ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਲਾਪਰਵਾਹੀ ਕਾਂਗਰਸ ਦੀ ਵੱਡੀ ਸਾਜਿਸ਼ ਦਾ ਹਿੱਸਾ : ਸੁਖਵਿੰਦਰ ਸਿੰਘ ਗੋਲਡੀ
ਪੰਜਾਬ ਵਿਚ ਬਿਨ੍ਹਾਂ ਕਿਸੇ ਦੇਰੀ ਤੋਂ ਲਾਗੂ ਹੋਵੇ ਗਵਰਨਰ ਰੂਲ
5 Dariya News
ਖਰੜ 06-Jan-2022
ਭਾਰਤੀ ਜਨਤਾ ਪਾਰਟੀ ਮੁਹਾਲੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਭਾਜਪਾ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਗੋਲਡੀ ਨੇ ਪੰਜਾਬ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਸਤਾ ਰੋਕੇ ਜਾਣ ਦੀ ਘਟਨਾ ਦੀ ਕੜੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਹ ਕਾਂਗਰਸ ਪਾਰਟੀ ਦੀ ਸੋਚੀ ਸਮਝੀ ਸਾਜ਼ਿਸ ਦਾ ਹਿੱਸਾ ਹੈ। ਇਸ ਪੂਰੇ ਘਟਨਾਕ੍ਰਮ ਤੋਂ ਸਾਜਿਸ਼ ਦੀ ਬੂ ਆ ਰਹੀ ਹੈ। ਫਿਰੋਜਪੁਰ ਤੋਂ ਵਾਪਸ ਪਰਤੇ ਗੋਲਡੀ ਨੇ ਅੱਜ ਇਥੇ ਜਾਰੀ ਬਿਆਨ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਆਪਣੀ ਮਰਿਆਦਾ ਹੁੰਦੀ ਹੈ। ਕਾਂਗਰਸ ਪਾਰਟੀ ਨੇ ਸੱਤਾ ਦੇ ਨਸ਼ੇ ਵਿਚ ਚੂਰ ਹੋ ਕੇ ਇਸ ਅਹੁਦੇ ਦੀ ਮਰਿਆਦਾ ਨੂੰ ਭੰਗ ਕਰਨ ਦੀ ਯਤਨ ਕੀਤਾ ਹੈ।ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਸਾਰਿਆਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ। ਕਾਂਗਰਸ ਪਾਰਟੀ ਦੇ ਇਸ਼ਾਰੇ ’ਤੇ ਪ੍ਰਧਾਨ ਮੰਤਰੀ ਦੀ ਰੈਲੀ ਵਿਚ ਜਾਣ ਵਾਲੇ ਭਾਜਪਾ ਵਰਕਰਾਂ ਨੂੰ ਵਿਚ ਰਸਤੇ ਰੋਕਿਆ ਗਿਆ। ਰੈਲੀ ਵਿਚ ਸ਼ਾਮਲ ਹੋਣ ਲਈ ਜਾਣ ਵਾਲੇ ਵਾਹਨਾਂ ਵਿਚ ਮਹਿਲਾਵਾਂ ਵੀ ਵੱਡੀ ਗਿਣਤੀ ਵਿਚ ਸ਼ਾਮਲ ਸਨ। ਗੋਲਡੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਦੁਸ਼ਮਣਾ ਵਰਗਾ ਸਲੂਕ ਕਰਨਾ ਸਹੀ ਨਹੀਂ ਹੈ। ਜਿਸ ਤਰ੍ਹਾਂ ਕਦਮ ਕਦਮ ’ਤੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਨਾਲ ਖਿਲਵਾੜ ਕੀਤਾ ਗਿਆ ਉਹ ਕਿਸੇ ਸਾਜ਼ਿਸ ਤੋਂ ਘੱਟ ਨਹੀਂ ਸੀ। ਉਨ੍ਹਾਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੋਂ ਇਸ ਮਾਮਲੇ ਵਿਚ ਦਖਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਵਰਗੇ ਬਾਰਡਰ ਸੂਬੇ ਵਿਚ ਜਿਥੇ ਦੇਸ਼ ਦਾ ਪ੍ਰਧਾਨ ਮੰਤਰੀ ਸੁਰੱਖਿਅਤ ਨਹੀਂ ਉਥੇ ਲੋਕ ਕਿਵੇ ਸੁਰੱਖਿਅਤ ਹੋ ਸਕਦੇ ਹਨ। ਪੰਜਾਬ ਵਿਚ ਬਿਨ੍ਹਾਂ ਕਿਸੇ ਦੇਰੀ ਤੋਂ ਗਵਰਨਰ ਰਾਜ ਲਾਗੂ ਕੀਤੇ ਜਾਣ ਦੀ ਮੰਗ ਕਰਦਿਆਂ ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਸੂਬਾ ਵਾਸੀਆਂ ਦਾ ਵਿਸ਼ਵਾਸ਼ ਖੋ ਚੁੱਕੀ ਹੈ।