ਤਲਵੰਡੀ ਸਾਬੋ ਵਿਧਾਨ ਸਭਾ ਹਲਕਾ ਸੀਟ ਕਥਿਤ ਤੌਰ 'ਤੇ ਖਾਲੀ ਐਲਾਨਣ ਦਾ ਮਾਮਲਾ
ਮੁੱਖ ਚੋਣ ਅਧਿਕਾਰੀ ਨੇ ਸਕੱਤਰ ਵਿਧਾਨ ਸਭਾ ਤੋਂ ਮੰਗੀ ਰਿਪੋਰਟ
5 ਦਰਿਆ ਨਿਊਜ਼
ਚੰਡੀਗੜ੍ਹ 25-Mar-2014
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਸ਼੍ਰੀ ਸੁਖਪਾਲ ਸਿੰਘ ਖਹਿਰਾ ਦੀ ਸ਼ਿਕਾਇਤ ਜਿਸ ਵਿਚ ਉਨ੍ਹਾਂ ਵਿਧਾਨ ਸਭਾ ਵਲੋਂ ਵਿਧਾਇਕ ਸ਼੍ਰੀ ਜੀਤ ਮਹਿੰਦਰ ਸਿੰਘ ਸਿੱਧੂ ਦੇ ਅਸਤੀਫੇ ਉਪਰੰਤ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਦੀ ਸੀਟ ਨੂੰ ਖਾਲੀ ਹੋਣ ਬਾਰੇ 7 ਮਾਰਚ ਨੂੰ ਇੱਕ ਅਧਿਸੂਚਨਾ ਜਾਰੀ ਕੀਤੇ ਜਾਣ ਦਾ ਦੋਸ਼ ਲਾਇਆ ਹੈ, ਬਾਰੇ ਸਕੱਤਰ ਵਿਧਾਨ ਸਭਾ ਤੋਂ ਉਨ੍ਹਾਂ ਦੀ ਟਿੱਪਣੀ ਮੰਗੀ ਹੈ।ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼੍ਰੀ ਰਮਿੰਦਰ ਸਿੰਘ, ਵਧੀਕ ਮੁੱਖ ਚੋਣ ਅਧਿਕਾਰੀ ਪੰਜਾਬ ਨੇ ਦੱਸਿਆ ਕਿ ਦੁਪਿਹਰ ਸਮੇਂ ਸ਼੍ਰੀ ਸੁਖਪਾਲ ਸਿੰਘ ਖਹਿਰਾ ਨੇ ਇਸ ਸਬੰਧੀ ਮੁੱਖ ਚੋਣ ਅਧਿਕਾਰੀ, ਪੰਜਾਬ ਨਾਲ ਮੁਲਾਕਾਤ ਕੀਤੀ ਅਤੇ ਮੁੱਖ ਚੋਣ ਅਧਿਕਾਰੀ ਦੇ ਦਫਤਰ ਵਲੋਂ ਸਕੱਤਰ ਵਿਧਾਨ ਸਭਾ ਤੋਂ ਇਸ ਸਬੰਧੀ ਸ਼ਾਮ ਤੱਕ ਜਵਾਬ ਮੰਗਿਆ ਗਿਆ ਹੈ।
ਇਥੇ ਇਹ ਜ਼ਿਕਰਯੋਗ ਹੈ ਕਿ ਪਹਿਲਾਂ ਵਿਧਾਨ ਸਭਾ ਵਲੋਂ ਇਹ ਸੰਕੇਤ ਦਿੱਤੇ ਗਏ ਸਨ ਕਿ ਇਸ ਮਾਮਲੇ ਵਿਚ ਕਾਨੂੰਨੀ ਪੱਖ ਦਾ ਜਾਇਜ਼ਾ ਲਏ ਜਾਣ ਤੱਕ ਅਧਿਸੂਚਨਾ ਜਾਰੀ ਨਹੀਂ ਕੀਤੀ ਜਾ ਸਕਦੀ। ਸ਼੍ਰੀ ਰਮਿੰਦਰ ਸਿੰਘ ਨੇ ਕਿਹਾ ਕਿ ਮੁੱਖ ਚੋਣ ਅਧਿਕਾਰੀ ਇਸ ਮਾਮਲੇ ਨੂੰ ਭਾਰਤੀ ਚੋਣ ਕਮਿਸ਼ਨ ਕੋਲ ਅਗਲੇਰੀ ਕਾਰਵਾਈ ਲਈ ਭੇਜਣ ਤੋਂ ਪਹਿਲਾਂ ਸਕੱਤਰ ਵਿਧਾਨ ਸਭਾ ਦੇ ਜਵਾਬ ਦਾ ਇੰਤਜ਼ਾਰ ਕਰਨਗੇ।ਚੋਣ ਕਮਿਸ਼ਨ ਨੂੰ ਮਿਲਿਆਂ ਸ਼ਿਕਾਇਤਾਂ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੀ ਰਮਿੰਦਰ ਸਿੰਘ ਨੇ ਕਿਹਾ ਕਿ 5 ਮਾਰਚ, 2014 ਨੂੰ ਆਦਰਸ਼ ਚੋਣ ਜਾਬਤਾ ਹੋਂਦ ਵਿਚ ਆਉਣ ਤੋਂ ਬਾਅਤ ਹੁਣ ਤੱਕ ਕੁੱਲ 309 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿਚੋਂ 64 ਦਾ ਨਿਪਟਾਰਾ ਹੋ ਚੁੱਕਾ ਹੈ ਅਤੇ 245 ਬਕਾਇਆ ਹਨ। ਉਨ੍ਹਾਂ ਦੱਸਿਆ ਕਿ ਜਿਆਦਾਤਰ ਸ਼ਿਕਾਇਤਾਂ ਚੋਣ ਜਾਬਤੇ ਦੀ ਉਲੰਘਣਾ, ਤਬਾਦਲਿਆਂ ਅਤੇ ਛੋਟੇ ਝਗੜਿਆਂ ਬਾਰੇ ਹਨ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀ ਹਦਾਇਤਾਂ ਮੁਤਾਬਕ ਹੁਣ ਤੱਕ 147263 ਲਾਇਸੰਸੀ ਹਥਿਆਰ ਜਮ੍ਹਾਂ ਕੀਤੇ ਜਾ ਚੁੱਕੇ ਹਨ ਅਤੇ ਸਭ ਤੋਂ ਵੱਧ 15775 ਪਟਿਆਲਾ ਜਿਲ੍ਹੇ ਵਿਚ ਅਤੇ ਸਭ ਤੋਂ ਘੱਟ 1451 ਕਪੂਰਥਲਾ ਜਿਲ੍ਹੇ ਵਿਚ ਜਮ੍ਹਾਂ ਹੋਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਇੱਕ ਨਾਜਾਇਜ਼ ਹਥਿਆਰ ਬਰਾਮਦ ਹੋਣ ਸਦਕਾ ਹੁਣ ਤੱਕ ਕੁਲ 34 ਅਜਿਹੇ ਹਥਿਆਰ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 4139 ਗੈਰ-ਜਮਾਨਤੀ ਵਾਰੰਟ ਲਾਗੂ ਹੋ ਚੁੱਕੇ ਹਨ ਅਤੇ 3314 ਅਜੇ ਬਕਾਇਆ ਹਨ। ਉਨ੍ਹਾਂ ਦੱਸਿਆ ਕਿ ਅਮਨ-ਸ਼ਾਂਤੀ ਬਣਾਏ ਰੱਖਣ ਲਈ ਪੰਜਾਬ ਪੁਲਿਸ ਵਲੋਂ ਹੁਣ ਤੱਕ 2145 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਤਰਨ ਤਾਰਨ ਜਿਲ੍ਹੇ ਵਿਚ ਸਭ ਤੋਂ ਵੱਧ 603 ਵਿਅਕਤੀਆਂ ਵਿਰੁੱਧ ਇਹ ਕਾਰਵਾਈ ਕੀਤੀ ਗਈ ਹੈ।
ਉਨ੍ਹਾਂ ਚੋਣ ਕਮਿਸ਼ਨ ਵਲੋਂ ਸ਼ੁਰੂ ਕੀਤੇ ਗਏ 1950 ਨੰਬਰ ਵਾਲੇ ਕਾਲ ਸੈਂਟਰ ਦੇ ਵੇਰਵੇ ਦਿੰਦਿਆਂ ਕਿਹਾ ਕਿ ਇਸ 10 ਲਾਈਨਾਂ ਵਾਲੇ ਕਾਲ ਸੈਂਟਰ 'ਤੇ ਨਿਰੰਤਰ 24 ਘੰਟੇ ਸ਼ਿਕਾਇਤਾਂ ਦਰਜ਼ ਕੀਤੀਆਂ ਜਾਂਦੀਆਂ ਹਨ ਅਤੇ ਹੁਣ ਤੱਕ ਕੁਲ 2674 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿਚੋਂ 2665 ਦਾ ਨਿਪਟਾਰਾ ਹੋ ਗਿਆ ਹੈ ਅਤੇ ਸਭ ਤੋਂ ਵੱਧ ਸ਼ਿਕਾਇਤਾਂ ਲੁਧਿਆਣਾ ਜਿਲ੍ਹੇ ਚੋਂ ਪ੍ਰਾਪਤ ਹੋਈਆਂ ਹਨ।ਵਧੀਕ ਸੀ.ਈ.ਓ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਇਲੈਕਟ੍ਰਾਨਿਕ ਮੀਡੀਆ 'ਤੇ ਸਿਆਸੀ ਇਸ਼ਤਿਹਾਰਬਾਜ਼ੀ ਲਈ ਸਰਟੀਫਿਕੇਟ ਜਾਰੀ ਕਰਨ ਬਾਰੇ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਹਰ ਕੌਮੀ ਅਤੇ ਸਿਆਸੀ ਪਾਰਟੀ ਅਤੇ ਚੋਣ ਲੜ ਰਹੇ ਉਮੀਦਵਾਰ ਜਿਹੜੇ ਇਸ਼ਤਿਹਾਰ ਟੀ.ਵੀ/ਕੇਬਲ ਚੈਨਲਾਂ ਲਈ ਜਾਰੀ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਇਹ ਇਸ਼ਤਿਹਾਰ ਸ਼ੁਰੂ ਹੋਣ ਤੋਂ ਤਿਨ ਦਿਨ ਪਹਿਲਾਂ ਚੋਣ ਕਮਿਸ਼ਨ ਕੋਲ ਪ੍ਰਵਾਨਗੀ ਲਈ ਪਹੁੰਚ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਬਿਨੈ ਪੱਤਰਾਂ ਦੇ ਨਾਲ ਪ੍ਰਸਤਾਵਿਤ ਇਸ਼ਤਿਹਾਰ ਦੀ ਤਸਦੀਕ ਸ਼ੁਦਾ ਪਟਕਥਾ ਦੀਆਂ ਦੋ ਕਾਪੀਆਂ ਵੀ ਨਾਲ ਦੇਣੀਆਂ ਪੈਣਗੀਆਂ।
ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਚੋਣਾਂ ਦੌਰਾਨ ਬੈਂਕਾਂ ਵਲੋਂ ਆਪਣੀ ਨਗਦੀ ਨੂੰ ਲਿਜਾਣ-ਲਿਆਉਣ ਬਾਰੇ ਵਿੱਤ ਮੰਤਰਾਲੇ ਦੀਆਂ ਵਿਸਥਾਰਤ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਬੈਂਕਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਉਹਨਾਂ ਵਲੋਂ ਆਪਣੇ ਕੈਸ਼ ਦੀ ਢੋਅ-ਢੁਆਈ ਲਈ ਜਿਹੜੀਆਂ ਏਜੰਸੀਆਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ ਉਹ ਕਿਸੇ ਵੀ ਸੂਰਤ ਵਿਚ ਕਿਸੇ ਤੀਸਰੇ ਏਜੰਸੀ ਜਾਂ ਵਿਅਕਤੀ ਦੀ ਨਗਦੀ ਨੂੰ ਕਿਤੇ ਲਿਆਉਣ ਜਾਂ ਲਿਜਾਣ ਦਾ ਕੰਮ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੂੰ ਇਹ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਲੋਕ ਸਭਾ ਚੋਣਾਂ ਦੇ ਸਮੇਂ ਦੌਰਾਨ ਸਿਆਸਤਦਾਨਾਂ/ਮੰਤਰੀਆਂ ਬਾਰੇ ਸਮੂਹ ਵੇਰਵੇ ਸਰਕਾਰੀ ਵੈਬਸਾਈਟਾਂ ਤੋਂ ਹਟਾਏ ਜਾਣਗੇ।