ਸੰਯੁਕਤ ਸਮਾਜ ਮੋਰਚੇ ਨੂੰ ਮਿਲ ਰਿਹਾ ਹੈ ਮੋਹਾਲੀ ਹਲਕੇ ਵਿਚੋਂ ਭਰਵਾਂ ਹੁੰਗਾਰਾ
ਰਵਨੀਤ ਬਰਾਡ਼ ਨੇ ਵੱਖ ਵੱਖ ਪਿੰਡਾਂ ਵਿੱਚ ਕੀਤਾ ਚੋਣ ਪ੍ਰਚਾਰ
5 Dariya News
ਮੋਹਾਲੀ 03-Feb-2022
ਸੰਯੁਕਤ ਸਮਾਜ ਮੋਰਚੇ ਦੇ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਉਮੀਦਵਾਰ ਰਵਨੀਤ ਬਰਾਡ਼ ਨੇ ਵੀਰਵਾਰ ਨੂੰ ਵਰ੍ਹਦੇ ਮੀਂਹ ਵਿੱਚ ਮੋਹਾਲੀ ਸ਼ਹਿਰ ਵਿਚ ਅਤੇ ਲਾਗਲੇ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ।ਹਲਕੇ ਦੇ ਪਿੰਡਾਂ ਮੋਟੇਮਾਜਰਾ, ਤੰਗੋਰੀ, ਕੁਰੜਾ, ਕੁਰੜੀ, ਸੇਖਨ ਮਾਜਰਾ ਆਦਿ ਵਿੱਚ ਚੋਣ ਪ੍ਰਚਾਰ ਦੌਰਾਨ ਬੋਲਦਿਆਂ ਬਰਾੜ ਨੇ ਕਿਹਾ ਕਿ ਪੰਜਾਬ ਨੇ ਪਿਛਲੇ 15 ਸਾਲਾਂ ਵਿੱਚ ਕਾਂਗਰਸ ਅਤੇ ਅਕਾਲੀ ਦਲ ਦਾ ਕੁਸ਼ਾਸਨ ਦੇਖਿਆ ਹੈ। ਅਕਾਲੀਆਂ ਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਨਸ਼ੇ, ਗੁੰਡਾਗਰਦੀ, ਮਾਫੀਆ ਰਾਜ ਆਦਿ ਵਧ ਚੜ੍ਹ ਕੇ ਪਨਪਿਆ ਉੱਥੇ ਕਾਂਗਰਸ ਦੇ ਰਾਜ ਵਿੱਚ ਕਾਂਗਰਸੀਆਂ ਨੇ ਇਨ੍ਹਾਂ ਤੇ ਠੱਲ ਪਾਉਂਣ ਦੀ ਬਜਾਏ ਨਾਲ ਭਾਗੀਦਾਰੀ ਕੀਤੀ।ਬਰਾੜ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੀਤੇ ਕਈ ਹਫ਼ਤਿਆਂ ਤੋਂ ਹਲਕੇ ਦੇ ਵੱਖ ਵੱਖ ਪਿੰਡਾਂ ਵਿਚ ਚੋਣ ਪ੍ਰਚਾਰ ਮੀਟਿੰਗਾਂ ਅਤੇ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਹਲਕਾ ਵਾਸੀਆਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੋਹਾਲੀ ਸ਼ਹਿਰ ਵਿੱਚੋਂ ਪੜ੍ਹਿਆ ਲਿਖਿਆ ਤਬਕਾ ਅਤੇ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨੀ ਭਾਈਚਾਰਾ ਪੂਰੀ ਤਰ੍ਹਾਂ ਉਨ੍ਹਾਂ ਦੇ ਸਮਰਥਨ ਵਿੱਚ ਨਾਲ ਖੜ੍ਹਾ ਹੈ।
ਆਮ ਆਦਮੀ ਪਾਰਟੀ ਨੂੰ ਆਡ਼ੇ ਹੱਥੀਂ ਲੈਂਦਿਆਂ ਬਰਾਡ਼ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਉਮੀਦਵਾਰ ਮੋਹਾਲੀ ਹਲਕੇ ਤੋਂ ਉਤਾਰਿਆ ਹੈ ਉਸ ਵਿਚ ਜਨਸੇਵਾ ਵਾਲੀ ਕੋਈ ਭਾਵਨਾ ਨਹੀਂ ਬਲਕਿ ਉਸ ਨੇ ਪੈਸੇ ਦੇ ਦਮ ਤੇ ਵਿਧਾਇਕ ਬਣਨ ਦਾ ਸੁਪਨਾ ਦੇਖਿਆ ਹੈ। ਮੋਹਾਲੀ ਦੇ ਲੋਕ ਬਹੁਤ ਸਿਆਣੇ ਹਨ ਅਤੇ ਉਸਦੀਆਂ ਗੱਲਾਂ ਵਿੱਚ ਨਹੀਂ ਆਉਣਗੇ।ਬਰਾਡ਼ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਰਵਾਇਤੀ ਪਾਰਟੀਆਂ ਤੋਂ ਇਕ ਵੱਖਰੀ ਸੋਚ ਲੈ ਕੇ ਰਾਜਨੀਤੀ ਵਿੱਚ ਆਇਆ ਹੈ। ਅਸੀਂ ਸਮਾਜ ਦੇ ਹਰ ਇਕ ਵਰਗ ਨੂੰ ਨਾਲ ਲੈ ਕੇ ਚੱਲਣ ਵਿੱਚ ਯਕੀਨ ਰੱਖਦੇ ਹਾਂ । ਬਹਿਰਹਾਲ ਇੱਥੇ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਭਰ ਵਿੱਚ ਸੰਯੁਕਤ ਸਮਾਜ ਮੋਰਚਾ ਨੂੰ ਭਰਪੂਰ ਸਮਰਥਨ ਮਿਲਦਾ ਦਿਖ ਰਿਹਾ ਹੈ ਅਤੇ ਹੋਰਨਾਂ ਹਲਕਿਆਂ ਵਾਂਗ ਹਲਕਾ ਮੋਹਾਲੀ ਹਲਕੇ ਵਿੱਚ ਵੀ ਰਵਨੀਤ ਬਰਾੜ ਵੀ ਦਾਅਵਾ ਕਰਦੇ ਹਨ ਕਿ ਇਸ ਵਾਰੀ ਪੰਜਾਬ ਦਾ ਵੋਟਰ ਰਵਾਇਤੀ ਪਾਰਟੀਆਂ ਦੀਆਂ ਗੱਲਾਂ ਤੋਂ ਬਾਹਰ ਨਿਕਲ ਕੇ ਆਪਣੇ ਭਵਿੱਖ ਦਾ ਫੈਸਲਾ ਕਰੇਗਾ।