ਮੋਗਾ ਵਿਖੇ ਸ਼ਰਧਾ ਭਾਵਨਾ ਅਤੇ ਕਰੋਨਾ ਦੀਆਂ ਸਾਵਧਾਨੀਆਂ ਅਪਨਾ ਕੇ ਮਨਾਇਆ 73ਵਾਂ ਗਣਤੰਤਰ ਦਿਵਸ
ਡਿਪਟੀ ਕਮਿਸ਼ਨਰ ਮੋਗਾ ਹਰੀਸ਼ ਨਈਅਰ ਨੇ ਲਹਿਰਾਇਆ ਕੌਮੀ ਝੰਡਾ
5 Dariya News
ਮੋਗਾ 26-Jan-2022
ਅੱਜ ਦੇਸ਼ ਦੇ 73ਵੇਂ ਗਣਤੰਤਰ ਦਿਵਸ ਨੂੰ ਸਮਰਪਿਤ ਜਿ਼ਲ੍ਹਾ ਪੱਧਰੀ ਸਮਾਗਮ ਸਥਾਨਕ ਦਾਣਾ ਮੰਡੀ ਮੋਗਾ ਵਿਖੇ ਆਯੋਜਿਤ ਕੀਤਾ ਗਿਆ। ਇਸ ਵਿੱਚ ਡਿਪਟੀ ਕਮਿਸ਼ਨਰ ਮੋਗਾ ਹਰੀਸ਼ ਨਈਅਰ ਨੇ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ ਅਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।ਇਸ ਮੌਕੇ ਪੰਜਾਬ ਪੁਲਿਸ, ਐਨ.ਸੀ.ਸੀ., ਜੀ.ਓ.ਜੀ. ਦੀਆਂ ਟੁਕੜੀਆਂ ਵੱਲੋਂ ਮਾਰਚ ਪਾਸਟ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਨੇ ਮਾਰਚ ਪਾਸਟ ਤੋਂ ਸਲਾਮੀ ਲਈ।ਸਮਾਗਮ ਦੇ ਸੰਬੋਧਨ ਵਿੱਚ ਸ੍ਰੀ ਹਰੀਸ਼ ਨਈਅਰ ਨੇ ਕਿਹਾ ਕਿ ਇਸ ਮੁਬਾਰਕ ਮੌਕੇ ਉਹ ਦੇਸ਼ ਦੀ ਆਜ਼ਾਦੀ ਲਈ ਲੜੇ ਗਏ ਲੰਬੇ ਸੰਘਰਸ਼ ਵਿਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਹਜ਼ਾਰਾਂ ਦੇਸ਼ ਭਗਤ ਸੂਰਬੀਰਾਂ ਨੂੰ ਦਿਲੋਂ ਸ਼ਰਧਾ ਅਤੇ ਸਤਿਕਾਰ ਭੇਟ ਕਰਦੇ ਹਨ।ਦੇਸ਼ ਦੇ ਆਜ਼ਾਦੀ ਸੰਗਰਾਮ ਵਿਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀ ਸੂਰਬੀਰਾਂ ਨੇ ਹੀ ਦਿੱਤੀਆਂ ਅਤੇ ਸਾਨੂੰ ਇਸ ਗੱਲ ਦਾ ਮਾਣ ਹੈ।ਦੇਸ਼ ਨੂੰ ਆਜ਼ਾਦ ਕਰਾਉਣ ਤੋਂ ਬਾਅਦ ਇਸ ਨੂੰ ਸਹੀ ਮਾਅਨਿਆਂ ਵਿਚ ਗਣਰਾਜ ਬਣਾਉਣ ਲਈ ਦੇਸ਼ ਨੂੰ ਆਪਣੇ ਸੰਵਿਧਾਨ ਦੀ ਲੋੜ ਸੀ। ਇਸ ਵਿਭਿੰਨਤਾਵਾਂ ਭਰੇ ਵਿਸ਼ਾਲ ਦੇਸ਼ ਦਾ ਸੰਵਿਧਾਨ ਬਣਾਉਣਾ ਆਪਣੇ ਆਪ ਵਿਚ ਇਕ ਮਹਾਨ ਕਾਰਜ ਸੀ। ਇਸ ਕਾਰਜ ਨੂੰ ਸਿਰੇ ਚੜਾਉਣ ਵਿਚ ਸਭ ਤੋਂ ਵੱਡਾ ਯੋਗਦਾਨ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਦਿੱਤਾ। ਇਸ ਤੋਂ ਬਾਅਦ ਸਾਲ 1950 ਵਿਚ ਅੱਜ ਦੇ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ। ਇਸ ਲਈ ਸਾਰੇ ਦੇਸ਼ ਵਾਸੀਆਂ ਲਈ ਇਹ ਬੜਾ ਮਹੱਤਵਪੂਰਨ ਤੇ ਗੌਰਵਮਈ ਦਿਨ ਹੈ।ਉਨ੍ਹਾਂ ਕਿਹਾ ਕਿ ਪੰਜਾਬੀਆਂ ਲਈ ਇਹ ਦਿਵਸ ਹੋਰ ਵੀ ਵੱਡੇ ਮਾਣ ਵਾਲਾ ਹੈ। ਆਜ਼ਾਦੀ ਸੰਗਰਾਮ ਵਿਚ ਪੰਜਾਬੀ ਸੂਰਬੀਰਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਆਜ਼ਾਦੀ ਸੰਘਰਸ਼ ਵਿਚ 78 ਫ਼ੀਸਦੀ ਪੰਜਾਬੀਆਂ ਨੇ ਫਾਂਸੀ ਦਾ ਰੱਸਾ ਚੁੰਮਿਆ ਅਤੇੇ 80 ਫ਼ੀਸਦੀ ਪੰਜਾਬੀਆਂ ਨੇ ਉਮਰ ਕੈਦਾਂ ਕੱਟੀਆਂ।
ਕੂਕਾ ਲਹਿਰ, ਪਗੜੀ ਸੰਭਾਲ ਜੱਟਾ, ਗਦਰ ਲਹਿਰ, ਬੱਬਰ ਅਕਾਲੀ ਲਹਿਰ, ਕਾਮਾਗਾਟਾ ਮਾਰੂ ਲਹਿਰ ਵਰਗੀਆਂ ਆਜ਼ਾਦੀ ਸੰਘਰਸ਼ ਦੀਆਂ ਲਹਿਰਾਂ ਵਿਚ ਤਾਂ ਸੌ ਫੀਸਦੀ ਹੀ ਪੰਜਾਬੀ ਸਨ। ਭਾਈ ਮਹਾਰਾਜ ਸਿੰਘ, ਬਾਬਾ ਰਾਮ ਸਿੰਘ, ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਲਾਲਾ ਲਾਜਪਤ ਰਾਏ, ਸ਼ਹੀਦ ਊੁਧਮ ਸਿੰਘ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਦੀਵਾਨ ਸਿੰਘ ਕਾਲੇਪਾਣੀ ਅਤੇ ਹੋਰ ਅਜਿਹੇ ਸੈਂਕੜੇ ਯੋਧੇ ਹਨ ਜਿਨਾਂ ਨੇ ਆਜ਼ਾਦ ਭਾਰਤ ਦਾ ਇਤਿਹਾਸ ਰਚਿਆ।ਸ਼ਹੀਦ-ਏ-ਆਜ਼ਮ ਲਾਲਾ ਲਾਜਪਤ ਰਾਏ ਜੀ ਦਾ ਜੱਦੀ ਪਿੰਡ ਢੁੱਡੀਕੇ ਜ਼ਿਲ੍ਹਾ ਮੋਗਾ ਵਿੱਚ ਸਥਿਤ ਹੈ।ਉਨ੍ਹਾਂ ਕਿਹਾ ਕਿ ਉਹ ਅੱਜ ਬਹੁਤ ਮਾਣ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਨੂੰ ਸ਼ਹੀਦ-ਏ-ਆਜ਼ਮ ਲਾਲਾ ਲਾਜਪਤ ਰਾਏ ਜੀ ਦੀ ਇਸ ਧਰਤੀ ’ਤੇ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਝੰਡਾ ਲਹਿਰਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ।ਆਜ਼ਾਦੀ ਸੰਘਰਸ਼ ਦੌਰਾਨ ਦੇਸ਼ ਦੇ ਹੋਏ ਬਟਵਾਰੇ ਕਾਰਨ ਵੀ ਸਭ ਤੋਂ ਵੱਧ ਮਾਰ ਵੀ ਪੰਜਾਬ ਉੇੱਤੇ ਹੀ ਪਈ।ਇਸ ਦੇ ਬਾਵਜੂਦ ਪੰਜਾਬ ਨੇ ਹਰੇਕ ਖੇਤਰ ਵਿਚ ਮੋਹਰੀ ਰੋਲ ਅਦਾ ਕੀਤਾ ਅਤੇ ਦੇਸ਼ ਦੀ ਤਰੱਕੀ ਵਿਚ ਬੇਮਿਸਾਲ ਯੋਗਦਾਨ ਪਾਇਆ।ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਅਸੀਂ ਆਜ਼ਾਦ ਭਾਰਤ ਦੇ ਸਭ ਤੋਂ ਮੁਸ਼ਕਲ ਅਤੇ ਚੁਣੌਤੀਪੂਰਨ ਸਮੇਂ ਵਿਚੋਂ ਗੁਜ਼ਰ ਰਹੇ ਹਾਂ, ਜਦੋਂ ਕੋਰੋਨਾ ਮਹਾਮਾਰੀ ਨੇ ਸਾਡੇ ਸੂਬੇ ਅਤੇ ਮੁਲਕ ਸਮੇਤ ਪੂਰੀ ਦੁਨੀਆ ਨੂੰ ਆਪਣੀ ਗਿ੍ਰਫ਼ਤ ਵਿਚ ਲਿਆ ਹੋਇਆ ਹੈ।ਇਸ ਮਹਾਂਮਾਰੀ ਕਾਰਨ ਹੀ ਅਸੀਂ ਅੱਜ ਗਣਤੰਤਰ ਦਿਵਸ ਦੇ ਜਸ਼ਨ ਵੀ ਕੋਵਿਡ ਸਬੰਧੀ ਜਾਰੀ ਸਿਹਤ ਸਲਾਹਕਾਰੀਆਂ ਦੀ ਪਾਲਣਾ ਕਰਦੇ ਹੋਏ ਮਨਾ ਰਹੇ ਹਾਂ। ਜਿਵੇਂ ਅਸੀਂ ਸੰਘਰਸ਼ ਕਰਕੇ ਬਰਤਾਨਵੀ ਹਕੂਮਤ ਤੋਂ ਮੁਕਤੀ ਪਾਈ, ਉਵੇਂ ਹੀ ਸਾਨੂੰ ਹੁਣ ਕੋਰੋਨਾ ਖਿਲਾਫ਼ ਜੰਗ ਉੱਤੇ ਵੀ ਫ਼ਤਿਹ ਪਾਉਣੀ ਹੈ।
ਇਸ ਜੰਗ ਵਿਚ ਯੋਗਦਾਨ ਪਾਉਣ ਲਈ ਸਾਨੂੰ ਸੋਸ਼ਲ ਡਿਸਟੈਂਸ, ਮਾਸਕ ਪਹਿਨਣਾ ਅਤੇ ਵਾਰ-ਵਾਰ ਹੱਥ ਧੋਣੇ ਆਦਿ ਸਿਹਤ ਸਾਵਧਾਨੀਆਂ ਦਾ ਪਾਲਣ ਕਰਨਾ ਜ਼ਰੂਰੀ ਹੈ। ਜਦੋਂ ਵੀ ਕਿਸੇ ਨੂੰ ਬਿਮਾਰੀ ਦੇ ਲੱਛਣ ਮਹਿਸੂਸ ਹੋਣ, ਤਾਂ ਉਸ ਨੂੰ ਤੁਰੰਤ ਆਪਣਾ ਟੈਸਟ ਕਰਵਾ ਕੇ ਇਲਾਜ ਸ਼ੁਰੂ ਕਰਵਾਉਣ ਚਾਹੀਦਾ ਹੈ। ਕੋਵਿਡ-19 ਦਾ ਮੁਕਾਬਲਾ ਕਰਨ ਲਈ ਸਾਨੂੰ ਟੀਕਾਕਰਣ ਮੁਹਿੰਮ ਵਿੱਚ ਵੀ ਅੱਗੇ ਹੋ ਕੇ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਦੇਸ਼ ਅਤੇ ਰਾਜ ਨੂੰ ਇਸ ਦੇ ਖਤਰੇ ਤੋਂ ਮੁਕਤ ਕਰ ਸਕੀਏ।ਉਨ੍ਹਾਂ ਅੱਗੇ ਕਿਹ ਕਿ ਕੋਰੋਨਾ ਖਿਲਾਫ਼ ਜੰਗ ਵਿਚ ਮੋਹਰਲੀ ਕਤਾਰ ਵਿਚ ਲੜ ਰਹੇ ਯੋਧਿਆਂ ਨੂੰ ਵੀ ਉਹ ਸਿਜਦਾ ਕਰਦੇ ਹਨ। ਅੰਤ ਵਿਚ ਗਣਤੰਤਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਹ ਕਾਮਨਾ ਕਰਦੇ ਹਨ ਕਿ ਅਸੀਂ ਕੋਰੋਨਾ ਖਿਲਾਫ਼ ਜੰਗ ਵਿਚ ਵੀ ਜਲਦ ਫ਼ਤਿਹ ਹਾਸਲ ਕਰਕੇ ਇਸ ਮਹਾਮਾਰੀ ਤੋਂ ਮੁਕਤ ਹੋਈਏ।ਉਨ੍ਹਾਂ ਕਿਹਾ ਕਿ ਆਓ, ਇਸ ਸ਼ੁੱਭ ਦਿਹਾੜੇ ’ਤੇ ਪੰਜਾਬ ਅਤੇ ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਵਚਨਬੱਧਤਾ, ਆਤਮ ਸਮਰਪਣ ਅਤੇ ਪੂਰੇ ਭਰੋਸੇ ਨਾਲ ਕੰਮ ਕਰੀਏ ਅਤੇ ਦੇਸ਼ ਦੇ ਸੰਵਿਧਾਨ ਪ੍ਰਤੀ ਸੱਚੀ ਨਿਸ਼ਠਾ ਰੱਖਣ ਦੀ ਪ੍ਰਤਿਗਿਆ ਕਰੀਏ। ਇਸ ਸਮਾਗਮ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਵੱਖ ਵੱਖ ਖੇਤਰ ਵਿੱਚ ਵਿਲੱਖਣ ਭੂਮਿਕਾ ਨਿਭਾਉਣ ਵਾਲੀਆਂ 12 ਸ਼ਖਸ਼ੀਅਤਾਂ ਦਾ ਸਨਮਾਨ ਵੀ ਕੀਤਾ।ਇਸ ਸਮਾਗਮ ਵਿੱਚ ਵੱਖ ਵੱਖ ਪ੍ਰਮੁੱਖ ਸ਼ਖਸ਼ੀਅਤਾਂ ਜਿਵੇਂ ਕਿ ਜਿ਼ਲ੍ਹਾ ਪੁਲਿਸ ਮੁਖੀ ਚਰਨਜੀਤ ਸਿੰਘ ਸੋਹਲ, ਵਧੀਕ ਜਿ਼ਲ੍ਹਾ ਤੇ ਸੈਸ਼ਨ ਜੱਜ ਸ੍ਰ ਅਤੁਲ ਕਿਸਸਾਨਾ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਹਰਚਰਨ ਸਿੰਘ, ਸਿਵਲ ਜੱਜ (ਸੀਨੀਅਰ ਡਿਵੀਜ਼ਨ) ਮੈਡਮ ਅਮਨਦੀਪ ਕੌਰ ਚਾਹਲ, ਸੀ.ਜੇ.ਐਮ.-ਕਮ-ਸਕੱਤਰ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸ੍ਰੀ ਅਮਰੀਸ਼ ਕੁਮਾਰ, ਸਾਬਕਾ ਮੰਤਰੀ ਸ੍ਰੀਮਤੀ ਮਾਲਤੀ ਥਾਪਰ, ਚੇਅਰਮੈਨ ਜਿ਼ਲ੍ਹਾ ਪ੍ਰੀਸ਼ਦ ਮੋਗਾ ਸ੍ਰੀ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਚੇਅਰਮੈਨ ਜਿ਼ਲ੍ਹਾ ਯੋਜਨਾ ਬੋਰਡ ਮੋਗਾ ਸ੍ਰ. ਇੰਦਰਜੀਤ ਸਿੰਘ ਨੇ ਵੀ ਸਿ਼ਰਕਤ ਕੀਤੀ।