5 Dariya News

10 ਹਜ਼ਾਰ ਰੁਪਏ ਤੱਕ ਦੀ ਅਦਾਇਗੀ ਨਗਦ ਇਸ ਤੋਂ ਵੱਧ ਰਾਸ਼ੀ ਚੈੱਕ ਰਾਹੀਂ ਕਰ ਸਕਣਗੇ ਉਮੀਦਵਾਰ - ਜ਼ਿਲ੍ਹਾ ਚੋਣ ਅਫ਼ਸਰ

ਵਿਸ਼ੇਸ਼ ਖਰਚਾ ਨਿਗਰਾਨ ਰੱਖਣਗੇ ਉਮੀਦਵਾਰਾਂ ਦੇ ਖਰਚਿਆਂ ’ਤੇ ਤਿੱਖੀ ਨਜ਼ਰ, ਜ਼ਿਲ੍ਹਾ ਚੋਣ ਅਫ਼ਸਰ ਨੇ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

5 Dariya News

ਮਾਨਸਾ 11-Jan-2022

ਭਾਰਤੀ ਚੋਣ ਕਮਿਸ਼ਨ ਵੱਲੋਂ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ-2022 ਦੌਰਾਨ ਚੋਣ ਲੜ੍ਹਨ ਵਾਲੇ ਉਮੀਦਵਾਰਾਂ ਦੇ ਚੋਣ ਖਰਚਿਆਂ ਉੱਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਇੱਕ ਉਮੀਦਵਾਰ ਆਪਣੀ ਚੋਣ ਮੁਹਿੰਮ ਉੱਤੇ ਵੱਧ ਤੋਂ ਵੱਧ 40 ਲੱਖ ਰੁਪਏ ਹੀ ਖਰਚ ਕਰ ਸਕੇਗਾ। ਇਸ ਸੰਬੰਧੀ ਮੀਟਿੰਗ ਅੱਜ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਅਤੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਸਹਿਯੋਗ ਦਾ ਭਰੋਸਾ ਦਿੱਤਾ।ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣਾਂ ਵਿੱਚ ਉਮੀਦਵਾਰਾਂ ਵੱਲੋਂ ਕੀਤੇ ਜਾਂਦੇ ਵਾਧੂ ਖਰਚੇ ਨੂੰ ਘੱਟ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਮੀਦਵਾਰ ਰੈਲੀਆਂ, ਪ੍ਰਚਾਰ ਸਮੱਗਰੀ, ਇਸ਼ਤਿਹਾਰਬਾਜ਼ੀ, ਗੱਡੀਆਂ ਅਤੇ ਚੋਣਾਂ ਲਈ ਜ਼ਰੂਰੀ ਹੋਰ ਫੁਟਕਲ ਕੰਮਾਂ ਉੱਤੇ ਹੀ ਖਰਚ ਸਕਣਗੇ। ਇਸ ਲਈ ਉਨ੍ਹਾਂ ਨੂੰ ਨਾਮਜ਼ਦਗੀ ਪੱਤਰ ਭਰਨ ਤੋਂ ਇੱਕ ਦਿਨ ਪਹਿਲਾਂ ਆਪਣੇ ਨਾਮ ਉੱਤੇ ਜਾਂ ਆਪਣੇ ਚੋਣ ਏਜੰਟ ਨਾਲ ਸਾਂਝਾ ਬੈਂਕ ਜਾਂ ਪੋਸਟਲ ਖਾਤਾ ਖੁੱਲਵਾਉਣਾ ਪਵੇਗਾ। ਉਮੀਦਵਾਰ ਸਾਰਾ ਚੋਣ ਖਰਚਾ ਇਸੇ ਖਾਤੇ ਵਿੱਚੋਂ ਕਰ ਸਕਣਗੇ। 10 ਹਜ਼ਾਰ ਰੁਪਏ ਤੱਕ ਦੀ ਅਦਾਇਗੀ ਨਗਦੀ ਕੀਤੀ ਜਾ ਸਕੇਗੀ ਜਦਕਿ ਇਸ ਤੋਂ ਵੱਧ ਰਾਸ਼ੀ ਚੈੱਕ ਰਾਹੀਂ ਕਰਨੀ ਪਵੇਗੀ।ਉਨ੍ਹਾਂ ਰਾਜਸੀ ਪਾਰਟੀ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਚੋਣਾਂ ਦੌਰਾਨ ਵੋਟਾਂ ਲੈਣ ਲਈ ਗੈਰਕਾਨੂੰਨੀ ਤਰੀਕੇ ਜਿਵੇਂ ਕਿ ਸ਼ਰਾਬ ਅਤੇ ਨਸ਼ਿਆਂ ਦੀ ਵੰਡ, ਨਗਦੀ ਦੀ ਵੰਡ, ਤੋਹਫ਼ਿਆਂ ਦੀ ਵੰਡ ਆਦਿ ਨਾ ਕੀਤੀ ਜਾਵੇ। 

ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਖਰਚੇ ’ਤੇ ਨਿਗਰਾਨੀ ਰੱਖਣ ਲਈ ਜਿੱਥੇ ਚੋਣ ਕਮਿਸ਼ਨ ਵੱਲੋਂ ਵਿਸ਼ੇਸ਼ ਖਰਚਾ ਨਿਗਰਾਨ ਭੇਜੇ ਜਾਣਗੇ, ਉਥੇ ਹੀ ਸਥਾਨਕ ਪੱਧਰ ਉੱਤੇ ਵੀ ਕਈ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ। ਉਮੀਦਵਾਰਾਂ ਵੱਲੋਂ ਜੋ ਵੀ ਖਰਚਾ ਕੀਤਾ ਜਾਵੇਗਾ ਉਸਦਾ ਵੇਰਵਾ ਰੋਜ਼ਾਨਾ ਖਰਚਾ ਰਜਿਸਟਰ ਵਿੱਚ ਦਰਜ ਕਰਨਾ ਹੋਵੇਗਾ। ਦੂਜੇ ਪਾਸੇ ਚੋਣ ਕਮਿਸ਼ਨ ਵੱਲੋਂ ਗੁਪਤ ਰਜਿਸਟਰ ਵਿੱਚ ਵੀ ਇਹੀ ਖਰਚਾ ਦਰਜ ਕੀਤਾ ਜਾਵੇਗਾ। ਦੋਵੇਂ ਰਜਿਸਟਰਾਂ ਦਾ ਖਰਚਾ ਆਪਸ ਵਿੱਚ ਮੇਲ ਹੋਣਾ ਚਾਹੀਦਾ ਹੈ। ਨਾਮਜ਼ਦਗੀ ਪੱਤਰ ਭਰਨ ਤੋਂ ਲੈ ਕੇ ਰਿਜ਼ਲਟ ਆਉਣ ਤੱਕ ਦੇ ਸਾਰੇ ਖਰਚੇ ਦੇ ਬਿੱਲ ਅਤੇ ਵਾਊਚਰ ਸੰਭਾਲ ਕੇ ਰੱਖਣੇ ਪੈਣਗੇ। ਹਰੇਕ ਖਰਚੇ ਦੀ ਪ੍ਰਵਾਨਗੀ ਸੰਬੰਧਤ ਰਿਟਰਨਿੰਗ ਅਫ਼ਸਰ ਤੋਂ ਲੈਣੀ ਲਾਜ਼ਮੀ ਹੋਵੇਗੀ।ਉਨ੍ਹਾਂ ਕਿਹਾ ਕਿ ਸਾਰਾ ਖਰਚਾ ਚੋਣ ਕਮਿਸ਼ਨ ਵੱਲੋਂ ਤੈਅ ਰੇਟਾਂ ਮੁਤਾਬਿਕ ਹੀ ਬੁੱਕ ਕੀਤਾ ਜਾਵੇਗਾ। ਖਰਚਾ ਨਿਗਰਾਨ ਪੂਰੀ ਚੋਣ ਪ੍ਰਕਿਰਿਆ ਦੌਰਾਨ ਖੁਦ ਤਿੰਨ ਵਾਰ ਹਰੇਕ ਉਮੀਦਵਾਰ ਦਾ ਚੋਣ ਖਰਚਾ ਰਜਿਸਟਰ ਚੈੱਕ ਕਰਨਗੇ। ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਪਾਰਟੀ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸਾਸ਼ਨ ਨੂੰ ਸਹਿਯੋਗ ਦੇਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਪ੍ਰੀਤ ਕੌਰ ਸੰਧੂ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨਵਨੀਤ ਜੋਸ਼ੀ ਅਤੇ ਸੁਪਰਡੈਂਟ ਪਵਨ ਕੁਮਾਰ ਤੋਂ ਇਲਾਵਾ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।