਿਚ ਵੀ ਕਾਂਗਰਸੀ ਵਿਧਾਇਕ ਬਲਬੀਰ ਸਿੱਧੂ ਨੇ ਜਿੱਤਣ ਤੋਂ ਬਾਅਦ ਕਦੀ ਉਦਯੋਗਪਤੀਆਂ ਅਤੇ ਇੰਡਸਟਰੀਅਲ ਏਰੀਆ ਦੀਆਂ ਮੁਸ਼ਕਲਾਂ ਵੱਲ ਕਦੀ ਨਿਗਾਹ ਨਹੀਂ ਮਾਰੀ ਜਿਸ ਕੇ ਮੋਹਾਲੀ ਵਿਚੋਂ ਵੀ ਵੱਡੇ ਪੱਧਰ ਤੇ ਉਦਯੋਗ ਪਲਾਇਨ ਕਰਕੇ ਦੂਜੇ ਰਾਜਾਂ ਵਿਚ ਚਲੇ ਗਏ। ਹੁਣ ਭਾਜਪਾ ਦੀ ਸਰਕਾਰ ਆਉਣ ਤੇ ਉਦਯੋਗਾਂ ਦੀ ਖ਼ਾਸ ਨੀਤੀ ਲਿਆਂਦੀ ਜਾਵੇਗੀ ਜਿਸ ਵਿਚ ਮੋਹਾਲੀ ਅਤੇ ਲੁਧਿਆਣਾ ਦਾ ਖ਼ਾਸ ਸਥਾਨ ਹੋਵੇਗਾ। ਮੋਹਾਲੀ ਵਿਚ ਇੰਡਸਟਰੀਅਲ ਏਰੀਆ ਵਿਚ ਬਿਹਤਰੀਨ ਸੁਵਿਧਾਵਾਂ ਲਿਆਂਦੀਆਂ ਜਾਣਗੀਆਂ। ਇਸ ਲਈ ਭਾਜਪਾ ਦੀ ਸਰਕਾਰ ਲਿਆਉਣਾ ਜ਼ਰੂਰੀ ਹੋ ਜਾਂਦਾ ਹੈ। ਪੰਜਾਬ ਵਿਚ ਭਾਜਪਾ ਦੀ ਡਬਲ ਇੰਜਨ ਸਰਕਾਰ ਆਉਣ ਤੇ ਹੀ ਵਿਕਾਸ ਦੀਆਂ ਨਵੀਆਂ ਲੀਹਾਂ ਤੁਰ ਸਕਦੀਆਂ ਹਨ ਅਤੇ ਨਵੇਂ ਪੰਜਾਬ ਦੀ ਸਿਰਜਣਾ ਹੋ ਸਕਦੀ ਹੈ।