5 Dariya News

ਲੋਕ ਸਭਾ ਚੋਣਾਂ ਲਈ ਪਹਿਲੇ ਦਿਨ 6 ਉਮੀਦਵਾਰਾਂ ਵਲੋਂ ਨਾਮਜਦਗੀਆਂ

ਭਾਰਤੀ ਚੋਣ ਕਮਿਸ਼ਨ ਵਲੋਂ ਹੋਲਾ ਮਹੱਲਾ ਮੌਕੇ ਬਿਨ੍ਹਾਂ ਪ੍ਰਵਾਨਗੀ ਰੈਲੀ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਨੋਟਿਸ ਜਾਰੀ ਕਰਨ ਦੇ ਹੁਕਮ

5 ਦਰਿਆ ਨਿਊਜ਼

02-Apr-2014

ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਅੱਜ ਨੋਟੀਫੀਕੇਸ਼ਨ ਜਾਰੀ ਹੋਣ ਪਿੱਛੋਂ ਪਹਿਲੇ ਦਿਨ 6 ਉਮੀਦਵਾਰਾਂ ਵਲੋਂ ਵੱਖ-ਵੱਖ ਹਲਕਿਆਂ ਤੋਂ  ਨਾਮਜਦਗੀ ਪੱਤਰ ਦਾਖਲ ਕਰਵਾਏ ਗਏ ਹਨ।ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਧੀਕ ਮੁੱਖ ਚੋਣ ਅਧਿਕਾਰੀ  ਸੁਪ੍ਰੀਤ ਸਿੰਘ ਗੁਲਾਟੀ ਨੇ ਕਿਹਾ ਕਿ ਸੀ.ਪੀ.ਆਈ. (ਐਮ) ਦੇ ਉਮੀਦਵਾਰ ਬਲਬੀਰ ਸਿੰਘ ਵਲੋਂ ਸ੍ਰੀ ਅਨੰਦਪੁਰ  ਸਾਹਿਬ ਲੋਕ ਸਭਾ ਹਲਕੇ ਤੋਂ ਕਾਗਜ਼ ਦਾਖਲ ਕੀਤੇ ਗਏ ਹਨ ਜਦਕਿ ਰਘੂਨਾਥ ਸਿੰਘ ਵਲੋਂ ਉਨ੍ਹਾਂ ਦੇ ਕਵਰਿੰਗ ਉਮੀਦਵਾਰ ਵਜੋਂ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਹਨ। ਇਸ ਤੋਂ ਇਲਾਵਾ ਰਜਿੰਦਰ ਸਿੰਘ ਪਵਾਰ ਵਲੋਂ ਆਜਾਦ ਉਮੀਦਵਾਰ ਵਜੋਂ ਪਟਿਆਲਾ ਹਲਕੇ ਤੋਂ, ਮਨੋਜ ਕੁਮਾਰ ਵਲੋਂ ਆਜਾਦ ਉਮੀਦਵਾਰ ਦੇ ਤੌਰ ' ਤੇ ਹਲਕਾ ਸੰਗਰੂਰ ਤੋਂ, ਮਨਪ੍ਰੀਤ ਸਿੰਘ ਆਜਾਦ ਉਮੀਦਵਾਰ ਹਲਕਾ ਬਠਿੰਡਾ, ਬਾਦਲ ਸਿੰਘ  ਆਜਾਦ ਉਮੀਦਵਾਰ ਵਜੋਂ ਹਲਕਾ ਫਰੀਦਕੋਟ ਤੋਂ ਨਾਮਜਦਗੀ ਪੱਤਰ ਦਾਖਲ ਕੀਤੇ ਹਨ। ਉਨ੍ਹਾਂ ਕਿਹਾ ਕਿ ਖਡੂਰ  ਸਾਹਿਬ ਹਲਕੇ ਤੋਂ ਸੁਖਚੈਨ ਚੰਦ ਨੇ ਡੈਮੇਕਰੇਟਿਕ ਭਾਰਤੀਯ ਸਮਾਜ ਪਾਰਟੀ ਵਲੋਂ ਕਾਗਜ਼ ਦਾਖਲ ਕੀਤੇ ਗਏ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੇ ਹੋਲਾ ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਿਨ੍ਹਾਂ ਪ੍ਰਵਾਨਗੀ ਰੈਲੀ ਕਰਨ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਨੋਟਿਸ ਜਾਰੀ ਕਰਨ ਲਈ ਹੁਕਮ ਜਾਰੀ ਕਰ ਦਿੱਤੇ ਗਏ ਹਨ।ਇਸ ਤੋਂ ਇਲਾਵਾ ਵਧੀਕ ਮੁੱਖ ਚੋਣ ਅਧਿਕਾਰੀ ਸ਼੍ਰੀ ਬੀ. ਪੁਰੂਸ਼ਾਰਥਾ ਨੇ ਦੱਸਿਆ ਕਿ ਜਲੰਧਰ ਪੁਲਿਸ ਵਲੋਂ ਅੱਜ ਇਕ ਹਾਲ ਵਿਚੋਂ 30 ਕੁਇੰਟਲ ਭੁੱਕੀ ਬਰਾਮਦ ਕੀਤੀ ਗਈ ਹੈ , ਜੋ ਕਿ ਇੰਦੌਰ ਤੋਂ  ਲਿਆਂਦੀ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 31.62 ਕੁਇੰਟਲ ਭੁੱਕੀ ਬਰਾਮਦ ਕੀਤੀ ਜਾ ਚੁੱਕੀ ਹੈ।ਇਸੇ ਦੌਰਾਨ ਭਾਰਤੀ ਚੋਣ ਕਮਿਸ਼ਨ ਵਲੋਂ ਇਲੈਕਟ੍ਰਾਨਿਕ ਮੀਡੀਆ, ਐਫ. ਐਮ ਚੈਨਲਾਂ, ਕੇਬਲ ਨੈਟਵਰਕ ਆਦਿ 'ਤੇ ਇਸ਼ਤਿਹਾਰਬਾਜ਼ੀ ਦੀ ਮਨਜ਼ੂਰੀ ਲੈਣ ਦੀ ਪ੍ਰਕ੍ਰਿਆ ਵਿਚ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਦੀ ਸਹੂਲਤ ਲਈ ਫਾਈਨਲ ਇਸ਼ਤਿਹਾਰ ਦੀ ਵੀਡੀਓ ਦੀ ਥਾਂ ਪ੍ਰਸਤਾਵਿਤ ਇਸ਼ਤਿਹਾਰ ਦਾ ਮੁਕੰਮਲ ਵੇਰਵਾ  ਵੀ ਮੀਡੀਆ ਸਰਟੀਫੀਕੇਸ਼ਨ ਤੇ ਮੌਨੀਟਰਿੰਗ ਕਮੇਟੀ ਨੂੰ ਮਨਜ਼ੂਰੀ ਲਈ ਪੇਸ਼ ਕੀਤਾ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਜਿਵੇਂ ਹੀ ਕਮੇਟੀ ਵਲੋਂ ਪ੍ਰਸਤਾਵਿਤ ਇਸ਼ਤਿਹਾਰ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਸਿਆਸੀ ਪਾਰਟੀ ਜਾਂ ਉਮੀਦਵਾਰ ਫਾਈਨਲ ਵੀਡੀਓ ਬਾਅਦ ਵਿਚ ਵੀ ਜਮ੍ਹਾਂ ਕਰਵਾ ਸਕਦੇ ਹਨ।