5 Dariya News

ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਫੇਜ਼ 3 ਬੀ 2 ਵਿੱਚ ਬਲਬੀਰ ਸਿੰਘ ਸਿੱਧੂ ਦੇ ਹੱਕ ਵਿੱਚ ਵਿਸ਼ਾਲ ਰੈਲੀ

ਕੜਾਕੇ ਦੀ ਠੰਢ ਵਿੱਚ ਤਿੰਨ ਘੰਟੇ ਬਲਬੀਰ ਸਿੰਘ ਸਿੱਧੂ ਨੂੰ ਸੁਣਨ ਲਈ ਬੈਠੇ ਰਹੇ ਇਲਾਕੇ ਦੇ ਵਸਨੀਕ

5 Dariya News

ਮੁਹਾਲੀ 03-Feb-2022

ਮੁਹਾਲੀ ਦੇ ਡਿਪਟੀ ਮੇਅਰ ਕੁੱਲ ਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਸਥਾਨਕ ਫੇਸ 3 ਬੀ 2 ਦੇ ਪਾਰਕ ਵਿਚ  ਕਾਂਗਰਸ ਪਾਰਟੀ ਦੇ ਮੋਹਾਲੀ ਹਲਕੇ ਤੋਂ ਉਮੀਦਵਾਰ ਬਲਬੀਰ ਸਿੰਘ ਸਿੱਧੂ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਦੇ ਹੱਕ ਵਿੱਚ ਵਿਸ਼ਾਲ ਰੈਲੀ ਕੀਤੀ ਗਈ। ਕੜਾਕੇ ਦੀ ਠੰਢ ਵਿੱਚ ਲਗਪਗ ਤਿੰਨ ਘੰਟੇ ਚੱਲੇ ਇਸ ਪ੍ਰੋਗਰਾਮ ਵਿੱਚ ਲੋਕਾਂ ਦਾ ਇਕੱਠ ਵੇਖਦਿਆਂ ਹੀ ਬਣਦਾ ਸੀ। ਖ਼ਾਸ ਤੌਰ ਤੇ ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਔਰਤਾਂ ਵੀ ਸ਼ਾਮਲ ਹੋਈਆਂ  ਤੇ ਪ੍ਰੋਗਰਾਮ ਦੇ ਅਖੀਰ ਤਕ ਲੋਕ ਆਗੂਆਂ ਦੇ ਵਿਚਾਰ ਸੁਣਨ ਲਈ  ਇੱਥੇ ਜੁਟੇ ਰਹੇ। ਇਸ ਰੈਲੀ ਵਿਚ ਸਾਬਕਾ ਸਿਹਤ ਮੰਤਰੀ ਅਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਸੁਜਾਨਪੁਰ ਤੋਂ ਵਿਧਾਇਕ ਰਾਜਿੰਦਰ ਰਾਣਾ (ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਦੇ ਉਮੀਦਵਾਰ ਪ੍ਰੇਮ ਸਿੰਘ ਧੂਮਲ ਨੂੰ ਹਰਾਇਆ), ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਮੁਹਾਲੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਰਾਣਾ, ਸਾਬਕਾ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਡਾ ਮਨਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਇਸ ਮੌਕੇ ਬੋਲਦਿਆਂ ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਮੁਹਾਲੀ ਨੂੰ ਆਪਣਾ ਪਰਿਵਾਰ ਸਮਝਿਆ ਹੈ ਅਤੇ ਮੁਹਾਲੀ ਵਾਸੀਆਂ ਦੇ ਹਰ ਦੁੱਖ ਸੁੱਖ ਵਿੱਚ ਪਰਿਵਾਰਕ ਮੈਂਬਰ ਵਜੋਂ  ਅੱਗੇ ਹੋ ਕੇ ਖੜ੍ਹਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੁਹਾਲੀ ਵਿਚ ਉਹ ਅਹਿਮ ਵਿਕਾਸ ਪ੍ਰਾਜੈਕਟ ਲਿਆਂਦੇ ਹਨ ਜੋ ਪਿਛਲੀਆਂ ਕਿਸੀ ਸਰਕਾਰਾਂ ਨੇ ਸੋਚਿਆ ਵੀ ਨਹੀਂ। 

ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਮੈਡੀਕਲ ਕਾਲਜ ਬਣ ਕੇ ਤਿਆਰ ਹੈ ਤੇ ਇਸ ਸੈਸ਼ਨ ਤੋਂ ਕਲਾਸਾਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ, 350 ਬੈਡ ਦਾ ਹਸਪਤਾਲ ਸੈਕਟਰ 66 ਵਿੱਚ ਬਣ ਰਿਹਾ ਹੈ, ਫੇਸ 3 ਬੀ 1 ਵਿੱਚ ਮਾਅਰਕੇ ਦਾ ਕਮਿਊਨਿਟੀ ਸੈਂਟਰ ਬਣ ਰਿਹਾ ਹੈ ਜਦੋਂਕਿ 30 ਬੈੱਡਾਂ ਦਾ ਹਸਪਤਾਲ ਇਥੇ ਫੇਜ਼ ਵਿੱਚ ਸ਼ੁਰੂ ਵੀ ਹੋ ਗਿਆ ਹੈ  ਜਿੱਥੋਂ ਦਾ ਆਪ੍ਰੇਸ਼ਨ ਥੀਏਟਰ ਅੱਵਲ ਦਰਜੇ ਦਾ ਹੈ ਅਤੇ ਮੁਹਾਲੀ ਵਿਚ ਹੀ ਇਕ ਬਹੁਤ ਵੱਡੀ ਲੈਬਾਰਟਰੀ ਖੋਲ੍ਹਣ ਜਾ ਰਹੀ ਹੈ ਜਿਥੇ ਉਹ ਟੈਸਟ ਹੋ ਸਕਣਗੇ ਜਿਨ੍ਹਾਂ ਦੇ ਸੈਂਪਲ ਪਹਿਲਾਂ ਪੁਣੇ ਜਾਂ ਬੰਗਲੌਰ ਭੇਜਣੇ ਪੈਂਦੇ ਸਨ। ਇਸੇ ਤਰ੍ਹਾਂ ਲਾਂਡਰਾਂ ਵਿਖੇ ਲੱਗਦੇ ਜਾਮ ਤੋਂ ਲੋਕਾਂ ਨੂੰ ਨਿਜਾਤ ਦਿਵਾਈ ਗਈ ਹੈ, ਮੁਹਾਲੀ ਵਿੱਚ ਦੋ ਫਾਇਰ ਸਟੇਸ਼ਨ ਬਣਾਏ ਗਏ ਹਨ ਇਕ ਵੱਡੇ ਆਡੀਟੋਰੀਅਮ ਦੀ ਉਸਾਰੀ ਸ਼ੁਰੂ ਹੋ ਗਈ ਹੈ ਜਦੋਂ ਕਿ ਨਵਾਂ ਬੱਸ ਸਟੈਂਡ ਬਣਾਉਣ ਵਾਸਤੇ ਤਿਆਰੀ ਮੁਕੰਮਲ ਹੋ ਚੁੱਕੀ ਹੈ।ਉਨ੍ਹਾਂ ਕਿਹਾ ਕਿ ਜਦੋਂ ਵਿਰੋਧੀ ਧਿਰ ਕੋਲ ਕੋਈ ਮੁੱਦਾ ਨਹੀਂ ਬਚਦਾ ਤਾਂ ਉਹ ਸਿਰਫ਼ ਵਿਰੋਧਤਾ ਲਈ ਉਨ੍ਹਾਂ ਦੇ ਖਿਲਾਫ ਝੂਠੀਆਂ ਬਿਆਨਬਾਜ਼ੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗਊਸ਼ਾਲਾ ਦੀ ਜ਼ਮੀਨ ਦੱਬਣ ਦੇ ਦੋਸ਼ ਉਨ੍ਹਾਂ ਉੱਤੇ ਲੱਗਦੇ ਹਨ ਪਰ ਉੱਥੇ 900 ਦੇ ਲਗਪਗ ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਹੋ ਰਹੀ ਹੈ ਅਤੇ ਕੋਈ ਵੀ ਕਿਸੇ ਵੀ ਸਮੇਂ ਜਾ ਕੇ ਉਥੇ ਦੇਖ ਸਕਦਾ ਹੈ  ਕਿ ਕਿੰਨੇ ਬਿਹਤਰ ਢੰਗ ਨਾਲ ਪਸ਼ੂਆਂ ਦੀ ਸੇਵਾ ਹੁੰਦੀ ਹੈ।ਇਸ ਮੌਕੇ ਬੋਲਦਿਆਂ ਹਿਮਾਚਲ ਪ੍ਰਦੇਸ਼ ਦੇ ਸੁਜਾਨਪੁਰ ਤੋਂ ਵਿਧਾਇਕ ਰਾਜਿੰਦਰ ਰਾਣਾ ਨੇ ਕਿਹਾ ਕਿ ਉਹ ਆਗੂ ਜੋ ਲੋਕਾਂ ਦੇ ਵਿੱਚ ਵਿਚਰਦੇ ਹਨ ਉਨ੍ਹਾਂ  ਨੂੰ ਇਲਾਕਾ ਵਾਸੀ ਚੋਣਾਂ ਵੇਲੇ ਹਮੇਸ਼ਾ ਵੋਟਾਂ ਨਾਲ ਨਿਵਾਜਦੇ ਹਨ। ਉਨ੍ਹਾਂ ਕਿਹਾ ਕਿ ਬਲਬੀਰ ਸਿੰਘ ਸਿੱਧੂ ਮੋਹਾਲੀ ਦੇ ਲੋਕਾਂ ਵਿਚ ਐਨਾ ਜ਼ਿਆਦਾ ਘੁਲਿਆ ਮਿਲਿਆ ਹੋਇਆ ਹੈ ਕਿ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਜੇ ਬਲਬੀਰ ਸਿੰਘ ਸਿੱਧੂ ਖਿਲਾਫ ਲੜਨ ਤਾਂ ਉਹ ਵੀ ਮੁਹਾਲੀ ਵਿੱਚ ਜਿੱਤ ਹਾਸਲ ਨਹੀਂ ਕਰ ਸਕਦੇ। 

ਉਨ੍ਹਾਂ ਕਿਹਾ ਕਿ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਸੀਨੀਅਰ ਡਿਪਟੀ ਮੇਅਰ ਦੀ ਚੋਣ ਲੜਨ ਵਾਲੇ ਅਮਰੀਕ ਸਿੰਘ ਸੋਮਲ ਨੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਉਮੀਦਵਾਰ ਕੁਲਵੰਤ ਸਿੰਘ ਨੂੰ ਕੁਝ ਸਮਾਂ ਪਹਿਲਾਂ ਹੀ ਵੱਡੇ ਫ਼ਰਕ ਨਾਲ ਹਰਾਇਆ।ਇਸ ਤੋਂ ਪਹਿਲਾਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸਾਰੇ ਪਤਵੰਤਿਆਂ ਨੂੰ ਜੀ ਆਇਆਂ ਆਖਦਿਆਂ   ਸਮੂਹ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਗੂਆਂ ਦੇ ਵਿਚਾਰ ਸੁਣਨ ਲਈ ਅਤੇ ਆਪਣਾ ਪੂਰਾ ਸਮਾਂ ਦਿੱਤਾ  ਫਿਰ ਕੜਾਕੇ ਦੀ  ਠੰਢ ਵਿੱਚ ਵੀ ਬੈਠੇ ਰਹੇ।ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਰਗਾ ਆਗੂ ਮੋਹਾਲੀ ਵਿਚ ਦੂਜਾ ਨਹੀਂ ਮਿਲਣਾ ਜੋ ਕਿਸੇ ਵੀ ਸਮੇਂ ਲੋਕਾਂ ਨੂੰ ਉਪਲੱਬਧ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਵਾਸਤੇ ਹਮੇਸ਼ਾ ਤਤਪਰ  ਹੈ। ਉਨ੍ਹਾਂ ਕਿਹਾ ਕਿ ਬਾਕੀ ਦੇ ਜੋ ਵੀ ਉਮੀਦਵਾਰ ਮੈਦਾਨ ਵਿੱਚ ਹਨ ਫਸਲੀ ਬਟੇਰੇ ਹਨ ਅਤੇ ਸਿਰਫ਼ ਸੱਤਾ ਦੇ ਲਾਲਚਵੱਸ ਮੈਦਾਨ ਵਿੱਚ ਆਏ ਹਨ। ਉਨ੍ਹਾਂ ਕਿਹਾ ਕਿ ਨਾ ਤਾਂ ਇਹ ਚੋਣਾਂ ਤੋਂ ਪਹਿਲਾਂ ਕਿਸੇ ਨੂੰ ਦਿਖਾਈ ਦਿੱਤੇ ਹਨ ਅਤੇ ਨਾ ਹੀ ਇਸ ਤੋਂ ਬਾਅਦ ਦਿਖਾਈ ਦੇਣਗੇ। ਉਨ੍ਹਾਂ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਬਾਰੇ ਕਿਹਾ ਕਿ ਉਹ ਪੰਜਾਬ ਦਾ ਸਭ ਤੋਂ ਅਮੀਰ ਉਮੀਦਵਾਰ ਹੈ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਆਮ ਆਦਮੀ ਦੇ ਭੇਸ ਵਿੱਚ ਲੁਕਿਆ ਹੋਇਆ ਕਾਰਪੋਰੇਟ ਧਨਾਢ ਹੈ ਤੇ ਉਸ ਨੇ ਇਹ ਆਮ ਆਦਮੀ ਦਾ ਚੋਲਾ ਵੀ ਸਿਰਫ਼ ਚੋਣਾਂ ਲਈ ਹੀ ਪਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਮੀਦਵਾਰਾਂ ਤੋਂ ਲੋਕਾਂ ਨੂੰ ਚੌਕਸ ਰਹਿਣ ਦੀ ਲੋੜ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਜਸਪ੍ਰੀਤ ਸਿੰਘ ਗਿੱਲ ਪ੍ਰਧਾਨ ਕਾਂਗਰਸ ਮੋਹਾਲੀ, ਕੌਂਸਲਰ ਜਸਪ੍ਰੀਤ ਕੌਰ ਮੋਹਾਲੀ, ਮਾਸਟਰ ਰਾਮ ਸਰੂਪ ਜੋਸ਼ੀ, ਵਿਕਟਰ ਨਿਹੋਲਕਾ, ਅਮਨਦੀਪ ਸਿੰਘ, ਰਾਜਾ ਕੰਵਰਜੋਤ ਸਿੰਘ ਰਾਜਾ ਮੁਹਾਲੀ, ਇੰਦਰਜੀਤ ਸਿੰਘ ਖੋਖਰ, ਆਈਡੀ ਸਿੰਘ, ਨਵਨੀਤ ਤੋਕੀ, ਜਤਿੰਦਰ ਸਿੰਘ ਭੱਟੀ, ਦਲਬੀਰ ਸਿੰਘ ਕਾਨੂੰਨਗੋ, ਜਸਵਿੰਦਰ ਕੌਰ, ਪਿਕੀ ਔਲਖ, ਰਣਜੋਧ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਤੇ ਇਲਾਕਾ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।