5 Dariya News

ਬਸਪਾ ਵੱਲੋਂ ਨਵਜੋਤ ਸਿੰਘ ਜਰਗ ਨੇ ਕਾਗਜ਼ ਭਰੇ

ਜੈ ਪ੍ਰਕਾਸ਼ ਜੈਨ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ

5 ਦਰਿਆ ਨਿਊਜ਼ (ਅਜੈ ਪਾਹਵਾ)

ਲੁਧਿਆਣਾ 05-Apr-2014

ਲੋਕ ਸਭਾ ਹਲਕਾ ਲੁਧਿਆਣਾ-7 ਲਈ ਮਿਤੀ 30 ਅਪ੍ਰੈੱਲ 2014 ਨੂੰ ਹੋਣ ਵਾਲੀ ਚੋਣ ਲਈ ਨਾਮਜ਼ਦਗੀਆਂ ਦੇ ਚੌਥੇ ਦਿਨ 3 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਸ ਸੰਬੰਧੀ ਫਾਰਮ ਨੰਬਰ-3ਏ (ਨਾਮਜ਼ਦਗੀਆਂ ਸੰਬੰਧੀ ਹੁਣ ਤੱਕ ਦੀ ਜਾਣਕਾਰੀ) ਜਾਰੀ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਕਿਹਾ ਕਿ ਅੱਜ ਚੌਥੇ ਦਿਨ ਬਹੁਜਨ ਸਮਾਜ ਪਾਰਟੀ ਵੱਲੋਂ ਸ੍ਰ. ਨਵਜੋਤ ਸਿੰਘ ਜਰਗ ਨੇ ਕਾਗਜ਼ ਭਰੇ, ਜਦਕਿ ਜਸਵੀਰ ਕੌਰ ਨੇ ਬਸਪਾ ਵੱਲੋਂ ਹੀ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਭਰੇ। ਇਸ ਤੋਂ ਇਲਾਵਾ ਜੈ ਪ੍ਰਕਾਸ਼ ਜੈਨ ਨੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ ਹਨ।ਸ੍ਰੀ ਅਗਰਵਾਲ ਨੇ ਕਿਹਾ ਕਿ ਕੋਈ ਵੀ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਜ਼ਿਲ੍ਹੇ ਦੇ ਰਿਟਰਨਿੰਗ ਅਫ਼ਸਰ (ਡਿਪਟੀ ਕਮਿਸ਼ਨਰ, ਲੁਧਿਆਣਾ) ਜਾਂ ਸਹਾਇਕ ਰਿਟਰਨਿੰਗ ਅਫ਼ਸਰ (ਵਧੀਕ ਕਮਿਸ਼ਨਰ-1, ਨਗਰ ਨਿਗਮ, ਲੁਧਿਆਣਾ) ਨੂੰ ਆਪ ਜਾਂ ਉਸਦੇ ਕਿਸੇ ਤਜਵੀਜ਼ਕਾਰ ਵੱਲੋਂ ਦਫ਼ਤਰ ਡਿਪਟੀ ਕਮਿਸ਼ਨਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮਿੰਨੀ ਸਕੱਤਰੇਤ, ਲੁਧਿਆਣਾ) ਵਿਖੇ ਕਿਸੇ ਵੀ ਕੰਮ ਵਾਲੇ ਦਿਨ (ਸਰਕਾਰੀ ਛੁੱਟੀ ਤੋਂ ਬਿਨਾ) ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 3 ਵਜੇ ਦੇ ਦਰਮਿਆਨ ਮਿਤੀ 9 ਅਪ੍ਰੈੱਲ, 2014 ਤੱਕ ਦਾਖ਼ਲ ਕਰਵਾਏ ਜਾ ਸਕਦੇ ਹਨ। ਨਾਮਜ਼ਦਗੀ ਪੱਤਰਾਂ ਦੀ ਪੜਤਾਲ ਮਿਤੀ 10 ਅਪ੍ਰੈੱਲ, 2014 ਨੂੰ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿਖੇ ਕੀਤੀ ਜਾਵੇਗੀ। ਚੋਣ ਉਮੀਦਵਾਰੀ ਵਾਪਸ ਲੈਣ ਦੀ ਸੂਚਨਾ ਮਿਤੀ 12 ਅਪ੍ਰੈੱਲ ਨੂੰ ਬਾਅਦ ਦੁਪਹਿਰ 3 ਵਜੇ ਪਹਿਲਾਂ ਉਮੀਦਵਾਰ ਦੁਆਰਾ ਜਾਂ ਉਸਦੇ ਕਿਸੇ ਤਜਵੀਜ਼ਕਾਰ ਜਾਂ ਉਸਦੇ ਚੋਣ ਏਜੰਟ ਦੁਆਰਾ ਜਿਸਨੂੰ ਉਮੀਦਵਾਰ ਨੇ ਅਧਿਕਾਰਤ ਕੀਤਾ ਹੋਵੇ, ਵੱਲੋਂ ਉਪਰੋਕਤ ਅਧਿਕਾਰੀਆਂ ਨੂੰ ਦਿੱਤੀ ਜਾ ਸਕੇਗੀ। ਜ਼ਿਲ੍ਹੇ ਵਿੱਚ ਵੋਟਾਂ 30 ਅਪ੍ਰੈੱਲ, 2014 ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪਾਈਆਂ ਜਾਣਗੀਆਂ।