ਮੋਹਾਲੀ ਦੇ ਉਦਯੋਗਪਤੀ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਨਾਲ ਸਹਿਮਤ
ਅੰਬਿਕਾ ਸੋਨੀ ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਐਲਾਨ
5 ਦਰਿਆ ਨਿਊਜ਼
ਐਸ .ਏ.ਐਸ.ਨਗਰ 29-Mar-2014
ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਅੰਬਿਕਾ ਸੋਨੀ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਅੱਜ ਉਸ ਵੇਲੇ ਭਾਰੀ ਹੁਲਾਰਾ ਮਿਲਿਆ ਜਦੋਂ ਮੋਹਾਲੀ ਦੇ ਉਦਯੋਗਪਤੀਆਂ ਨੇ ਸ੍ਰੀਮਤੀ ਸੋਨੀ ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਬਾਵਾ ਵਾਈਟ ਹਾਊਸ ਵਿਖੇ ਸ੍ਰੀਮਤੀ ਸੋਨੀ ਵਲੋਂ ਉਦਯੋਗਪਤੀਆਂ ਨਾਲ ਰੱਖੀ ਮੀਟਿੰਗ ਦੌਰਾਨ ਉਦਯੋਗਪਤੀਆਂ ਦੀਆਂ ਦੋ ਸੰਸਥਾਵਾਂ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਅਤੇ ਮੋਹਾਲੀ ਚੈਂਬਰ ਆਫ ਇੰਡਸਟਰੀ ਐਂਡ ਕਾਮਰਸ ਦੇ ਨੁਮਾਇੰਦੇ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਕਾਂਗਰਸ ਪਾਰਟੀ ਵਲੋਂ ਪੇਸ਼ ਕੀਤੇ ਚੋਣ ਮਨੋਰਥ ਨੂੰ ਚੰਗੀ ਤਰ੍ਹਾਂ ਪੜ੍ਹਨ ਮਗਰੋਂ ਇਸ ਨਾਲ ਆਪਣੀ ਪੂਰੀ ਸਹਿਮਤੀ ਪ੍ਰਗਟਾਈ ਅਤੇ ਕਿਹਾ ਕਿ ਇਸ ਸ਼ਾਮਲ ਮੁੱਦਿਆਂ ਨੂੰ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਮਗਰੋਂ ਪਹਿਲ ਦੇ ਅਧਾਰ 'ਤੇ ਲਾਗੂ ਕੀਤਾ ਜਾਵੇ। ਇਸ ਮੌਕੇ ਜਿਥੇ ਉਦਯੋਗਪਤੀਆਂ ਨੇ ਸ੍ਰੀਮਤੀ ਸੋਨੀ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਆਪਣੀਆਂ ਮੰਗਾਂ ਵੀ ਉਨ੍ਹਾਂ ਸਾਹਮਣੇ ਰੱਖੀਆਂ।
ਉਦਯੋਗਪਤੀਆਂ ਨਾਲ ਗੱਲਬਾਤ ਕਰਦੇ ਹੋਏ ਸ੍ਰੀਮਤੀ ਸੋਨੀ ਨੇ ਬੜੇ ਹੀ ਸੁਲਝੇ ਹੋਏ ਤਰੀਕੇ ਨਾਲ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਕਿਹਾ ਕਿ ਉਦਯੋਗਪਤੀਆਂ ਦਾ ਕਿਸੇ ਵੀ ਦੇਸ਼ ਦੀ ਤਰੱਕੀ ਵਿਚ ਬਹੁਤ ਵੱਡਾ ਹੱਥ ਹੁੰਦਾ ਹੈ। ਜੇਕਰ ਉਦਯੋਗਪਤੀ ਹੀ ਨਿਰਾਸ਼ਾ ਦੇ ਆਲਮ ਵਿਚ ਹੋਣਗੇ ਤਾਂ ਉਸ ਦੇਸ਼ ਦੀ ਆਰਥਿਕਤਾ ਵੀ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇੰਡਸਟਰੀ ਬੁਰੀ ਤਰ੍ਹਾਂ ਤਬਾਹ ਹੋ ਚੁਕੀ ਹੈ ਅਤੇ ਪੰਜਾਬ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਅੱਜ ਹਜ਼ਾਰਾਂ ਹੀ ਉਦਯੋਗਪਤੀ ਆਪਣੇ ਕੰਮ ਧੰਦੇ ਇਥੋਂ ਬੰਦ ਕਰਕੇ ਦੂਜੇ ਸੂਬਿਆਂ ਵੱਲ ਜਾ ਰਹੇ ਹਨ। ਜੇਕਰ ਅਕਾਲੀ ਸਰਕਾਰ ਇਸ ਮਾਮਲੇ ਵਿਚ ਜ਼ਰਾ ਜਿੰਨੀ ਵੀ ਗ਼ੰਭੀਰ ਹੁੰਦੀ ਤਾਂ ਅੱਜ ਵੱਡੇ ਵੱਡੇ ਸੰਮੇਲਨਾਂ ਵਿਚ ਬੇਵਜ੍ਹਾ ਪੈਸੇ ਖਰਾਬ ਕਰਨ ਦੀ ਬਜਾਇ ਸੂਬੇ ਵਿਚ ਪਹਿਲਾਂ ਤੋਂ ਕੰਮ ਕਰ ਰਹੇ ਉਦਯੋਗਪਤੀਆਂ ਦੀਆਂ ਸਾਰ ਲੈਂਦੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਕੇ ਪਹਿਲ ਦੇ ਅਧਾਰ 'ਤੇ ਸਹੂਲਤਾਂ ਦਿੰਦੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਆਪਣੀ ਲੀਡਰੀ ਚਮਕਾਉਣ ਲਈ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਫਾਲਤੂ ਦੇ ਸੰਮੇਲਨਾਂ ਵਿਚ ਰੋੜ੍ਹ ਕੇ ਲੋਕਾਂ ਨੂੰ ਭਰਮਾਉਣ 'ਤੇ ਲੱਗਾ ਹੋਇਆ, ਜਿਸ ਨਾਲ ਲੋਕਾਂ ਅਤੇ ਖਾਸ ਕਰਕੇ ਉਦਯੋਗਪਤੀਆਂ ਦਾ ਕੋਈ ਲਾਭ ਨਹੀਂ ਹੋਣ ਵਾਲਾ। ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਅਕਾਲੀ ਸਰਕਾਰ ਦੇ ਸੱਤ ਸਾਲਾਂ ਦੇ ਕਾਰਜਕਾਲ ਦੌਰਾਨ ਸੂਬੇ ਵਿਚ ਇੰਨੇ ਉਦਯੋਗ ਸਥਾਪਿਤ ਨਹੀਂ ਹੋਏ, ਜਿੰਨੇ ਕਿ ਇਥੋਂ ਬਾਹਰ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨਾਲਾਇਕੀ ਕਾਰਨ ਪੰਜਾਬ ਦੇ ਉਦਯੋਗਿਕ ਫੋਕਲ ਪੁਆਇੰਟ ਖੰਡਰ ਬਣਦੇ ਜਾ ਰਹੇ ਹਨ ਅਤੇ ਇਨ੍ਹਾਂ ਵਿਚ ਕੰਮ ਕਰਦੇ ਲੱਖਾਂ ਹੀ ਕਾਮੇ ਵਿਹਲੇ ਹੋ ਕੇ ਆਪਣੇ ਘਰਾਂ ਵਿਚ ਬੈਠੇ ਅਕਾਲੀ ਸਰਕਾਰ ਦਾ ਪਿਟ ਸਿਆਪਾ ਕਰ ਰਹੇ ਹਨ।
ਇਸ ਮੌਕੇ ਉਦਯੋਗਪਤੀਆਂ ਨੇ ਸ੍ਰੀਮਤੀ ਸੋਨੀ ਨੂੰ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਵਲੋਂ ਕੇਂਦਰ ਦੀਆਂ ਕਈ ਲਾਭਦਾਇਕ ਸਕੀਮਾਂ ਨੂੰ ਸੂਬੇ ਵਿਚ ਲਾਗੂ ਨਹੀਂ ਕੀਤਾ ਜਾ ਰਿਹਾ ਅਤੇ ਮੰਗ ਕੀਤੀ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ 'ਤੇ ਦਬਾਅ ਬਣਾਕੇ ਇਨ੍ਹਾਂ ਸਕੀਮਾਂ ਨੂੰ ਪੰਜਾਬ ਵਿਚ ਲਾਗੂ ਕਰਵਾਏ ਤਾਂ ਕਿ ਉਦਯੋਗਪਤੀਆਂ ਰਾਹਤ ਮਿਲ ਸਕੇ। ਇਸ ਮੌਕੇ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ, ਮੀਤ ਪ੍ਰਧਾਨ ਆਰ.ਕੇ. ਗਰਗ, ਜਨਰਲ ਸਕੱਤਰ ਗਗਨ ਛਾਬੜਾ, ਜੁਆਇੰਟ ਸੈਕਟਰੀ ਐੱਚ.ਐੱਸ. ਢੀਂਡਸਾ ਤੇ ਮੁਕੇਸ਼ ਬਾਂਸਲ, ਸਾਬਕਾ ਪ੍ਰਧਾਨ ਐੱਸ.ਐੱਸ. ਸੰਧੂ, ਅਨੁਰਾਗ ਅਗਰਵਾਲ, ਮੋਹਾਲੀ ਚੈਂਬਰ ਆਫ ਇੰਡਸਟਰੀ ਐਂਡ ਕਾਮਰਸ ਦੇ ਪ੍ਰਧਾਨ ਜਸਵੀਰ ਸਿੰਘ ਮਣਕੂ, ਸੰਜੀਵ ਗਰਗ, ਸੁਖਜੀਤ ਸਿੰਘ ਲਹਿਲ, ਰਾਜਪਾਲ ਸਿੰਘ ਵਿਲਖੂ, ਕਾਂਗਰਸੀ ਆਗੂ ਰਜਿੰਦਰ ਸਿੰਘ ਰਾਣਾ, ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਵਿਜੇ ਚਾਵਲਾ, ਸੁਖਦੇਵ ਸਿੰਘ, ਜੋਗਿੰਦਰ ਸਿੰਘ ਜੋਗੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਉਦਯੋਗਪਤੀ ਹਾਜ਼ਰ ਸਨ।