ਆਪਣੀ ਹਾਰ ਵੇਖ ਕੇ ਬੌਖਲਾਇਆ ਚੰਦੂਮਾਜਰਾ ਘਟੀਆ ਬਿਆਨਬਾਜ਼ੀ 'ਤੇ ਉਤਰਿਆ : ਬਲਬੀਰ ਸਿੰਘ ਸਿੱਧੂ
5 ਦਰਿਆ ਨਿਊਜ਼
ਐਸ.ਏ.ਐਸ.ਨਗਰ 26-Mar-2014
ਜ਼ਿਲਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਵਿਚ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਆਪਣੀ ਹਾਰ ਨੂੰ ਪ੍ਰਤੱਖ ਵੇਖ ਕੇ ਅਕਾਲੀ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਬੁਰੀ ਤਰ੍ਹਾਂ ਬੌਖਲਾ ਗਿਆ ਹੈ ਅਤੇ ਹੁਣ ਆਪਣੀ ਡੁੱਬਦੀ ਹੋਈ ਬੇੜੀ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਅੰਬਿਕਾ ਸੋਨੀ ਖਿਲਾਫ ਘਟੀਆ ਬਿਆਨਬਾਜ਼ੀ 'ਤੇ ਉਤਰ ਆਇਆ ਹੈ। ਅੱਜ ਇਥੇ ਆਪਣੇ ਸਮਰਥਕਾਂ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਸਿੱਧੂ ਨੇ ਕਿਹਾ ਕਿ ਪ੍ਰੇਮ ਸਿੰਘ ਚੰਦੂਮਾਜਰਾ ਨੇ ਜੋ ਬੀਬੀ ਸੋਨੀ ਖਿਲਾਫ ਬਿਆਨਬਾਜ਼ੀ ਕੀਤੀ ਹੈ, ਉਸ ਨਾਲ ਪੂਰੀ ਔਰਤ ਜਾਤੀ ਦਾ ਅਪਮਾਨ ਹੋਇਆ ਹੈ। ਇਕ ਪਾਸੇ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਨੰਨ੍ਹੀ ਛਾਂ ਦੀਆਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਅਤੇ ਔਰਤਾਂ ਦੇ ਸਨਮਾਨ ਦੀ ਗੱਲ ਕਹੀ ਜਾਂਦੀ ਹੈ ਪਰੰਤੂ ਦੂਜੇ ਪਾਸੇ ਆਪਣੇ ਆਪ ਨੂੰ ਜ਼ਿਆਦਾ ਪੜ੍ਹਿਆ ਲਿਖਿਆ ਅਖਵਾਉਣ ਵਾਲੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਜੋ ਬਿਆਨਬਾਜ਼ੀ ਕੀਤੀ ਹੈ, ਉਸ ਤੋਂ ਇਹ ਪ੍ਰਤੀਤ ਹੋ ਰਿਹਾ ਹੈ ਕਿ ਪ੍ਰੇਮ ਸਿੰਘ ਚੰਦੂਮਾਜਰਾ ਦਾ ਮਾਨਸਿਕ ਸੰਤੁਲਨ ਵਿਗੜ ਚੁਕਾ ਹੈ ਅਤੇ ਉਹ ਆਪਣੇ ਨਾਂਅ ਨਾਲ ਪ੍ਰੋਫੈਸਰ ਲਗਾਉਣ ਦੇ ਵੀ ਕਾਬਿਲ ਨਹੀਂ।
ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ-ਪੀਰਾਂ ਨੇ ਔਰਤ ਜਾਤੀ ਨੂੰ ਬਹੁਤ ਮਾਣ ਸਤਿਕਾਰ ਬਖਸ਼ਿਆ ਹੈ, ਪਰ ਆਪਣੇ ਆਪ ਨੂੰ ਇਕ ''ਪੰਥਕ'' ਪਾਰਟੀ ਦਾ ਨੇਤਾ ਅਖਵਾਉਣ ਵਾਲਾ ਚੰਦੂਮਾਜਰਾ ਸ਼ਾਇਦ ਆਪਣੇ ਗੁਰੂਆਂ ਵਲੋਂ ਦਿੱਤੀ ਸਿੱਖਿਆ ਨੂੰ ਵੀ ਭੁੱਲ ਚੁਕਾ ਹੈ। ਉਨ੍ਹਾਂ ਚੰਦੂਮਾਜਰਾ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਸ ਨੇ ਤੁਰੰਤ ਬੀਬੀ ਅੰਬਿਕਾ ਸੋਨੀ ਕੋਲੋਂ ਮੁਆਫੀ ਨਾ ਮੰਗੀ ਤਾਂ ਕਾਂਗਰਸੀ ਵਰਕਰਾਂ ਵਲੋਂ ਚੰਦੂ ਮਾਜਰਾ ਦਾ ਹਰ ਜਗ੍ਹਾ ਸਖਤ ਵਿਰੋਧ ਕੀਤਾ ਜਾਵੇਗਾ ਅਤੇ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਵੀ ਕੀਤੀ ਜਾਵੇਗੀ। ਇਸ ਮੌਕੇ ਸ੍ਰ. ਸਿੱਧੂ ਦੇ ਨਾਲ ਰਣਜੀਤ ਸਿੰਘ ਗਿੱਲ ਜਗਤਪੁਰਾ, ਰਾਜੀਵ ਰਾਣਾ, ਕਰਮ ਸਿੰਘ ਮਾਣਕਪੁਰ ਕਲੱਰ, ਬਲਜੀਤ ਸਿੰਘ ਠਸਕਾ, ਐੱਚ.ਐੱਸ. ਢਿੱਲੋਂ, ਐੱਸ.ਡੀ. ਸ਼ਰਮਾ, ਇੰਜ. ਗੁਰਕ੍ਰਿਪਾਲ ਸਿੰਘ ਮਾਨ, ਸੁਰਿੰਦਰ ਸਿੰਘ ਸਾਬਕਾ ਸਰਪੰਚ ਦਾਊਂ, ਸੁਰਿੰਦਰ ਸਿੰਘ ਰਾਏਪੁਰ, ਜਗਦੀਸ ਸਿੰਘ ਪੰਚ ਝਾਮਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਵੀ ਹਾਜ਼ਰ ਸਨ।