5 Dariya News

ਰਵਨੀਤ ਬਿੱਟੂ ਦਾ ਲੁਧਿਆਣਾ ਪਹੁੰਚਣ 'ਤੇ ਸ਼ਾਨਦਾਰ ਸਵਾਗਤ

ਲੁਧਿਆਣਾ ਤੋਂ ਉਮੀਦਵਾਰ ਬਣਨ 'ਤੇ ਸਨਮਾਨਿਆ ਮਹਿਸੂਸ ਕਰ ਰਿਹਾ ਹਾਂ: ਬਿੱਟੂ

5 ਦਰਿਆ ਨਿਊਜ਼ (ਅਜੈ ਪਾਹਵਾ)

ਲੁਧਿਆਣਾ 29-Mar-2014

ਕਾਂਗਰਸ ਪਾਰਟੀ ਦੇ ਉਮੀਦਵਾਰ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਅੱਜ ਲੁਧਿਆਣਾ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਵੱਡੀ ਗਿਣਤੀ 'ਚ ਪਾਰਟੀ ਆਗੂਆਂ-ਵਰਕਰਾਂ ਤੇ ਲੁਧਿਆਣਾ ਵਾਸੀਆਂ ਦੇ ਸਮਰਥਨ ਦੇ ਵਿਚ ਬਿੱਟੂ ਨੂੰ ਪਾਰਟੀ ਝੰਡਿਆਂ ਤੇ ਫੁੱਲਾਂ ਨਾਲ ਸੱਜੇ ਖੁੱਲ੍ਹੇ ਵਾਹਨ 'ਚ ਵਰਧਮਾਨ ਮਿੱਲ ਤੋਂ ਲੈ ਕੇ ਸਮਰਾਲਾ ਚੌਕ, ਸ਼ਿੰਗਾਰ ਸਿਨੇਮਾ ਰੋਡ, ਬਾਬਾ ਥਾਨ ਸਿੰਘ ਚੌਕ, ਡਵੀਜਨ ਨੰ. 3, ਚੌੜਾ ਬਜ਼ਾਰ, ਘੰਟਾਘਰ ਚੌਕ ਲੈ ਜਾਂਦਿਆਂ ਕਾਂਗਰਸ ਦਫਤਰ ਲਿਜਾਇਆ ਗਿਆ।ਜਿਥੋਂ ਉਹ ਜਗਰਾਉਂ ਪੁੱਲ ਗਏ ਅਤੇ ਉਥੇ ਸ਼ਹੀਦ ਏ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਥਾਪਰ ਦੇ ਬੁੱਤਾਂ ਨੂੰ ਨਮਨ ਕਰਕੇ ਬੁਰਾਈਆਂ ਖਿਲਾਫ ਆਪਣੀ ਜੰਗ ਨੂੰ ਜ਼ਾਰੀ ਰੱਖਣ ਦਾ ਪ੍ਰਣ ਲਿਆ। ਇਸ ਤੋਂ ਬਾਅਦ ਬਿੱਟੂ ਸਤਪਾਲ ਮਿੱਤਲ ਰੋਡ ਸਥਿਤ ਆਪਣੇ ਚੋਣ ਦਫਤਰ ਪਹੁੰਚੇ। ਇਸੇ ਦੇ ਨਾਲ ਹੀ ਬਿੱਟੂ ਨੇ ਆਪਣੇ ਚੋਣ ਪ੍ਰਚਾਰ ਦਾ ਅਗਾਜ਼ ਕਰ ਦਿੱਤਾ ਹੈ।

ਇਸ ਤੋਂ ਪਹਿਲਾਂ ਰੋਡ ਸ਼ੋਅ ਦੌਰਾਨ ਵੱਖ ਵੱਖ ਥਾਵਾਂ 'ਤੇ ਪਾਰਟੀ ਵਰਕਰਾਂ ਤੇ ਲੋਕਾਂ ਨੇ ਉਨ੍ਹਾਂ ਨੂੰ ਰੋਕ ਕੇ ਮਿਠਾਈਆਂ ਭੇਂਟ ਕੀਤੀਆਂ ਅਤੇ ਉਨ੍ਹਾਂ 'ਤੇ ਫੁੱਲ ਵਰ੍ਹਾਏ। ਹਰ ਕੋਈ ਪੰਜਾਬ ਦੀ ਸ਼ਾਂਤੀ ਲਈ ਆਪਣਾ ਬਲਿਦਾਨ ਦੇਣ ਵਾਲੇ ਇਸ ਪਰਿਵਾਰ ਦੇ ਬੇਟੇ ਨੂੰ ਦੇਖਣਾ ਚਾਹੁੰਦਾ ਸੀ। ਬਿੱਟੂ ਨੇ ਵੀ ਕਿਸੇ ਨੂੰ ਨਿਰਾਸ਼ ਨਾ ਕੀਤਾ ਅਤੇ ਹਰੇਕ ਵਿਅਕਤੀ ਨੂੰ ਹੱਥ ਜੋੜ ਕੇ ਉਸਦੇ ਪ੍ਰਤੀ ਸਤਿਕਾਰ ਦਾ ਪ੍ਰਗਟਾਵਾ ਕੀਤਾ। ਬਿੱਟੂ ਦੇ ਕਾਫਿਲੇ ਦੇ ਅੱਗੇ ਜੋਸ਼ੀਲੇ ਸਮਰਥਕ ਪਟਾਕੇ ਛੱਡ ਕੇ, ਲੱਡੂ ਵੰਡ ਕੇ ਅਤੇ ਢੋਲ ਦੀ ਥਾਪ 'ਤੇ ਨੱਚ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਸਨ। ਜਦਕਿ ਉਨ੍ਹਾਂ ਦੀ ਗੱਡੀ ਦੇ ਪਿੱਛੇ ਸਮਰਥਕਾਂ ਦੀ ਲੰਬੀ ਕਤਾਰ ਚੱਲ ਰਹੀ ਸੀ। ਕੋਈ ਗੱਡੀ 'ਤੇ, ਤਾਂ ਕੋਈ ਪੈਦਲ ਹੀ ਚੱਲ ਰਿਹਾ ਸੀ ਅਤੇ ਕਾਂਗਰਸ ਪਾਰਟੀ ਤੇ ਬਿੱਟੂ ਦੇ ਸਮਰਥਨ 'ਚ ਜੰਮ੍ਹ ਕੇ ਨਾਅਰੇ ਲਗਾਏ ਜਾ ਰਹੇ ਸਨ।ਇਸ ਮੌਕੇ ਵੱਖ ਵੱਖ ਸਥਾਨਾਂ 'ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਬਿੱਟੂ ਨੇ ਕਿਹਾ ਕਿ ਉਨ੍ਹਾਂ ਦੇ ਦਾਦਾ ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਜੀ ਨੇ ਪੰਜਾਬ 'ਚ ਆਪਸੀ ਭਾਈਚਾਰੇ, ਅਮਨ ਤੇ ਸ਼ਾਂਤੀ ਲਈ ਆਪਣੇ ਪ੍ਰਾਂਣਾਂ ਦਾ ਬਲਿਦਾਨ ਦਿੱਤਾ ਸੀ। ਜਿਹੜੇ ਅੱਜ ਵੀ ਪੰਜਾਬ ਤੇ ਖਾਸ ਕਰਕੇ ਲੁਧਿਆਣਾ ਦੇ ਲੋਕਾਂ ਦੇ ਦਿਲਾਂ 'ਚ ਜਿੰਦਾ ਹਨ। ਉਹ ਸਨਮਾਨ ਮਹਿਸੂਸ ਕਰ ਰਹੇ ਹਨ ਕਿ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਆਪਣੇ ਲੁਧਿਆਣਾ ਵਾਸੀਆਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਦੇ ਲੋਕਾਂ ਦਾ ਦਿਲ ਬਹੁਤ ਵੱਡਾ ਹੈ ਅਤੇ ਉਨ੍ਹਾਂ ਨੂੰ ਆਪਣੇ ਦਿਲਾਂ 'ਚ ਥੋੜ੍ਹੀ ਜਿਹੀ ਜਗ੍ਹਾ ਦਿਓ ਅਤੇ 30 ਅਪ੍ਰੈਲ ਨੂੰ ਕਾਂਗਰਸ ਨੂੰ ਵੋਟ ਦੇ ਕੇ ਆਪਣੀ ਸੇਵਾ ਕਰਨ ਦਾ ਮੌਕਾ ਦਿਓ। ਬਿੱਟੂ ਨੇ ਲੁਧਿਆਣਾ ਦੇ ਵਿਕਾਸ ਤੇ ਨਸ਼ੇ ਦੇ ਦਲਦਲ 'ਚ ਧੱਸਦੀ ਜਾ ਰਹੀ ਨੌਜਵਾਨ ਪੀੜ੍ਹੀ ਪ੍ਰਤੀ ਵੀ ਆਪਣੀ ਚਿੰਤਾ ਜਾਹਿਰ ਕੀਤੀ।

ਇਸ ਕਾਫਿਲੇ 'ਚ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਤੇਜ਼ ਪ੍ਰਕਾਸ਼, ਖੰਨਾ ਤੋਂ ਵਿਧਾਨਕਾਰ ਗੁਰਕੀਰਤ ਸਿੰਘ ਕੋਟਲੀ, ਜਿੰਲ੍ਹਾ ਕਾਂਗਰਸ ਸ਼ਹਿਰੀ ਤੇ ਦਿਹਾਤੀ ਦੇ ਪ੍ਰਧਾਨ ਪਵਨ ਦੀਵਾਨ ਤੇ ਮਲਕੀਅਤ ਸਿੰਘ ਦਾਖਾ, ਵਿਧਾਨਕਾਰ ਭਾਰਤ ਭੂਸਣ ਆਸ਼ੂ, ਸੁਰਿੰਦਰ ਡਾਵਰ, ਰਾਕੇਸ਼ ਪਾਂਡੇ, ਸੀਨੀਅਰ ਆਗੂਆਂ 'ਚ ਅਸ਼ੋਕ ਪਰਾਸ਼ਰ ਪੱਪੀ, ਗੁਰਮੇਲ ਸਿੰਘ ਪਹਿਲਵਾਨ, ਕੇ.ਕੇ ਬਾਵਾ, ਜੱਸੀ ਖੰਗੂੜਾ, ਅਮਰਜੀਤ ਸਿੰਘ ਟਿੱਕਾ, ਕੰਵਲਜੀਤ ਸਿੰਘ ਬਰਾੜ, ਰਵਿੰਦਰਪਾਲ ਸਿੰਘ ਬਰਾੜ, ਪ੍ਰਿਤਪਾਲ ਸਿੰਘ ਘਾਇਲ, ਲੀਨਾ ਟਪਾਰੀਆ, ਗੁਰਜੀਤ ਸਿੰਘ ਭੈਣੀ, ਮੇਜਰ ਸਿੰਘ ਭੈਣੀ, ਕੌਂਸਲਰਾਂ ਤੇ ਆਗੂਆਂ 'ਚ ਵਰਿੰਦਰ ਸਹਿਗਲ, ਹਰਜਿੰਦਰਪਾਲ ਲਾਲੀ, ਅਸਵਨੀ ਸ਼ਰਮਾ, ਮਨਪ੍ਰੀਗ ਗਰੇਵਾਲ, ਮਹਾਰਾਜ ਸਿੰਘ ਰਾਜੀ, ਜੈ ਪ੍ਰਕਾਸ਼ ਸ਼ਰਮਾ, ਪਰਮਿੰਦਰ ਮਹਿਤਾ, ਸੰਜੇ ਤਲਵਾੜ, ਰਾਕੇਸ਼ ਪਰਾਸ਼ਰ, ਮਮਤਾ ਆਸ਼ੂ, ਨਰਿੰਦਰ ਸ਼ਰਮਾ, ਗੁਰਪ੍ਰੀਤ ਗੋਗੀ, ਬਲਕਾਰ ਸਿੰਘ ਸਿੱਧੂ, ਜਰਨੈਲ ਸਿੰਘ ਸ਼ਿਮਲਾਪੁਰੀ, ਗੁਰਮੁੱਖ ਸਿੰਘ ਮਿੱਠੂ, ਪਲਵਿੰਦਰ ਸਿੰਘ ਤੱਗੜ, ਰਾਕੇਸ਼ ਸ਼ਰਮਾ, ਬਲਜਿੰਦਰ ਸਿੰਘ ਬੰਟੀ, ਕੰਵਰਦੀਪ ਪੱਪੀ, ਸ਼ਾਮ ਸੁੰਦਰ ਮਲਹੋਤਰਾ, ਊਸ਼ਾ ਮਲਹੋਤਰਾ, ਦਰਸ਼ਨ ਸਿੰਘ ਵਿਰਕ, ਵਿਕ੍ਰਮ ਸਿੰਘ ਮੋਫਰ, ਆਸ਼ਾ ਗਰਗ, ਗੁਰਦੀਪ ਕੌਰ ਦੁਗਰੀ, ਜਗਦੀਸ਼ ਬਰਾੜ, ਅਜੈ ਜੋਹਰ, ਗੁਰਦੇਵ ਸਿੰਘ ਲਾਪਰਾਂ, ਕਾਲਾ ਸ਼ਰਮਾ, ਸੰਨੀ ਭੱਲਾ, ਸੁਸ਼ੀਲ ਪਰਾਸ਼ਰ ਪ੍ਰਧਾਨ ਕਾਂਗਰਸ ਸੇਵਾ ਦਲ, ਦੀਪਕ ਕਵਾਤਰਾ, ਰਾਜੀਵ ਰਾਜਾ, ਅਨਿਲ ਭਾਰਤੀ ਵੀ ਮੌਜ਼ੂਦ ਰਹੇ।ਇਸ ਮੌਕੇ ਬਿੱਟੂ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਤੇ ਸ੍ਰੀ ਦੁਰਗਾ ਮਾਤਾ ਮੰਦਰ 'ਚ ਨਤਮਸਤਕ ਹੋ ਕੇ ਆਪਣੀ ਕਾਮਯਾਬੀ ਲਈ ਪ੍ਰਾਰਥਨਾ ਕੀਤੀ।

ਲੋਕਾਂ ਦੇ ਪਿਆਰ ਨੇ ਬਿੱਟੂ ਨੂੰ ਕੀਤਾ ਭਾਵੁਕ

ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨ ਮੌਕੇ ਰੋਡ ਸ਼ੋਅ ਦੌਰਾਨ ਲੁਧਿਆਣਾ ਸ਼ਹਿਰ ਦੇ ਪ੍ਰਮੁੱਖ ਗੜ੍ਹ ਚੌੜਾ ਬਜ਼ਾਰ 'ਚ ਦਰਜਨਾਂ ਸਟੇਜਾਂ 'ਤੇ ਲੋਕਾਂ ਤੋਂ ਮਿਲੇ ਪਿਆਰ ਤੇ ਅਸ਼ੀਰਵਾਦ ਨੇ ਸੰਸਦ ਮੈਂਬਰ ਤੇ ਲੁਧਿਆਣਾ ਤੋਂ ਕਾਂਗਰਸ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਭਾਵੁਕ ਬਣਾ ਦਿੱਤਾ। ਜਗਰਾਉਂ ਪੁੱਲ 'ਤੇ ਸ਼ਹੀਦ ਏ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਥਾਪਰ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਬਿੱਟੂ ਨੇ ਕਿਹਾ ਕਿ ਉਹ ਆਪਣੇ ਦਾਦਾ ਤੇ ਸਾਬਾਕ ਮੁੱਖ ਮੰਤਰੀ ਸਵ. ਬੇਅੰਤ ਸਿੰਘ ਜੀ ਦੇ ਨਾਲ ਅਕਸਰ ਲੁਧਿਆਣਾ 'ਚ ਆਯੋਜਿਤ ਹੋਣ ਵਾਲੇ ਸਿਆਸੀ ਤੇ ਸਮਾਜਿਕ ਪ੍ਰੋਗਰਾਮਾਂ 'ਚ ਸ਼ਾਮਿਲ ਹੁੰਦੇ ਸਨ। ਪਰ ਅੱਜ ਰੋਡ ਸ਼ੋਅ ਦੌਰਾਨ ਜੋ ਪਿਆਰ ਤੇ ਅਸ਼ੀਰਵਾਦ ਉਨ੍ਹਾਂ ਨੂੰ ਇਥੋਂ ਦੇ ਲੋਕਾਂ ਨੇ ਦਿੱਤਾ ਹੈ, ਉਸ ਨਾਲ ਮੇਰਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ ਕਿ ਮੇਰੇ ਪਰਿਵਾਰ ਨੇ ਹਮੇਸ਼ਾ ਤੋਂ ਪੰਜਾਬ ਤੇ ਖਾਸ ਕਰਕੇ ਲੁਧਿਆਣਾ ਦੇ ਲੋਕਾਂ ਲਈ ਆਪਣੇ ਜੀਵਨ ਤੱਕ ਦੀ ਪਰਵਾਹ ਨਾ ਕੀਤੀ ਅਤੇ ਅੱਜ ਉਸੇ ਦੀ ਬਦੌਲਤ ਲੋਕਾਂ ਨੇ ਉਨ੍ਹਾਂ ਨੂੰ ਇੰਨਾ ਪਿਆਰ ਤੇ ਸਨੇਹ ਦਿੱਤਾ ਹੈ।

ਬਿੱਟੂ ਦੇ ਰੋਡ ਸ਼ੋਅ ਦੌਰਾਨ ਧੜ੍ਹੇਬੰਦੀ ਦੀਆਂ ਅਫਵਾਹਾਂ ਹੋਈਆਂ ਖਾਰਿਜ਼,ਲੋਕਾਂ ਦਾ ਉਮੜਿਆ ਹਜ਼ੂਮ

ਕਾਂਗਰਸ ਉਮੀਦਵਾਰ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਰੋਡ ਸ਼ੋਅ ਦੌਰਾਨ ਵੱਡੀ ਗਿਣਤੀ 'ਚ ਸ਼ਾਮਿਲ ਹੋਏ ਕਾਂਗਰਸੀ ਆਗੂਆਂ ਨੇ ਪਾਰਟੀ 'ਚ ਧੜ੍ਹੇਬੰਦੀ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ। ਪਾਰਟੀ ਦਾ ਹਰ ਆਗੂ ਬਿੱਟੂ ਦੀ ਜਿੱਤ ਯਕੀਨੀ ਬਣਾਉਣ ਲਈ ਆਪਣੇ ਪੱਧਰ 'ਤੇ ਮੁਮਕਿਨ ਕੋਸ਼ਿਸ਼ ਕਰ ਰਿਹਾ ਹੈ। ਉਥੇ ਹੀ, ਇਸ ਦੌਰਾਨ ਲੋਕਾਂ ਦੇ ਉਮੜੇ ਭਾਰੀ ਹਜ਼ੂਮ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਇਥੋਂ ਤੱਕ ਕਿ ਲੋਕ ਆਪਣੀਆਂ ਛੱਤਾਂ 'ਤੇ ਚੜ੍ਹ ਕੇ ਬਿੱਟੂ ਦੇ ਕਾਫਿਲੇ ਦਾ ਨਜ਼ਾਰਾ ਲੈ ਰਹੇ ਸਨ। ਹਰੇਕ ਦੀ ਜੁਬਾਨ 'ਤੇ ਇਹੋ ਚਰਚਾ ਸੀ ਕਿ ਬਿੱਟੂ ਦੀ ਜਿੱਤ ਯਕੀਨੀ ਹੈ।