5 Dariya News

ਬੀ ਜੇ ਪੀ ਵਿਚ ਸ਼ਾਮਲ ਨਹੀਂ ਹੋਵਾਂਗੀ ਪਰ ਮੋਦੀ ਦੇ ਹੱਕ ਵਿਚ ਡਟਾਂਗੀ - ਕਿਰਨ ਬੇਦੀ

ਲੋਕ ਸਭਾ ਚੋਣਾ ਵਿਚ ਬੀ ਜੇ ਪੀ ਅਤੇ ਮੋਦੀ ਹੀ ਢੁੱਕਵਾਂ ਸਿਆਸੀ ਬਦਲ,ਘਪਲਿਆਂ ਵਿੱਚ ਫਸੀ ਕਾਂਗਰਸ ਨਹੀਂ ਹੈ ਵੋਟਾਂ ਦੀ ਹੱਕਦਾਰ

5 ਦਰਿਆ ਨਿਊਜ਼

ਚੰਡੀਗੜ੍ਹ 14-Mar-2014

ਅੰਨਾ ਹਜ਼ਾਰੇ  ਦੀ ਟੀਮ ਦੀ ਮੈਂਬਰ , ਸਾਬਕਾ ਆਈ ਪੀ ਐਸ  ਅਤੇ ਸਮਾਜ ਸੇਵੀ ਹਸਤੀ ਕਿਰਨ ਬੇਦੀ ਨੇ ਸਪੱਸ਼ਟ  ਕੀਤਾ  ਹੈ ਕਿ ਉਹ ਬੀ ਜੇ ਪੀ  ਵਿਚ ਸ਼ਾਮਲ ਨਹੀਂ ਹੋਵੇਗੀ । ਕਿਰਨ ਦਾ  ਕਹਿਣਾ  ਹੈ ਕਿ ਉਹ ਇੱਕ ਸਿਆਸਤਦਾਨ ਨਹੀਂ ਸਗੋਂ  ਇੱਕ ਸਮਾਜ ਸੇਵਕ   ਹੈ  ਅਤੇ ਰਾਜਨੀਤੀ ਵਿਚ ਨਹੀਂ ਕੁੱਦੇਗੀ।ਪਰ  ਨਾਲ ਹੀ ਉਸ ਨੇ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਦੀ ਮੁੜ ਵਕਾਲਤ ਕੀਤੀ ਹੈ।ਕਿਰਨ ਬੇਦੀ  ਦਾ ਮੰਨਣਾ  ਹੈ ਕਿ ਇਸ ਵੇਲੇ  ਮੁਲਕ  ਵਿਚ ਸਹੀ ਸਿਆਸੀ ਬਦਲ  ਬੀ ਜੇ  ਪੀ   ਅਤੇ ਇਸ ਦੇ ਆਗੂ ਨਰੇਂਦਰ  ਮੋਦੀ ਹੀ  ਹਨ।ਉਸਨੇ  ਕਿਹਾ  ਹੈ  ਕਿ ਘਪਲਿਆਂ  ਵਿੱਚ ਫਸੀ ਕਾਂਗਰਸ ਵੋਟ  ਦੀ ਹੱਕਦਾਰ ਨਹੀਂ  ਹੈ ਅਤੇ  ਦੇਸ਼  ਵਿਚ ਸੁਚੱਜਾ ਸ਼ਾਸ਼ਨ ਦੇਣ ਵਾਲੀ ਸਥਿਰ ਸਰਕਾਰ ਦੀ ਲੋੜ  ਹੈ।ਪੀ ਟੀ ਸੀ ਨਿਊਜ਼ ਦੇ ਤਿਰਛੀ ਨਜ਼ਰ ਸ਼ੋਅ ਵਿਚ ਕਿਰਨ  ਬੇਦੀ ਨੇ ਇੰਨ੍ਹਾ ਖ਼ਬਰਾਂ  ਦਾ  ਖੰਡਨ ਕੀਤਾ ਕਿ ਉਹ ਬੀ ਜੇ  ਪੀ  ਵਿਚ ਸ਼ਾਮਲ  ਹੋਕੇ ਲੋਕ ਸਭਾ ਚੋਣਾ ਲੜੇਗੀ।ਸ਼ਨੀਵਾਰ ਸ਼ਾਮੀਂ 6 ਵਜੇ ਪੀ ਟੀ ਨਿਊਜ਼   ਤੇ ਟੈਲੀਕਾਸਟ ਹੋ ਰਹੇ ਇਸ ਟਾਕ  ਸ਼ੋਅ ਵਿਚ ਕਿਰਨ ਬੇਦੀ ਨੇ ਕਿਹਾ  ਕਿ ਜਨ ਲੋਕ ਪਾਲ ਬਿੱਲ ਅਤੇ ਭਰਿਸ਼ਟਾਚਾਰ  ਦੇ ਮੁੱਦੇ  ਤੇ ਉਹ ਕਾਂਗਰਸ  ਦੇ ਖ਼ਿਲਾਫ਼  ਵੀ ਹੀ ਲੜਾਈ ਲੜਦੇ  ਰਹੇ ਨੇ , ਇਸ ਲਈ ਇਸ ਪਾਰਟੀ ਨੂੰ ਵੋਟ ਨਹੀਂ  ਦੇ ਸਕਦੇ।ਉਸ ਨੇ  ਕਿਹਾ  ਕਿ ਉਹ ਚਾਹੁੰਦੀ ਹੈ ਕਿ ਨਰੇਂਦਰ ਮੋਦੀ ਹੀ ਮੁਲਕ ਦਾ ਅਗਲਾ ਪ੍ਰਧਾਨ ਮੰਤਰੀ ਬਣੇ, ਉਹ  ਮੋਦੀ  ਦੀ ਹਿਮਾਇਤ ਇਸ ਲਈ ਕਰ  ਰਹੇ  ਨੇ  ਕਿ ਮੋਦੀ  ਨੇ ਗੁਜਰਾਤ   ਵਿਚ ਆਪਣੀ ਸ਼ਾਸ਼ਨ ਯੋਗਤਾ ਦਿਖਾਈ ਹੈ। ਪਰ ਨਾਲ ਹੀ ਕਿਰਨ ਨੇ ਇਹ ਵੀ ਕਿਹਾ  ਕਿ ਉਹ ਬੀ ਜੇ ਪੀ  ਅਤੇ ਮੋਦੀ ਦੀ ਸਰਕਾਰ  ਨੂੰ ਵੀ ਪਰਖਣਗੇ । ਜੇ ਇਹ ਲੋਕਾਂ ਦੀਆਂ ਉਮੀਦਾਂ ਤੇ ਪੂਰੀ ਨਾ ਉੱਤਰੀ ਤਾਂ ਉਸ ਦੇ ਖ਼ਿਲਾਫ਼  ਵੀ ਝੰਡਾ ਚੁੱਕਣਗੇ।

ਕਿਰਨ ਬੇਦੀ  ਦੇ ਪੁਰਾਣੇ  ਸਾਥੀ ਅਰਵਿੰਦ ਕੇਜਰੀਵਾਲ  ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ  ਵਿਚ ਉਸ ਨੇ ਕਿਹਾ  ਕਿ ਕੇਜਰੀਵਾਲ '' ਖ਼ੁਦ ਵੀ ਗੁੰਮਰਾਹ ਹੋ ਰਹੇ ਨੇ ਲੋਕਾਂ ਨੂੰ ਵੀ ਗੁੰਮਰਾਹ ਕਰ  ਰਹੇ ਨੇ ।ਉਸ ਨੇ ਆਪਣਾ ਰਸਤਾ ਛੱਡਿਆ ਹੈ ਮੈਂ ਨਹੀਂ ''।ਉਸ ਨੇ ਕਿਹਾ ਕਿ ਉਹ ਮੁਲਕ ਨੂੰ ਟੁਕੜਿਆਂ ਵਿੱਚ ਵੰਡਣ  ਦੇ ਹੱਕ ਵਿਚ ਨਹੀਂ ਅਤੇ ਖ਼ੁਦ ਟੁਕੜਿਆਂ ਵਿਚ ਵੰਡੀ ਪਾਰਟੀ ਦੀ ਹਿਮਾਇਤ ਕਿਵੇਂ ਕਰ ਸਕਦੇ ਨੇ।ਆਨਾ ਹਜ਼ਾਰੇ  ਵੱਲੋਂ ਮਮਤਾ ਬੈਨਰਜੀ ਦੀ ਹਿਮਾਇਤ ਕਰਨ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਨੂੰ ਕਿਰਨ ਬੇਦੀ ਨੇ ਟਾਲ ਦਿੱਤਾ ।ਤਿਰਛੀ  ਨਜ਼ਰ   ਦੇ ਹੋਸਟ ਬਲਜੀਤ  ਬੱਲੀ ਦੇ ਸਵਾਲਾਂ  ਦੇ  ਜਵਾਬ  ਨਾਲ ਠੇਠ ਪੰਜਾਬੀ ਭਾਸ਼ਾ  ਵਿਚ ਦਿੰਦੇ ਹੋਏ ਕਿਰਨ ਬੇਦੀ ਨੇ ਆਪਣੇ ਪੁਲਿਸ ਅਫ਼ਸਰ ਵਾਲੇ ਕੈਰੀਅਰ  ਅਤੇ ਆਪਣੀ ਨਿੱਜੀ ਜੀਵਨ ਦੇ  ਵੀ ਕੁਝ  ਅਣਫੋਲੇ ਪੰਨਿਆ ਦਾ ਵੀ ਖ਼ੁਲਾਸਾ  ਕੀਤਾ ਹੈ।ਉਸਨੇ ਦੱਸਿਆ  ਕਿ ਉਸਦੀਆਂ ਬਦਲੀਆਂ ਕਰਨ ਅਤੇ ਉਸ ਨੂੰ ਆਜ਼ਾਦਾਨਾ ਕੰਮ ਕਰਨ ਵਿਚ ਰੋਕਣ ਪੱਖੋਂ ਹੋਰਨਾ ਗੱਲਾਂ ਤੋਂ ਇਲਾਵਾ ਮਰਦਾਵੀਂ ਹਉਮੈ ਵੀ ਕੰਮ ਕਰਦੀ ਰਹੀ। ਪਰ ਉਸਨੇ ਕੁਝ ਮਰਦ ਪੁਲਿਸ ਅਫ਼ਸਰਾਂ ਦਾ ਨਾਂ ਲੈਕੇ ਉਨ੍ਹਾ  ਦੇ ਕਾਰ -ਵਿਹਾਰ  ਦੀ ਪ੍ਰਸ਼ੰਸ਼ਾ ਵੀ ਕੀਤੀ।

ਉਹ ਕਿਰਨ ਬੇਦੀ ਤੋਂ ਕਰੇਨ ਬੇਦੀ ਕਿਵੇਂ ਬਣੀ, ਕਿਵੇਂ  1982  ਵਿੱਚ ਏਸ਼ੀਅਨ  ਖੇਡਾਂ ਮੌਕੇ  ਉਸਦੀ ਹਿਦਾਇਤ ਤੇ ਉਸ ਵੇਲੇ  ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਟਾਫ਼ ਕਾਰ ਨੂੰ ਵੀ ਗ਼ਲਤ ਪਾਰਕਿੰਗ ਦੇ ਜੁਰਮ  ਵਿਚ ਕਰੇਂ ਰਹੀ ਚੁੱਕ ਲਿਆ ਗਿਆ, ਇਹ ਸਾਰੇ ਕਿੱਸੇ ਕਿਰਨ ਨੇ ਇਸ ਰੂ-ਬ-ਰੂ ਵਿੱਚ ਦਿਲਚਸਪੀ ਨਾਲ ਸੁਣਾਏ ਨੇ।ਚੰਡੀਗੜ੍ਹ ਵਿਚ ਉਨ੍ਹਾ  ਹੀ ਦਿਨਾਂ  ਵਿਚ ਆਪਣੀ 41  ਦਿਨ  ਦੀ ਆਈ ਜੀ ਵੱਜੋਂ ਨਿਭਾਈ ਸੇਵਾ ਬਾਰੇ ਵੀ ਉਸਨੇ  ਖੁੱਲ੍ਹ ਕੇ ਦੱਸਿਆ ਕਿ ਉਸ ਵੇਲੇ  ਦੀ ਹੋਮ ਸੈਕਟਰੀ ਨਾਲ ਉਸਦਾ ਪੰਗਾ ਇਸ ਗੱਲੋਂ ਪਿਆ ਕਿ ਉਹ ਆਈ ਜੀ ਦੀ ਮਰਜ਼ੀ  ਬਿਨਾਂ ਹੇਠਲੇ ਪੁਲਿਸ ਵਾਲਿਆਂ ਨੂੰ ਮੁਅੱਤਲ ਕਰ ਦਿੰਦੀ ਸੀ ਅਤੇ ਪੁਲਿਸ  ਦੇ ਕੰਮ ਵਿਚ ਨਜ਼ਾਇਜ਼ ਦਖ਼ਲ ਦਿੰਦੀ ਸੀ।ਜਦੋਂ ਇਹ ਪੁੱਛਿਆ  ਗਿਆ ਕਿ ਉਹ ਹਮੇਸ਼ਾ ਵਿਵਾਦਾਂ  ਵਿਚ ਹੀ ਰਹਿੰਦੀ ਹੈ ਤਾਂ ਕਿਰਨ ਬੇਦੀ ਦਾ ਜਵਾਬ ਸੀ  ਕਿ ਉਹ ਬੇਇਨਸਾਫ਼ੀ ਬਰਦਾਸ਼ਤ ਨਹੀਂ ਕਰਦੀਨਹੀਂ ਸਹਿੰਦੀ  ਅਤੇ ਤੱਟ-ਫ਼ੈਸਲੇ ਕਰਨ ਦੀ ਆਦੀ ਹ ਜੋ ਬਹੁਤੇ ਲੋਕਾਂ ਨੂੰ ਪਸੰਦ ਨਹੀਂ ਹੁੰਦਾ ।ਤਿਰਛੀ ਨਜ਼ਰ  ਵਿਚ ਕਿਰਨ ਬੇਦੀ ਨੇ ਆਪਣੀ ਜ਼ਾਤੀ ਜ਼ਿੰਦਗੀ  ਦੇ ਕੁਝ ਲੁਕੇ ਪੰਨੇ ਵੀ ਫਰੋਲੇ ਹਨ । ਜਵਾਨੀ ਵਿਚ ਕਿਵੇਂ ਅਤੇ ਕਿੱਥੇ ਉਸ ਨੂੰ ਇਸ਼ਕ ਹੋਇਆ , ਕਿਵੇਂ ਉਸ ਨੇ ਲਵ ਮੈਰਿਜ ਕਰਵਾਈ,ਉਸਦੇ ਆਪਣੇ ਪਤੀ ਬ੍ਰਿਜ ਬੇਦੀ ਨਾਲ ਰਿਸ਼ਤੇ ਕਿਹੋ ਰਹੇ, ਆਪਣੇ ਪੇਕੇ ਅਤੇ  ਸਹੁਰੇ ਪਰਿਵਾਰ ਨਾਲ ਕਿਹੋ ਜਿਹੀ ਸਾਂਝ ਰਹੀ, ਅੰਮ੍ਰਿਤਸਰ  ਸ਼ਹਿਰ ਦੀਆਂ ਯਾਦਾਂ ਕਿਹੋ ਜਿਹੀਆਂ ਨੇ ਉਸ ਦੇ ਮਨ ਵਿਚ ਉਹ ਕਿਸ ਧਰਮ ਨੂੰ ਮੰਨਦੀ ਹੈ ਅਤੇ ਉਹ ਮਰਦਾਵੀਂ ਪੁਸ਼ਾਕ ਹੀ ਕਿਓਂ ਪਾਉਂਦੀ ਹੈ ਆਦਿਕ ਸਵਾਲਾਂ ਬਾਰੇ ਉਸਨੇ ਖੁੱਲ੍ਹ ਕੇ ਗੱਲਾਂ ਕੀਤੀਆਂ ਨੇ।ਜਵਾਨੀ ਦੇ  ਦਿਨਾਂ ਵਿਚ ਉਹ ਕਿਵੇਂ ਸੈੱਕਸੂਅਲ  ਛੇੜਖ਼ਾਨੀ ਦਾ ਸ਼ਿਕਾਰ ਹੁੰਦੀ ਰਹੀ ਅਤੇ ਉਸ ਦਾ ਜਵਾਬ ਕੀ ਹੁੰਦਾ  ਸੀ -ਅਜਿਹੇ ਰੌਚਿਕ ਕਿੱਸੇ ਵੀ ਕਿਰਨ ਦੀ ਆਪਣੀ ਜ਼ਬਾਨੀ ਇਸ ਸ਼ੋਅ  ਵਿਚ ਦਰਸ਼ਕਾਂ ਨੂੰ ਮਿਲਣਗੇ।