ਭਾਰਤੀ ਚੋਣ ਕਮਿਸ਼ਨ ਵਲੋਂ ਵਿਸ਼ੇਸ਼ ਜ਼ਰੂਰਤਾਂ ਵਾਲੇ ਵੋਟਰਾਂ ਨੂੰ ਖਾਸ ਸਹੂਲਤਾਂ ਮੁਹੱਈਆ ਕਰਵਾਉਣ ਦੇ ਹੁਕਮ
5 ਦਰਿਆ ਨਿਊਜ਼
ਚੰਡੀਗੜ੍ਹ 19-Mar-2014
ਭਾਰਤੀ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ 2014 ਦੌਰਾਨ ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਨੂੰ ਖਾਸ ਸਹੂਲਤਾਂ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਭਾਰਤੀ ਚੋਣ ਕਮਿਸ਼ਨ ਵਲੋਂ ਭੇਜੇ ਗਏ ਪੱਤਰ ਅਨੁਸਾਰ ਇਹ ਕਿਹਾ ਗਿਆ ਹੈ ਕਿ ਚੋਣ ਅਮਲਾ ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਨੂੰ ਪੋਲਿੰਗ ਬੂਥ ਵਿਚ ਦਾਖਲੇ ਵੇਲੇ ਪਹਿਲ ਦਿੱਤੀ ਜਾਵੇ ਤੇ ਉਨ੍ਹਾਂ ਨੂੰ ਕਤਾਰ ਵਿਚ ਲਗਕੇ ਉਡੀਕ ਨਾ ਕਰਨੀ ਪਵੇ। ਅਜਿਹੇ ਵੋਟਰਾਂ ਦੀ ਵੀਲ੍ਹ ਚੇਅਰ ਪੋਲਿੰਗ ਬੂਥ ਅੰਦਰ ਦਾਖਲ ਹੋਣ ਲਈ ਵੀ ਉਨ੍ਹਾਂ ਦੀ ਸਹਿਯੋਗ ਦਿੱਤਾ ਜਾਵੇ ਅਤੇ ਜਿਹੜੇ ਪੋਲਿੰਗ ਸਟੇਸ਼ਨ ਵਿਚ ਸਥਾਈ ਰੈਂਪ ਨਹੀਂ ਹੈ ਉੱਥੇ ਅਸਥਾਈ ਰੈਂਪਾਂ ਦੀ ਵਿਵਸਥਾ ਕੀਤੀ ਜਾਵੇ। ਚੋਣ ਕਮਿਸ਼ਨ ਅਨੁਸਾਰ ਪੋਲਿੰਗ ਅਮਲੇ ਨੂੰ ਕੰਡਕਟ ਆਫ ਇਲੈਕਸ਼ਨ ਰੂਲਜ਼ 1961 ਦੇ ਰੂਲ 49 ਐਨ ਬਾਰੇ ਜ਼ਰੂਰ ਜਾਣਕਾਰੀ ਦਿੱਤੀ ਜਾਵੇ ਜਿਸ ਤਹਿਤ ਨੇਤਰਹੀਣ ਵੋਟਰਾਂ ਦੀ ਸਹੂਲਤ ਲਈ ਜੇ ਉਹ ਚਾਹੇ ਤਾਂ ਉਨ੍ਹਾਂ ਦੇ ਨਾਲ ਕਿਸੇ ਸਹਿਯੋਗੀ ਨੂੰ ਜਾਣ ਦੇਣ ਦੀ ਆਗਿਆ ਦਿੱਤੀ ਜਾਵੇ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਚੋਣ ਅਮਲੇ ਨੂੰ ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਪ੍ਰਤੀ ਨਰਮ ਵਿਵਹਾਰ ਕਰਨ ਬਾਰੇ ਵੀ ਸਿਖਲਾਈ ਦਿੱਤੀ ਜਾਵੇ। ਸੁਣਨ ਤੇ ਬੋਲਣ ਤੋਂ ਅਸਮਰੱਥ ਵੋਟਰਾਂ ਦੀ ਵੋਟ ਪਾਉਣ ਵਿਚ ਸਹਾਇਤਾ ਲਈ ਵੀ ਚੋਣ ਕਮਿਸ਼ਨ ਵਲੋਂ ਚੋਣ ਅਮਲੇ ਨੂੰ ਨਿਰਦੇਸ਼ ਦਿੱਤੇ ਗਏ ਹਨ।