5 Dariya News

ਵਿਧਾਨ ਸਭਾ ਚੋਣਾਂ ਦੋਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦਾ ਦਮ ਪੰਜਾਬ ਸਰਕਾਰ ਵਿਚ ਨਹੀਂ : ਸਿੱਧੂ

5 ਦਰਿਆ ਨਿਊਜ਼

ਐਸ.ਏ.ਐਸ ਨਗਰ 07-Mar-2014

ਹਲਕਾ ਮੋਹਾਲੀ ਦੇ ਸੀਨੀਅਰ ਕਾਂਗਰਸੀ ਵਿਧਾਇਕ ਅਤੇ ਜਿਲ੍ਹਾਂ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਤੇ ਚੌਣ ਵਾਅਦਿਆਂ ਤੋਂ ਭੱਜਣ ਦਾ ਦੋਸ਼ ਲਗਾਇਆ ਹੈ। ਸ਼੍ਰੀ ਸਿੱਧੂ ਅੱਜ ਫੇਜ 6 ਵਿਖੇ ਇੱਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ ਅਤੇ ਉਨ੍ਹਾਂ ਨੇ ਕਿਹਾ ਕਿ ਕੈਬਨਿਟ ਮੰਤਰੀ ਅਨਿਲ ਜੋਸ਼ੀ ਅਤੇ ਅਕਾਲੀ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਪ੍ਰਾਪਰਟੀ ਟੈਕਸ ਮਾਫ ਕਰਨ ਦਾ ਬਿਆਨ ਦਿੱਤਾ ਸੀ। ਇਹ ਪ੍ਰਾਪਰਟੀ ਟੈਕਸ ਵਿਧਾਨ ਸਭਾ ਵਿਚ ਮਤਾ ਲਿਆ ਕੇ ਖਤਮ ਕੀਤਾ ਜਾ ਸਕਦਾ ਸੀ ਪਰ ਸੂਬਾ ਸਰਕਾਰ ਨੇ ਅਜਿਹਾ ਕੋਈ ਵੀ ਮਤਾ ਵਿਧਾਨ ਸਭਾ ਵਿਚ ਪਾਸ ਨਹੀਂ ਕਰਵਾਇਆ। ਜੇਕਰ ਸਰਕਾਰ ਲੋਕਾਂ ਦੀ ਭਲਾਈ ਖਾਤਰ ਪ੍ਰਾਪਰਟੀ ਟੈਕਸ ਖਤਮ ਕਰਨ ਸਬੰਧੀ ਕੋਈ ਮਤਾ ਵਿਧਾਨ ਸਭਾ ਵਿਚ ਲਿਆਂਉਂਦੀ ਹੈ ਤਾਂ ਕਾਂਗਰਸ ਪਾਰਟੀ ਵੱਲੋਂ ਉਸ ਦਾ ਡੱਟ ਕੇ ਸਮਰਥਨ ਕੀਤਾ ਜਾਣਾ ਸੀ। ਸ਼ੀ੍ਰ ਸਿੱਧੂ ਨੇ ਕਿਹਾ ਕਿ ਵਿਧਾਨ ਸਭਾ ਚੌਣਾਂ ਦੌਰਾਨ ਅਕਾਲੀ ਆਗੂਆਂ ਨੇ ਬੁਢਾਪਾ ਪੈਨਸ਼ਨ, ਆਸ਼ੀਰਵਾਦ ਸਕੀਮ ਦੀ ਰਾਸ਼ੀ ਦੁੱਗਣੀ ਕਰਨ ਦਾ ਵਾਅਦਾ ਲੋਕਾਂ ਨਾਲ ਕੀਤਾ ਸੀ। 

ਪਰ ਬੀਤੇ ਦਿਨੀਂ ਸਮਾਜ ਭਲਾਈ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਅਤੇ ਸਮਾਜਿਕ ਸੁਰੱਖਿਆ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਪੰਜਾਬ ਵਿਧਾਨ ਸਭਾ ਵਿਚ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤੀ ਕਿ ਪੰਜਾਬ ਸਰਕਾਰ ਵੱਲੋਂ ਨਾ ਤਾਂ ਬੁਢਾਪਾ ਪੈਨਸ਼ਨ ਵਧਾਈ ਜਾਵੇਗੀ ਅਤੇ ਨਾ ਹੀ ਗਰੀਬ ਧੀਆਂ ਨੂੰ ਦਿੱਤੀ ਜਾਂਦੀ ਆਸ਼ੀਰਵਾਰ ਸਕੀਮ ਦੇ ਪੈਸਿਆਂ ਵਿਚ ਕੋਈ ਵਾਧਾ ਕੀਤਾ ਜਾਵੇਗਾ। ਉੁਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਸੂਬੇ ਦੇ ਗਰੀਬ ਲੋਕਾਂ ਦੇ ਢਿੱਡ ਉਪਰ ਲੱਤ ਮਾਰ ਕੇ ਆਪਣੇ ਲਈ ਹੈਲੀਕਾਪਟਰ, ਲਗਜ਼ਰੀ ਕਾਰਾਂ ਤਾ ਖਰੀਦ ਸਕਦੀ ਹੈ ਪਰ ਵਿਧਾਨ ਸਭਾ ਚੋਣਾਂ ਦੋਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦਾ ਦਮ ਪੰਜਾਬ ਸਰਕਾਰ ਵਿਚ ਨਹੀਂ। ਉਨ੍ਹਾਂ ਦੋਸ਼ ਲਗਾਇਆ ਕਿ ਅਕਾਲੀ ਆਗੂ ਫੌਕੀ ਬਿਆਨ ਬਾਜੀ ਕਰਨ ਤੇ ਲੱਗੇ ਹੋਏ ਹਨ ਅਤੇ ਸਰਕਾਰ ਨੂੰ ਆਪਣਾ ਵਾਅਦਾ ਖਿਲਾਫੀ ਦਾ ਨਤੀਜ਼ਾ ਅਗਾਮੀ ਲੋਕ ਸਭਾ ਚੌਣਾਂ ਵਿਚ ਭੁਗਤਣਾ ਪਵੇਗਾ। ਇਸ ਮੌਕੇ ਵੈਲਫੇਅਰ ਐਸੋਸੀਏਸਨ ਦੇ ਪ੍ਰਧਾਨ ਨਰਾਇਣ ਸਿੰਘ ਸਿੱਧੂ ਦੀ ਅਗਵਾਈ ਦੇ ਵਿਚ ਫੇਜ 6 ਪੁੱਜਣ ਤੇ ਵਿਧਾਇਕ ਸ਼੍ਰੀ ਸਿੱਧੂ ਦਾ ਜੋਰਦਾਰ ਸਵਾਗਤ ਕੀਤਾ ਗਿਆ ਅਤੇ ਵੈਲਫੇਅਰ ਐਸੋਸ਼ੀਏਸ਼ਨ ਵੱਲੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਪੂਰਨ ਹਿਮਾਇਤ ਦੇਣ ਦਾ ਭਰੋਸਾ ਦਿਵਾਇਆ ਗਿਆ। ਇਸ ਮੌਕੇ ਹੋਰਂਨਾ ਤੋਂ ਇਲਾਵਾ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਨਰਾਇਣ ਸਿੰਘ ਸਿੱਧੂ ਪ੍ਰਧਾਨ ਵੈਲਫੇਅਰ ਐਸੋਸੀਏਸ਼ਨ ਫੇਜ 6 ਮੋਹਾਲੀ, ਐਮ ਐਸ ਢਿੱਲੋ ਪ੍ਰਧਾਨ ਮੁਹੱਲਾ ਕਮੇਟੀ, ਉਮਾਕਾਂਤ ਤਿਵਾੜੀ, ਗੁਰਦੀਪ ਸਿੰਘ ਗੁਲਾਟੀ, ਸਵਰਣ ਸਿੰਘ ਬੈਦਵਾਣ, ਬਲਵਿੰਦਰ ਸਿੰਘ, ਐਡਵੋਕੇਟ ਭਾਰਤ ਭੂਸ਼ਨ ਗੋਤਮ, ਐਡਵੋਕੇਟ ਲਾਭ ਸਿੰਘ ਘੁੰਮਣ, ਐਚ.ਅਸ ਸਿੱਧੂ (ਹਿਮਤਾਜ ਹੋਟਲ ਵਾਲੇ),ਪ੍ਰੋ. ਅਮਰ ਸਿੰਘ, ਮਨਮੋਹਨ ਸਿੰਘ, ਜੀ.ਐਸ ਮਜੀਠੀਆ, ਆਰ.ਐਲ. ਭਾਰਦਵਾਜ ਚੀਫ ਪੈਟਰਨ, ਟੀ.ਆਰ ਅਰੋੜਾ, ਬਲਦੇਵ ਸਿੰਘ ਸਿੱਧੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਫੇਜ 6 ਨਿਵਾਸੀ ਹਾਜ਼ਰ ਸਨ।