ਸਿਟੀ ਟਰਾਂਸਪੋਰਟ ਮੋਹਾਲੀ ਅਤੇ ਆਸਪਾਸ ਦੇ ਇਲਾਕਿਆਂ ਦੀ ਅਹਿਮ ਲੋੜ : ਰਵਨੀਤ ਬਰਾੜ
ਮੋਹਾਲੀ ਨੂੰ ਪੜੇ ਲਿਖੇ, ਜਮੀਨ ਨਾਲ ਜੁੜੇ, ਇਮਾਨਦਾਰ ਅਤੇ ਦੂਰਦਰਸ਼ੀ ਸੋਚ ਵਾਲੇ ਵਿਧਾਇਕ ਦੀ ਲੋੜ
5 Dariya News
ਮੋਹਾਲੀ 04-Feb-2022
ਸੰਯੁਕਤ ਸਮਾਜ ਮੋਰਚੇ ਦੇ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਉਮੀਦਵਾਰ ਰਵਨੀਤ ਬਰਾੜ ਨੇ ਮੌਜੂਦਾ ਸਮੇਂ ਵਿੱਚ ਸਿਟੀ ਟਰਾਂਸਪੋਰਟ ਦੀ ਬਿਹਤਰ ਕੁਨੈਕਟੀਵਿਟੀ ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਮੋਹਾਲੀ ਵਾਸੀ ਉਨ੍ਹਾਂ ਨੂੰ ਬਤੌਰ ਉਮੀਦਵਾਰ ਮੌਕਾ ਦਿੰਦੇ ਹਨ ਤਾਂ ਮੋਹਾਲੀ ਸ਼ਹਿਰ ਅਤੇ ਨਾਲ ਲੱਗਦੇ ਪਿੰਡਾਂ ਦੇ ਨਾਲ ਨਾਲ ਟ੍ਰਾਈਸਿਟੀ ਵਿੱਚ ਵੀ ਬਿਹਤਰ ਪਬਲਿਕ ਟਰਾਂਸਪੋਰਟ ਅਤੇ ਸਿਟੀ ਟਰਾਂਸਪੋਰਟ ਦੀ ਸੁਵਿਧਾ ਦਿੱਤੀ ਜਾਵੇਗੀ।ਹਲਕੇ ਦੇ ਪਿੰਡ ਮਟਰਾਂ, ਬੜੀ, ਸਿਉਂ, ਪੱਤੋਂ, ਕੁਰੜਾ , ਕੁਰੜੀ, ਸੇਖਨਮਾਜਰਾ, ਝਾਮਪੁਰ, ਜੁਝਾਰ ਨਗਰ, ਬੱਲੋਮਾਜਰਾ, ਬਹਿਲੋਲਪੁਰ (ਮਸਜਿਦ) ਵਿਖੇ ਚੋਣ ਪ੍ਰਚਾਰ ਦੌਰਾਨ ਬੋਲਦਿਆਂ ਬਰਾੜ ਨੇ ਕਿਹਾ ਕਿ ਜੇਕਰ ਉਹ ਵਿਧਾਇਕ ਬਣਦੇ ਹਨ ਤਾਂ ਉਹ ਯਕੀਨੀ ਬਣਾਉਣਗੇ ਕਿ ਸਿਟੀ ਟਰਾਂਸਪੋਰਟ ਸੁਵਿਧਾਵਾ ਇੰਨੀਆਂ ਬਿਹਤਰ ਹੋਣ ਕਿ ਹਰ ਇੱਕ 15 ਮਿੰਟ ਬਾਅਦ ਯਾਤਰੀਆਂ ਨੂੰ ਬੱਸ ਮਿਲੇ ਅਤੇ ਚੰਡੀਗਡ਼੍ਹ, ਮੋਹਾਲੀ, ਜ਼ੀਰਕਪੁਰ ਵਿਚਕਾਰ ਪਬਲਿਕ ਟਰਾਂਸਪੋਰਟ ਦੀ ਕੁਨੈਕਟੀਵਿਟੀ ਪੂਰੇ ਉੱਤਰ ਭਾਰਤ ਵਿੱਚ ਸਭ ਤੋਂ ਵਧੀਆ ਹੋਵੇ।ਇਸਦੇ ਨਾਲ ਹੀ ਉਨ੍ਹਾਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਮੋਹਾਲੀ ਹਲਕੇ ਦੇ ਪਿੰਡਾਂ ਵਿੱਚ ਵੀ ਲਿੰਕ ਰੋਡ ਅਤੇ ਟਰਾਂਸਪੋਰਟ ਦੀ ਸੁਵਿਧਾਵਾਂ ਬਿਹਤਰ ਹੋਣ ਤਾਂ ਜੋ ਪਿੰਡ ਵਾਸੀਆਂ ਨੂੰ ਸ਼ਹਿਰ ਆਉਣ ਹੁਣ ਲਈ ਅਤੇ ਸ਼ਹਿਰ ਤੋਂ ਵਾਪਸ ਪਿੰਡ ਜਾਣ ਲਈ ਕਿਸੇ ਕਿਸਮ ਦੀ ਦਿੱਕਤ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਚੋਣ ਪ੍ਰਚਾਰ ਦੌਰਾਨ ਆਪਣਾ ਰੋਡ ਮੈਪ ਰੱਖਦਿਆਂ ਕਿਹਾ ਕਿ ਮੋਹਾਲੀ ਨੂੰ ਪੜੇ ਲਿਖੇ, ਜਮੀਨ ਨਾਲ ਜੁੜੇ, ਇਮਾਨਦਾਰ, ਸਾਫ ਸੁਥਰੀ ਇਮੇਜ ਅਤੇ ਦੂਰਦਰਸ਼ੀ ਸੋਚ ਵਾਲੇ ਵਿਧਾਇਕ ਦੀ ਲੋੜ ਹੈ। ਉਨ੍ਹਾਂ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਮੋਹਾਲੀ ਦੇ ਸਰਬਪੱਖੀ ਵਿਕਾਸ ਲਈ ਇਸ ਵਾਰ ਇੱਕ ਇਮਾਨਦਾਰ ਉਮੀਦਵਾਰ ਨੂੰ ਮੌਕਾ ਦੇਣ ਤਾਂ ਜੋ ਸਮੁੱਚੇ ਮੋਹਾਲੀ ਵਿੱਚ ਬਿਨਾਂ ਕਿਸੇ ਭੇਦ ਭਾਵ ਦੇ ਮੋਹਾਲੀ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਜਾਇਆ ਜਾ ਸਕੇ।