5 Dariya News

ਡਾ. ਨਵਜੋਤ ਦਹੀਆ ਨੇ ਮੁੱਖ ਮੰਤਰੀ ਚੰਨੀ ਦੀ ਮੌਜੂਦਗੀ ਵਿੱਚ ਜਨਰਲ ਵਰਗ ਲਈ ਗਠਿਤ ਸੂਬਾਈ ਕਮਿਸ਼ਨ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ

5 Dariya News

ਚੰਡੀਗੜ੍ਹ 07-Jan-2022

ਡਾ. ਨਵਜੋਤ ਦਹੀਆ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿੱਚ ਨਵੇਂ ਬਣੇ ਪੰਜਾਬ ਸਟੇਟ ਕਮਿਸ਼ਨ ਫਾਰ ਜਨਰਲ ਕੈਟਾਗਰੀ (ਪੀ.ਐਸ.ਸੀ.ਜੀ.ਸੀ.) ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ।ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਕਮਿਸ਼ਨ ਗੈਰ-ਰਾਖਵੇਂ ਵਰਗਾਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਨਾਲ-ਨਾਲ ਗੈਰ-ਰਾਖਵੇਂ ਵਰਗਾਂ ਦੇ ਗਰੀਬਾਂ ਦੇ ਲਾਭ ਲਈ ਵੱਖ-ਵੱਖ ਭਲਾਈ ਸਕੀਮਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਵਿਚ ਸਹਾਈ ਹੋਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਪਰਗਟ ਸਿੰਘ ਅਤੇ ਰਾਜ ਕੁਮਾਰ ਵੇਰਕਾ ਤੋਂ ਇਲਾਵਾ ਬਲਾਚੌਰ ਦੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵੀ ਹਾਜ਼ਰ ਸਨ।

ਗੌਰਤਲਬ ਹੈ ਕਿ ਜਲੰਧਰ ਤੋਂ ਹੱਡੀਆਂ ਦੇ ਇਲਾਜ ਦੇ ਉੱਘੇ ਮਾਹਿਰ ਅਤੇ ਜੋੜਾਂ ਦੇ ਪ੍ਰਸਿੱਧ ਸਰਜਨ ਡਾ. ਨਵਜੋਤ ਦਹੀਆ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਦੇ ਕੌਮੀ ਉਪ-ਪ੍ਰਧਾਨ ਹੋਣ ਦੇ ਨਾਲ-ਨਾਲ ਆਈ.ਐਮ.ਏ. ਪੰਜਾਬ ਦੇ ਪ੍ਰਧਾਨ ਵੀ ਰਹੇ ਹਨ।ਗੌਰਤਲਬ ਹੈ ਕਿ 23 ਦਸੰਬਰ, 2021 ਨੂੰ ਮੰਤਰੀ ਮੰਡਲ ਨੇ ਆਮ ਵਰਗਾਂ ਲਈ ਪੰਜਾਬ ਰਾਜ ਕਮਿਸ਼ਨ ਦੇ ਗਠਨ ਦਾ ਫੈਸਲਾ ਲਿਆ ਸੀ ਅਤੇ ਇਸ ਤੋਂ ਬਾਅਦ 29 ਦਸੰਬਰ ਨੂੰ ਡਾ. ਨਵਜੋਤ ਦਹੀਆ ਨੂੰ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਇਹ ਫੈਸਲਾ ਜਨਰਲ ਕੈਟਾਗਰੀਆਂ (ਗੈਰ-ਰਾਖਵਾਂ ਵਰਗ) ਨਾਲ ਸਬੰਧਤ ਮੁਲਾਜ਼ਮਾਂ ਦੀ ਚਿਰੋਕਣੀ ਮੰਗ ਨੂੰ ਪ੍ਰਵਾਨ ਕਰਦਿਆਂ ਲਿਆ ਸੀ ਕਿ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਨਹੀਂ ਕੀਤੀ ਜਾ ਰਹੀ ਹੈ ਜਿਸ ਕਰਕੇ ਸੂਬਾ ਸਰਕਾਰ ਨੂੰ ਕਮਿਸ਼ਨ ਗਠਿਤ ਕਰਨ ਦੀ ਅਪੀਲ ਕੀਤੀ ਸੀ।