ਹਲਕਾ ਆਤਮ ਨਗਰ ਵਾਰਡ 46 ਵਾਸੀਆਂ ਨੇ ਇਆਲੀ ਨੂੰ ਜਿਤਾਉਣ ਲਈ ਲਿਆ ਸੰਕਲਪ
5 ਦਰਿਆ ਨਿਊਜ਼ (ਅਜੈ ਪਾਹਵਾ)
ਲੁਧਿਆਣਾ 30-Mar-2014
ਲੁਧਿਆਣਾ ਲੋਕ ਸਭਾ ਸੀਟ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੀ ਜੇਤੂ ਚੋਣ ਮੁਹਿੰਮ ਨੂੰ ਹੋਰ ਸਰਗਰਮ ਕਰਨ ਲਈ ਜੱਥੇਦਾਰ ਅਮਰਜੀਤ ਸਿੰਘ ਭਾਟੀਆ ਦੀ ਅਗਵਾਈ ਹੇਠ ਹਲਕਾ ਆਤਮ ਨਗਰ ਦੇ ਵਾਰਡ ਨੰਬਰ 46 ਧੁਰੀ ਲਾਈਨ, ਚਿੱਟੇ ਕੁਆਰਟਰ, ਵਿਕਾਸ ਧਰਮਸ਼ਾਲਾ ਵਿਖੇ ਇੱਕ ਚੋਣ ਮੀਟਿੰਗ ਕਰਵਾਈ ਗਈ, ਜਿਸ ਨੂੰ ਸੰਬੋਧਨ ਕਰਦਿਆਂ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਘਾਣ ਕੀਤਾ ਹੈ ਅਤੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਉਹਨਾਂ ਕਿਹਾ ਕਿ ਵਿਰੋਧੀ ਉਮੀਦਵਾਰਾਂ ਕੋਲ ਕੋਈ ਚੋਣ ਮੁੱਦਾ ਹੀ ਨਹੀਂ ਹੈ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ 'ਚ ਲਿਪਤ ਕਾਂਗਰਸ ਦੀ ਸਰਕਾਰ ਨੂੰ ਜੜੋਂ ਪੁੱਟਣ ਲਈ ਅਤੇ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਸਾਡਾ ਸਾਥ ਦਿਓ ਤਾਂ ਜੋ ਕੇਂਦਰ ਤੋਂ ਵੱਡੇ ਪ੍ਰੋਜੈਕਟ ਅਤੇ ਗ੍ਰਾਂਟਾਂ ਲਿਆ ਵਿਕਾਸ ਕਾਰਜ ਕਰਵਾ ਕੇ ਲੁਧਿਆਣਾ ਸ਼ਹਿਰ ਦੀ ਦਿੱਖ ਬਦਲਣ ਸਕਾਂ। ਸ. ਇਆਲੀ ਨੇ ਕਿਹਾ ਕਿ ਅੱਜ ਮੋਦੀ ਦੀ ਲਹਿਰ ਪੂਰੇ ਦੇਸ਼ ਵਿੱਚ ਚੱਲ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਐਨ.ਡੀ.ਏ. ਦੀ ਸਰਕਾਰ ਦਾ ਝੰਡਾ ਕੇਂਦਰ ਵਿੱਚ ਲਹਿਰਾਏਗਾ ਅਤੇ ਕਿਹਾ ਕਿ ਕਾਂਗਰਸ ਨੇ ਪਿਛਲੇ 50 ਸਾਲਾਂ ਵਿੱਚ ਦੇਸ਼ ਦਾ ਕੁੱਝ ਵੀ ਨਹੀਂ ਸੰਵਾਰ ਸਕੀ ਅਤੇ ਕਾਂਗਰਸ ਨੇ ਮਹਿੰਗਾਈ, ਬੇਰੋਜ਼ਗਾਰੀ ਅਤੇ ਭ੍ਰਿਸ਼ਟਾਚਾਰ ਦਾ ਤੋਹਫਾ ਦੇਸ਼ ਵਾਸੀਆਂ ਨੂੰ ਦਿੱਤਾ ਹੈ ਅਤੇ ਅੱਜ ਦੇਸ਼ ਦਾ ਹਰ ਵਰਗ ਕਾਂਗਰਸ ਦੇ ਜੂਲੇ ਥੱਲੋਂ ਨਿਕਲਣ ਲਈ ਤੱਤਪਰ ਹੈ।ਇਸ ਮੀਟਿੰਗ ਨੂੰ ਜੱਥੇਦਾਰ ਅਮਰਜੀਤ ਸਿੰਘ ਭਾਟੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਆਲੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਓ ਤਾਂ ਜੋ ਸ਼ਹਿਰ ਦਾ ਸਰਵਪੱਖੀ ਵਿਕਾਸ ਹੋ ਸਕੇ। ਇਸ ਮੌਕੇ ਕੌਂਸਲਰ ਸੁਰਜੀਤ ਕੌਰ ਭਾਟੀਆ, ਕੌਂਸਲਰ ਸਵਰਨ ਸਿੰਘ ਮਹੋਲੀ, ਬਲਵਿੰਦਰ ਸਿੰਘ ਭੁੱਲਰ, ਰਜਿੰਦਰ ਸਿੰਘ ਭਾਟੀਆ, ਸੰਨੀ ਖੁਰਾਣਾ, ਰਤਨਦੀਪ ਸਿੰਘ, ਸੁਰਿੰਦਰ ਸਿੰਘ, ਅਮਿਤ ਸ਼ੌਰੀ, ਮਨਜੀਤ ਸਿੰਘ ਆਦਿ ਵਾਰਡ ਵਾਸੀਆਂ ਨੇ ਸ. ਇਆਲੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦੁਆਇਆ।