ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਨਾਮਜਦਗੀਆਂ ਅੱਜ ਤੋਂ
ਸਵੇਰੇ 11 ਵਜੇ ਤੋਂ ਬਾਅਦ ਦੁਪਿਹਰ 3 ਵਜੇ ਤੱਕ ਹੋਣਗੇ ਕਾਗਜ਼ ਦਾਖਲ
5 ਦਰਿਆ ਨਿਊਜ਼
ਚੰਡੀਗੜ 01-Apr-2014
ਪੰਜਾਬ ਵਿਚ ਲੋਕ ਸਭਾ ਚੋਣਾਂ2014 ਲਈ ਕੱਲ 2 ਅਪ੍ਰੈਲ ਨੂੰ ਨੋਟੀਫੀਕੇਸ਼ਨ ਜਾਰੀ ਹੋਣ ਨਾਲ ਨਾਮਜਦਗੀਆਂ ਦਾਖਲ ਕਰਨ ਦਾ ਅਮਲ ਸ਼ੁਰੂ ਹੋ ਜਾਵੇਗਾ।ਅੱਜ ਇੱਥੇ ਵਧੀਕ ਮੁੱਖ ਚੋਣ ਅਧਿਕਾਰੀ ਸ੍ਰੀ ਸੁਪ੍ਰੀਤ ਸਿੰਘ ਗੁਲਾਟੀ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਪੰਜਾਬ ਵਿਚ ਨਾਮਜਦਗੀਆਂ 2 ਤੋਂ 9 ਅਪ੍ਰੈਲ ਤੱਕ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਦਾਖਲ ਕੀਤੀਆਂ ਜਾ ਸਕਣਗੀਆਂ। ਉਨਾਂ ਕਿਹਾ ਕਿ ਨਾਮਜਦਗੀ ਪੱਤਰਾਂ ਦੀ ਜਾਂਚ ਪੜਤਾਲ 10 ਅਪ੍ਰੈਲ ਨੂੰ ਹੋਵੇਗੀ ਜਦਕਿ 11 ਤੇ 12 ਅਪ੍ਰੈਲ ਨੂੰ ਨਾਮਜਦਗੀ ਪੱਤਰ ਵਾਪਸ ਲੈ ਜਾ ਸਕਣਗੇ। ਉਨਾਂ ਨਾਲ ਹੀ ਸਪੱਸ਼ਟ ਕੀਤਾ ਕਿ ਜਨਤਕ ਛੁੱਟੀਆਂ ਹੋਣ ਕਰਕੇ 6 ਤੇ 8 ਅਪ੍ਰੈਲ ਨੂੰ ਕੋਈ ਨਾਮਜਦਗੀ ਨਹੀਂ ਹੋ ਸਕੇਗੀ। ਨਾਮਜਦਗੀ ਪੱਤਰ ਫਾਰਮ 2 ਏ ਵਿਚ ਭਰਕੇ ਦਿੱਤਾ ਜਾ ਸਕੇਗਾ ਜੋ ਕਿ ਜਿਲਾ ਚੋਣ ਅਫਸਰ ਕੋਲ ਉਪਲਬਧ ਹੋਵੇਗਾ। ਉਨਾਂ ਨਾਲ ਹੀ ਕਿਹਾ ਕਿ ਟਾਇਪ ਕੀਤਾ ਹੋਇਆ ਫਾਰਮ ਵੀ ਨਾਮਜਦਗੀ ਲਈ ਵਰਤਿਆ ਜਾ ਸਕੇਗਾ ਪਰ ਉਹ ਨਿਰਧਾਰਿਤ ਪ੍ਰੋਫਾਰਮੇ ਅਨੁਸਾਰ ਹੋਣਾ ਚਾਹੀਦਾ ਹੈ।ਨਾਮਜਦਗੀ ਸਮੇਂ ਉਮੀਦਵਾਰ ਨਾਲ ਕੇਵਲ 5 ਵਿਅਕਤੀ ਹੀ ਰਿਟਰਨਿੰਗ ਅਫਸਰ ਦੇ ਦਫਤਰ ਦਾਖਲ ਹੋ ਸਕਦੇ ਹਨ ਅਤੇ ਰਿਟਰਨਿੰਗ ਅਫਸਰ ਦੇ ਦਫਤਰ ਦੇ 100 ਮੀਟਰ ਦੇ ਘੇਰੇ ਵਿਚ ਉਮੀਦਵਾਰ ਦੇ 3 ਵਾਹਨ ਹੀ ਦਾਖਲ ਹੋ ਸਕਣਗੇ।
ਵਧੀਕ ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਵੋਟਾਂ ਵਾਲੇ ਦਿਨ ਸਵੇਰੇ 6 ਵਜੇ ਸਾਰੇ ਬੂਥਾਂ 'ਤੇ ਮੌਕ ਪੋਲ ਕਰਵਾਏ ਜਾਣ ਦੇ ਨਿਰਦੇਸ਼ ਦਿੱਤੇ ਹਨ ਜਿਸ ਤਹਿਤ ਉਮੀਦਵਾਰਾਂ ਦੇ ਪੋਲਿੰਗ ਏਜੰਟਾਂ ਦੀ ਹਾਜ਼ਰੀ ਵਿਚ ਹਰ ਇਕ ਈ.ਵੀ.ਐਮ. ਮਸ਼ੀਨ 'ਤੇ 50 ਵੋਟਾਂ ਪਾ ਕੇ ਮਸ਼ੀਨਾਂ ਨੂੰ ਚੈੱਕ ਕੀਤਾ ਜਾਵੇਗਾ। ਮੌਕ ਪੋਲ ਦੌਰਾਨ ਵੋਟਿੰਗ ਵੇਲੇ 'ਨੋਟਾ' ਵਾਲੇ ਬਟਨ ਨੂੰ ਵੀ ਵਰਤਿਆ ਜਾਵੇਗਾ। ਉਨਾਂ ਕਿਹਾ ਕਿ ਹਰ ਇਕ ਈ.ਵੀ.ਐਮ. ਮਸ਼ੀਨ ਨੂੰ ਦਰੁਸਤ ਪਾਏ ਜਾਣ 'ਤੇ ਪਹਿਲਾਂ ਮੌਕ ਪੋਲ ਦੌਰਾਨ ਪਾਈਆਂ ਗਈਆਂ ਵੋਟਾਂ ਰੱਦ (ਡਿਲੀਟ) ਕਰਕੇ ਮਸ਼ੀਨ ਨੂੰ ਸੀਲ ਕੀਤਾ ਜਾਵੇਗਾ।ਉਨਾਂ ਨਾਲ ਹੀ ਕਿਹਾ ਕਿ ਪੰਜਾਬ ਦੇ 400 ਬੂਥਾਂ 'ਤੇ ਵੀ.ਵੀ. ਪੈਟ ਪਾਇਲਟ ਪ੍ਰਾਜੈਕਟ ਲਾਗੂ ਕੀਤਾ ਜਾ ਰਿਹਾ ਹੈ ਜਿਸ ਤਹਿਤ ਵੋਟਰ ਨੂੰ ਵੋਟ ਪਾਉਣ ਤੋਂ ਬਾਅਦ ਇਹ ਸਪੱਸ਼ਟ ਹੋ ਜਾਵੇਗਾ ਕਿ ਵੋਟ ਉਸੇ ਉਮੀਦਵਾਰ ਨੂੰ ਪਈ ਹੈ ਜਿਸਨੂੰ ਉਸਨੇ ਪਾਈ ਸੀ। ਉਨਾਂ ਕਿਹਾ ਕਿ ਜਿਸ ਉਮੀਦਵਾਰ ਨੂੰ ਵੋਟਰ ਨੇ ਵੋਟ ਪਾਈ ਸੀ, ਉਸਦਾ ਨਾਮ ਤੇ ਚੋਣ ਨਿਸ਼ਾਨ ਸਬੰਧੀ ਮਸ਼ੀਨ ਦੇ ਨਾਲ ਜੋੜੇ ਗਏ ਯੰਤਰ 'ਤੇ ਦਿਖਾਈ ( ਫਲੈਸ਼) ਹੋਵੇਗਾ। ਉਨਾਂ ਕਿਹਾ ਕਿ ਇਸ ਪ੍ਰਾਜੈਕਟ ਦਾ ਮੰਤਵ ਵੋਟਰ ਨੂੰ ਇਹ ਤਸਦੀਕ ਕਰਵਾਉਣਾ ਹੈ ਕਿ ਉਸਦੀ ਵੋਟ ਉਸੇ ਉਮੀਦਵਾਰ ਨੂੰ ਪਈ ਹੈ, ਜਿਸ ਨੂੰ ਉਸਨੇ ਪਾਈ ਹੈ।ਉਨਾਂ ਕਿਹਾ ਕਿ ਮੁੱਖ ਚੋਣ ਅਧਿਕਾਰੀ, ਪੰਜਾਬ ਦੇ ਦਫਤਰ ਨੂੰ ਹੁਣ ਤੱਕ 406 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨਾਂ ਵਿਚੋਂ 220 ਦਾ ਨਿਪਟਾਰਾ ਹੋ ਚੁੱਕਾ ਹੈ। ਉਨ•ਾਂ ਕਿਹਾ ਕਿ ਵੀ.ਵੀ. ਚੈਨਲਾਂ ਵਲੋਂ ਪ੍ਰਸਾਰਿਤ ਕੀਤੇ ਜਾਂਦੇ ਪ੍ਰੋਗਰਾਮਾਂ ਦੇ ਤੱਥਾਂ ਨੂੰ ਵਾਚਣ ਲਈ ਇਕ ਰਾਜ ਪੱਧਰੀ ਮੀਡੀਆ ਸਰਟੀਫੀਕੇਸ਼ਨ ਤੇ ਮੌਨੀਟਰਿੰਗ ਕਮੇਟੀ ਗਠਿਤ ਕੀਤੀ ਗਈ ਹੈ।