ਕਾਂਗਰਸ ਦੇ ਸਾਰੇ ਆਗੂ ਜੇਕਰ ਬਲਬੀਰ ਸਿੰਘ ਸਿੱਧੂ ਵਰਗੀ ਕਾਰਜਸ਼ੈਲੀ ਅਪਣਾਉਣ ਤਾਂ ਪਾਰਟੀ ਸੂਬੇ 'ਚ ਕਦੇ ਨਾ ਹਾਰੇ : ਚੀਮਾ
5 ਦਰਿਆ ਨਿਊਜ਼
ਐਸ .ਏ.ਐਸ.ਨਗਰ 30-Mar-2014
ਨਜ਼ਦੀਕੀ ਪਿੰਡ ਸਨੇਟਾ ਵਿਖੇ ਅੰਬਿਕਾ ਸੋਨੀ ਦੇ ਚੋਣ ਪ੍ਰਚਾਰ ਲਈ ਵਿਸ਼ੇਸ਼ ਤੌਰ 'ਤੇ ਸੁਲਤਾਨਪੁਰ ਲੋਧੀ ਤੋਂ ਪਹੁੰਚੇ ਵਿਧਾਇਕ ਨਵਤੇਜ ਸਿੰਘ ਚੀਮਾ ਅੱਜ ਆਪਣੇ ਦੌਰੇ ਦੌਰਾਨ ਹਲਕਾ ਮੋਹਾਲੀ ਅੰਦਰ ਵਿਧਾਇਕ ਬਲਬੀਰ ਸਿੰਘ ਸਿੱਧੂ ਦੀ ਪਕੜ ਵੇਖ ਕੇ ਇੰਨੇ ਪ੍ਰਭਾਵਿਤ ਹੋਏ ਕਿ ਉਹ ਆਪਣੇ ਆਪ ਨੂੰ ਇਹ ਗੱਲ ਆਖਣੋਂ ਨਹੀਂ ਰੋਕ ਸਕੇ ਕਿ ਜੇਕਰ ਸਾਰੇ ਕਾਂਗਰਸੀ ਸ੍ਰ. ਬਲਬੀਰ ਸਿੰਘ ਸਿੱਧੂ ਵਰਗੀ ਕਾਰਜਸ਼ੈਲੀ ਅਪਣਾ ਲੈਣ ਤਾਂ ਪੰਜਾਬ ਵਿਚ ਕਾਂਗਰਸ ਪਾਰਟੀ ਕਦੇ ਨਾ ਹਾਰੇ। ਉਨ੍ਹਾਂ ਕਿਹਾ ਕਿ ਉਹ ਅੱਜ ਪਹਿਲੀ ਵਾਰ ਮੋਹਾਲੀ ਵਿਚ ਦੋ ਚੋਣ ਜਲਸ਼ਿਆਂ ਵਿਚ ਸ਼ਮੂਲੀਅਤ ਕਰਨ ਲਈ ਆਏ ਸਨ ਅਤੇ ਇਥੇ ਆ ਕੇ ਉਨ੍ਹਾਂ ਨੇ ਵੇਖਿਆ ਕਿ ਹਲਕੇ ਦੇ ਲੋਕ ਕਿਸ ਹੱਦ ਤੱਕ ਬਲਬੀਰ ਸਿੰਘ ਸਿੱਧੂ ਨੂੰ ਪਿਆਰ ਕਰਦੇ ਹਨ ਅਤੇ ਉਨ੍ਹਾਂ ਦਾ ਪਿੰਡਾਂ ਵਿਚ ਆਉਣ 'ਤੇ ਪੱਬਾਂ ਭਾਰ ਹੋ ਕੇ ਸੁਆਗਤ ਕਰਦੇ ਹਨ।
ਉਨ੍ਹਾਂ ਕਿਹਾ ਕਿ ਅੱਜ ਦੇ ਚੋਣ ਜਲਸੇ ਵੇਖਣ ਮਗਰੋਂ ਇਹ ਗੱਲ ਸਾਫ ਹੋ ਗਈ ਹੈ ਕਿ ਹਲਕਾ ਮੋਹਾਲੀ 'ਚ ਬੀਬੀ ਅੰਬਿਕਾ ਸੋਨੀ ਦੀ ਜਿੱਤ ਨਿਸ਼ਚਿਤ ਹੈ ਕਿਉਂਕਿ ਇਥੋਂ ਦੇ ਲੋਕ ਸ੍ਰ. ਬਲਬੀਰ ਸਿੰਘ ਸਿੱਧੂ ਦੇ ਹਰ ਇਕ ਬੋਲ ਨੂੰ ਪ੍ਰਵਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਮੋਹਾਲੀ ਦੇ ਲੋਕ ਬਹੁਤ ਹੀ ਭਾਗਾਂ ਵਾਲੇ ਹਨ ਕਿ ਸ੍ਰ. ਬਲਬੀਰ ਸਿੰਘ ਸਿੱਧੂ ਵਰਗਾ ਇਮਾਨਦਾਰ ਅਤੇ ਨੇਕ ਇਨਸਾਨ ਇਥੋਂ ਦੀ ਨੁਮਾਇੰਦਗੀ ਕਰ ਰਿਹਾ ਹੈ ਅਤੇ ਦੂਜਾ ਹੁਣ ਸ੍ਰੀਮਤੀ ਅੰਬਿਕਾ ਸੋਨੀ ਵਰਗੀ ਪੜ੍ਹੀ ਲਿਖੀ ਅਤੇ ਸੂਝਵਾਨ ਨੇਤਾ ਲੋਕ ਸਭਾ ਵਿਚ ਲੋਕਾਂ ਦੀ ਨੁਮਾਇੰਦਗੀ ਕਰੇਗੀ ਅਤੇ ਲੋਕਾਂ ਨੂੰ ਆਪਣੇ ਕਿਸੇ ਵੀ ਕੰਮ ਲਈ ਕੋਈ ਔਕੜ ਮਹਿਸੂਸ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਸ੍ਰ. ਚੀਮਾ ਕਾਂਗਰਸ ਪਾਰਟੀ ਦੇ ਨੌਜਵਾਨ ਵਿਧਾਇਕ ਹਨ ਅਤੇ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਚੋਟੀ ਦੀ ਆਗੂ ਤੇ ਪੰਜਾਬ ਦੀ ਸਾਬਕਾ ਸਿੱਖਿਆ ਮੰਤਰੀ ਡਾ. ਉਪਿੰਦਰਜੀਤ ਕੌਰ ਨੂੰ ਮਾਤ ਦਿੱਤੀ।