5 Dariya News

ਜਿਹੜੀ ਸਰਕਾਰ ਵਸਨੀਕਾਂ ਦੀ ਸਿਹਤ ਦਾ ਧਿਆਨ ਨਹੀਂ ਰੱਖ ਸਕਦੀ, ਉਸਨੂੰ ਸਰਕਾਰ ਵਿੱਚ ਬਣੇ ਰਹਿਣ ਦਾ ਕੋਈ ਹੱਕ ਨਹੀਂ : ਬਲਬੀਰ ਸਿੰਘ ਸਿੱਧੂ

5 ਦਰਿਆ ਨਿਊਜ਼

ਐਸ.ਏ.ਐਸ.ਨਗਰ 14-Mar-2014

ਮੁਹਾਲੀ ਦੇ ਨਾਲ ਲੱਗਦੇ ਪਿੰਡ ਬਲੌਂਗੀ ਦੇ ਵਸਨੀਕ ਸੀਵਰੇਜ ਦੇ ਪਾਣੀ ਦੇ ਰਿਸ ਕੇ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਮਿਲਣ ਕਾਰਨ ਪਿੰਡ ਵਿੱਚ ਫੈਲ ਰਹੀਆਂ ਬਿਮਾਰੀਆਂ ਕਾਰਨ ਹਾਹਾਕਾਰ ਕਰ ਰਹੇ ਹਨ ਪਰ ਪ੍ਰਸ਼ਾਸ਼ਨ ਕੋਈ ਕਾਰਵਾਈ ਨਹੀਂ ਕਰ ਰਿਹਾ। ਇੱਥੋਂ ਦੇ ਵਸਨੀਕਾਂ ਨੇ ਅੱਜ ਬੀ ਬੀ ਪ੍ਰੇਮੀ ਸੀ. ਕਾਂਗਰਸੀ ਆਗੂ ਦੀ ਅਗਵਾਈ ਹੇਠ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਪਾਣੀ ਦੇ ਸੈਂਪਲ ਫੇਲ੍ਹ ਹੋਣ ਵਾਲੀ ਤਾਜਾ ਚਿੱਠੀ ਸੌਂਪ ਕੇ ਉਨ੍ਹਾਂ ਨੂੰ ਇਸ ਸਬੰਧੀ ਪਿੰਡ ਦੇ ਹਾਲਾਤਾਂ ਦੀ ਜਾਣਕਾਰੀ ਦਿੱਤੀ। ਸਿੱਧੂ ਨੇ ਇਸ ਮਾਮਲੇ ਵਿੱਚ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਕਿਹਾ ਹੈ ਕਿ ਅਕਾਲੀ-ਭਾਜਪਾ ਸਰਕਾਰ ਦੇ ਰਾਜ ਵਿੱਚ ਲੋਕ ਬਿਮਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਦੀ ਟੈਂਕੀ ਲੀਕ ਕਰ ਰਹੀ ਹੈ ਜਿਸ ਉੱਤੇ ਸਰਕਾਰ ਨੇ ਲਗਭਗ ਇੱਕ ਕਰੋੜ ਰੁਪਏ ਖਰਚ ਕੀਤੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਟੈਂਕੀ ਵਿੱਚ ਲੱਗੇ ਮਟੀਰੀਅਲ ਦੀ ਵੀ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਸ੍ਰ. ਰਾਮੂਵਾਲੀਆ ਦੀ ਬੇਟੀ ਨੇ ਇਹ ਦਾਅਵਾ ਕੀਤਾ ਸੀ ਕਿ ਇੱਕ ਕਰੋੜ ਰੁਪਏ ਖਰਚ ਕਰਕੇ ਟੈਂਕੀ ਬਣਾਈ ਗਈ ਹੈ ਪਰ ਇੰਝ ਜਾਪਦਾ ਹੈ ਕਿ ਇੱਥੇ ਮਿੱਟੀ ਨਾਲ ਹੀ ਟੈਂਕੀ ਉਸਾਰ ਦਿੱਤੀ ਗਈ ਹੈ ਜਿਸਦੀ ਜਾਂਚ ਹੋਣੀ ਚਾਹੀਦੀ ਹੈ।

ਸਿੱਧੂ ਨੇ ਕਿਹਾ ਕਿ ਜਿਹੜੀ ਸਰਕਾਰ ਆਪਣੇ ਵਸਨੀਕਾਂ ਦੀ ਸਿਹਤ ਦਾ ਧਿਆਨ ਵੀ ਨਹੀਂ ਰੱਖ ਸਕਦੀ, ਉਸਨੂੰ ਸਰਕਾਰ ਵਿੱਚ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕ ਪੀਲੀਆ, ਟਾਈਫਾਈਡ, ਪ/ਚਿਸ਼ ਆਦਿ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਸੀਵਰੇਜ ਨਾਲ ਮਿਕਸ ਹੋਇਆ ਪੀਣ ਵਾਲਾ ਪਾਣੀ ਪੀਣ ਨੂੰ ਦਿੱਤਾ ਜਾ ਰਿਹਾ ਹੈ ਜੋ ਕਿ ਪੀਣ ਯੋਗ ਨਹੀਂ ਹੈ ਪਰ ਸਰਕਾਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ। ਸਿੱਧੂ ਨੇ ਕਿਹਾ ਕਿ ਸਿਹਤ ਵਿਭਾਗ ਨੇ ਕਾਰਜਕਾਰੀ ਇੰਜਨੀਅਰ ਜਲ ਸਪਲਾਈ ਸੈਨੀਟੇਸ਼ਨ ਮੰਡਲ 3 ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਪਾਣੀ ਦੀ ਟੈਂਕੀ ਦੀ ਤੁਰੰਤ ਚੰਗੀ ਤਰ੍ਹਾਂ ਸਫਾਈ ਕਰਵਾਈ ਜਾਵੇ, ਪਾਣੀ ਕਲੋਰੀਨੇਸ਼ਨ ਕਰਨ ਉਪਰੰਤ ਹੀ ਸਪਲਾਈ ਕੀਤਾ ਜਾਵੇ, ਟਿਊਬਵੈਲ ਨੂੰ ਉਚਿਤ ਡੂੰਘਾਈ ਤੱਕ ਕੀਤਾ ਜਾਵੇ ਅਤੇ ਪਾਈਪਾਂ ਦੀ ਲੀਕੇਜ ਚੈਕ ਕਰਕੇ ਪਾਣੀ ਦੀ ਲੀਕੇਜ ਬੰਦ ਕਰਵਾਈ ਜਾਵੇ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਅਤੇ ਅੱਜ ਵੀ ਹਾਲਾਤ ਉਹੀ ਹਨ। ਸ੍ਰ. ਸਿੱਧੂ ਨੇ ਕਿਹਾ ਕਿ ਨਵੀਂ ਬਣੀ ਟੈਂਕੀ ਵਿੱਚੋਂ ਪਾਣੀ ਚੋਣ ਦਾ ਮਾਮਲਾ ਸ਼ੱਕ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਟੈਂਕੀ ਨੂੰ ਬਨਾਉਣ ਵਿੱਚ ਘਟੀਆ ਮਟੀਰੀਅਲ ਸਪਲਾਈ ਕੀਤਾ ਗਿਆ ਹੈ ਜਿਸ ਕਾਰਨ ਇਹ ਪਾਣੀ ਲੀਕ ਹੋ ਰਿਹਾ ਹੈ ਲਿਹਾਜਾ ਇਸਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਜਿੰਮੇਵਾਰ ਵਿਅਕਤੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।  ਇਸ ਮੌਕੇ ਕੁਲਵੰਤ ਰਾਣਾ ਸਰਕਲ ਪ੍ਰਧਾਨ ਬਲੌਂਗੀ ਕਾਂਗਰਸ, ਕੁਲਵਿੰਦਰ ਸ਼ਰਮਾ ਸੀ. ਮੀਤ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਅਤੇ ਦਵਿੰਦਰ ਸਿੰਘ ਬੱਬੂ ਸੈਣੀ ਜਨ. ਸਕੱਤਰ ਜਿਲ੍ਹਾ ਕਾਂਗਰਸ ਕਮੇਟੀ ਵੀ ਹਾਜਿਰ ਸਨ।