5 Dariya News

ਮਿਲੀ ਰਾਹਤ : ਮੋਹਾਲੀ ਦੇ ਜਿੰਮ ਅਤੇ ਫਿਟਨੈੱਸ ਸੈਂਟਰ ਮੁੜ ਖੋਲ੍ਹੇ

ਮੋਹਾਲੀ ਦੇ ਜਿੰਮ ਅਤੇ ਫਿਟਨੈੱਸ ਸੈਂਟਰਾਂ ਦੇ ਮਾਲਕਾਂ ਨੇ ਕੀਤਾ ਸਾਬਕਾ ਸਿਹਤ ਮੰਤਰੀ ਅਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਦਾ ਧੰਨਵਾਦ

5 Dariya News

ਮੋਹਾਲੀ 27-Jan-2022

ਮੋਹਾਲੀ ਦੇ ਜਿੰਮ ਅਤੇ ਫਿਟਨੈੱਸ ਸੈਂਟਰਾਂ  ਦੇ ਮਾਲਕਾਂ ਨੇ ਅੱਜ  ਗਰੇਟਰ ਪੰਜਾਬ ਜਿੰਮ ਐਸੋਸੀਏਸ਼ਨ ਵਲੋਂ ਜਿੰਮ ਅਤੇ ਫਿਟਨੈੱਸ ਸੈਂਟਰਾਂ ਨੂੰ ਮੁੜ ਖੋਲ੍ਹੇ ਜਾਣ  ਉੱਤੇ ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ  ਬਲਬੀਰ ਸਿੰਘ ਸਿੱਧੂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਭਰ ਤੋਂ ਆਏ ਜਿੰਮ ਮਾਲਕਾਂ, ਟਰੇਨਰਾਂ ਅਤੇ ਹੋਰ ਸਟਾਫ ਵੱਲੋਂ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਰੋਸ ਪ੍ਰਦਰਸ਼ਨ ਮੌਕੇ  ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਪਹੁੰਚੇ ਸਨ ਅਤੇ ਮੌਕੇ ਤੇ ਹੀ ਮਸਲਾ ਹੱਲ ਕਰਵਾਉਣ ਲਈ ਡਿਪਟੀ ਕਮਿਸ਼ਨਰ ਨਾਲ ਫੋਨ ਤੇ ਗੱਲਬਾਤ ਵੀ ਕੀਤੀ ਸੀ। ਇਸ ਤੋਂ ਬਾਅਦ ਹਲਕਾ ਵਿਧਾਇਕ ਸਾਬਕਾ ਸਿਹਤ ਮੰਤਰੀ ਨੇ ਗ੍ਰਹਿ ਸਕੱਤਰ ਨਾਲ ਵੀ ਗੱਲਬਾਤ ਕਰਕੇ ਮੋਹਾਲੀ ਵਿੱਚ ਜਿੰਮ ਅਤੇ ਫਿਟਨੈੱਸ ਸੈਂਟਰ ਖੋਲ੍ਹਣ ਲਈ ਕਿਹਾ ਸੀ।ਅੱਜ ਸੈਕਟਰ 78 ਵਿਖੇ "ਕਲੈਪਸ ਫਿਟਨੈੱਸ ਸੈਂਟਰ"  ਵਿੱਚ ਪਹੁੰਚੇ ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜਿੰਮ ਅਤੇ ਫਿਟਨੈੱਸ ਸੈਂਟਰਾਂ ਵਿਚ ਕੋਰੋਨਾ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਜਾਂਦੀ ਹੈ ਅਤੇ ਇਹ ਫਿਟਨੈੱਸ ਸੈਂਟਰ ਇਸ ਕਰਕੇ ਖੁੱਲ੍ਹਣੇ ਜ਼ਰੂਰੀ ਹਨ ਕਿਉਂਕਿ ਇਹ ਲੋਕਾਂ ਦੀ ਕਸਰਤ ਨਾਲ ਜੁੜਿਆ ਹੋਇਆ ਮਾਮਲਾ ਹੈ ਜਿਸ ਨਾਲ ਰੋਗਾਂ ਨਾਲ ਲੜਨ ਦੀ ਤਾਕਤ ਵਧਦੀ ਹੈ। 

ਉਨ੍ਹਾਂ ਇਸ ਮੌਕੇ ਮੁਹਾਲੀ ਦੇ ਸਮੂਹ ਜਿੰਮ ਮਾਲਕਾਂ ਨੂੰ ਕਿਹਾ ਕਿ ਉਹ ਕੋਵਿਡ ਪ੍ਰੋਟੋਕੋਲ ਦੀ ਪੂਰੀ ਤਰ੍ਹਾਂ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਉਹ ਹਰ ਤਰ੍ਹਾਂ ਨਾਲ ਜਿੰਮ ਪ੍ਰਬੰਧਕਾਂ ਦੇ ਨਾਲ ਹਨ  ਅਤੇ ਇਨ੍ਹਾਂ ਨੂੰ ਮੁੜ ਖੁਲ੍ਹਵਾਉਣ ਲਈ ਉਨ੍ਹਾਂ ਨੇ ਜਿੰਮ ਪ੍ਰਬੰਧਕਾਂ ਨਾਲ ਵਾਅਦਾ ਕੀਤਾ ਸੀ ਜੋ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਮੈਂਬਰਾਂ  ਨੂੰ ਕਸਰਤ ਕਰਨ ਦੀ ਪੂਰੀ ਸੁਵਿਧਾ ਮਿਲੇਗੀ ਸਗੋਂ ਵੱਖ ਵੱਖ ਮੁਕਾਬਲੇ ਲੜਨ ਵਾਲੇ ਅਥਲੀਟ ਵੀ ਆਪਣੀ ਪ੍ਰੈਕਟਿਸ ਇਨ੍ਹਾਂ ਜਿੰਮਾਂ ਵਿਚ ਕਰ ਸਕਣਗੇ। ਇਸ ਮੌਕੇ ਵਿਧਾਇਕ ਸਿੱਧੂ ਦੇ ਨਾਲ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਖਰੜ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਸਮੇਤ ਹੋਰ ਪਤਵੰਤੇ ਹਾਜ਼ਰ ਸਨ।ਇਸ ਮੌਕੇ ਜਿੰਮ ਪ੍ਰਬੰਧਕਾਂ ਨੇ ਕਿਹਾ ਕਿ ਉਹ ਪਹਿਲਾਂ ਵੀ ਕੋਵਿਡ ਪ੍ਰੋਟੋਕੋਲ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਰਹੇ ਹਨ ਅਤੇ ਹੁਣ ਵੀ ਜਿਸ ਤਰ੍ਹਾਂ ਦੇ ਨਿਰਦੇਸ਼ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਜਾਣ  ਉਸ ਅਨੁਸਾਰ ਹੀ ਉਹ ਕੰਮ ਕਰਨਗੇ।ਇਸ ਮੌਕੇ ਤਨਵੀਰ ਸਿੰਘ (ਕਲੈਂਪਸ ਫਿੱਟਨੈੱਸ) ਪੰਕਜ (ਬਰਨ ਜਿਮ ਮੋਹਾਲੀ), ਸੁਖਵਿੰਦਰ ਸਿੰਘ (ਗੋਲਡ ਜਿਮ) ਤੇ ਅਭਿਸ਼ੇਕ (ਅਲਟੀਮੇਟ ਜਿਮ), ਜਸਮਿੰਦਰ ਸਿੰਘ ਬੇਦੀ ਸਮੇਤ ਹੋਰ ਜਿੰਮ ਪ੍ਰਬੰਧਕ ਤੇ ਪਤਵੰਤੇ ਹਾਜ਼ਰ ਸਨ।