ਰਵਨੀਤ ਬਰਾੜ ਨੇ ਮੋਹਾਲੀ ਦੇ ਵੱਖ ਵੱਖ ਸੈਕਟਰਾਂ ਵਿੱਚ ਕੀਤਾ ਚੋਣ ਪ੍ਰਚਾਰ
ਸੰਯੁਕਤ ਸਮਾਜ ਮੋਰਚੇ ਨੂੰ ਚੋਣ ਕਮਿਸ਼ਨ ਵੱਲੋਂ ਮਾਨਤਾ ਮਿਲਣ ਤੇ ਕੀਤਾ ਖੁਸ਼ੀ ਦਾ ਪ੍ਰਗਟਾਵਾ
5 Dariya News
ਮੋਹਾਲੀ 02-Feb-2022
ਸੰਯੁਕਤ ਸਮਾਜ ਮੋਰਚੇ ਦੇ ਮੋਹਾਲੀ ਤੋਂ ਉਮੀਦਵਾਰ ਰਵਨੀਤ ਬਰਾਡ਼ ਨੇ ਭਾਰਤੀ ਚੋਣ ਕਮਿਸ਼ਨ ਵੱਲੋਂ ਸੰਯੁਕਤ ਸਮਾਜ ਮੋਰਚੇ ਮਾਨਤਾ ਦੇਣ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਦੇਰ ਨਾਲ ਹੀ ਸਹੀ ਪਰ ਇਹ ਫ਼ੈਸਲਾ ਸੰਯੁਕਤ ਸਮਾਜ ਮੋਰਚੇ ਦੇ ਚਾਹੁਣ ਵਾਲਿਆਂ ਲਈ ਵੱਡੀ ਖੁਸ਼ੀ ਦੀ ਖਬਰ ਹੈ। ਮੋਹਾਲੀ ਦੇ ਮਟੌਰ ਅਤੇ ਸੈਕਟਰ 70, 71 ਸਮੇਤ ਵੱਖ ਵੱਖ ਸੈਕਟਰਾਂ ਵਿੱਚ ਚੋਣ ਪ੍ਰਚਾਰ ਕਰਦਿਆਂ ਰਵਨੀਤ ਬਰਾਡ਼ ਨੇ ਕਿਹਾ ਕਿ ਸਮੂਹ ਕਿਸਾਨ ਭਾਈਚਾਰੇ ਦਾ ਸਮਰਥਨ ਉਨ੍ਹਾਂ ਨੂੰ ਮਿਲ ਰਿਹਾ ਹੈ ਅਤੇ ਸ਼ਹਿਰਾਂ ਚੋਂ ਵੀ ਪੜ੍ਹੇ ਲਿਖੇ ਲੋਕ ਉਨ੍ਹਾਂ ਦਾ ਡੱਟ ਕੇ ਸਾਥ ਦੇ ਰਹੇ ਹਨ।ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੇਵਲ ਰਵਨੀਤ ਬਰਾੜ ਹੀ ਨਹੀਂ ਉਨ੍ਹਾਂ ਦੇ ਪਰਿਵਾਰ ਦੇ ਬਾਕੀ ਮੈਂਬਰ ਵੀ ਮੋਹਾਲੀ ਹਲਕੇ ਵਿੱਚ ਵੱਖ ਵੱਖ ਜਗ੍ਹਾ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਹਲਕਾ ਵਾਸੀਆਂ ਨੂੰ ਸੰਯੁਕਤ ਸਮਾਜ ਮੋਰਚੇ ਦੀਆਂ ਨੀਤੀਆਂ ਨੂੰ ਲੈ ਕੇ ਲਾਮਬੰਦ ਕਰ ਰਹੇ ਹਨ।
ਚੋਣ ਪ੍ਰਚਾਰ ਦੋਰਾਨ ਬਰਾੜ ਨੇ ਆਮ ਆਦਮੀ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਤੰਜ ਕਰਦਿਆਂ ਕਿਹਾ ਕਿ ਕੇਜਰੀਵਾਲ ਦੀ ਚਲਾਕੀ ਦੇਖੋ ਕਿ ਦਿੱਲੀ ਦੇ ਲੋਕਾਂ ਖਾਸ ਕਰਕੇ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਵੀਕੈਂਡ ਲਾਕਡਾਊਨ ਵਿੱਚ ਡੱਕ ਕੇ ਆਪ ਕੁਰਸੀ ਦੇ ਲਾਲਚ ਵਿੱਚ ਵੀਕੈਂਡ ਮਨਾਉਣ ਪੰਜਾਬ ਆ ਜਾਂਦੇ ਹਨ। ਵੱਡੀਆਂ ਵੱਡੀਆਂ ਗੱਲਾਂ ਮਾਰਨੀਆਂ ਅਤੇ ਜ਼ਿੰਮੇਵਾਰੀ ਤੋਂ ਭੱਜਣਾ ਕੋਈ ਅਰਵਿੰਦ ਕੇਜਰੀਵਾਲ ਤੋਂ ਸਿੱਖੇ।ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਦੀ ਅੰਦਰੂਨੀ ਫੁੱਟ ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਪਾਰਟੀ ਦਰਅਸਲ ਕਨਫਿਊਜ਼ ਪਾਰਟੀ ਬਣ ਕੇ ਰਹਿ ਗਈ ਹੈ। ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਕੌਣ ਕਿਸ ਦੀ ਗੱਲ ਸੁਣੇ। ਕਾਂਗਰਸ ਹਾਈਕਮਾਂਡ ਵੀ ਪੰਜਾਬ ਕਾਗਰਸ ਨੂੰ ਸੰਭਾਲਣ ਵਿੱਚ ਨਾਕਾਮ ਹੋ ਗਈ। ਅਕਾਲੀ ਦਲ ਤੇ ਤੰਜ ਕਰਦਿਆਂ ਬਰਾਡ਼ ਨੇ ਕਿਹਾ ਕਿ ਅਕਾਲੀ ਦਲ ਬਾਦਲ ਪਰਿਵਾਰ ਦੀ ਪ੍ਰਾਈਵੇਟ ਪ੍ਰਾਪਰਟੀ ਬਣ ਕੇ ਰਹਿ ਗਈ ਹੈ। ਜਿੱਥੇ ਕੁਰਸੀ ਦਾ ਤਾਂ ਕੋਈ ਰੌਲਾ ਤਾਂ ਨਹੀਂ ਪੈ ਸਕਦਾ ਕਿਉਂਕਿ ਬਾਦਲਾਂ ਖਿਲਾਫ ਬੋਲਣ ਦੀ ਕਿਸੇ ਅਕਾਲੀ ਦੀ ਹਿੰਮਤ ਨਹੀਂ, ਪਰ ਅਕਾਲੀ ਦਲ ਦੇ ਕਾਰਨਾਮੇ ਹੀ ਅਕਾਲੀ ਦਲ ਦੀ ਬੇੜੀ ਵਿੱਚ ਵੱਟੇ ਪਾ ਰਹੇ ਹਨ।