5 Dariya News

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ 16.13 ਲੱਖ ਰੁਪਏ ਦੇ ਵੰਡੇ ਕਰਜ਼ਾ ਮੁਆਫੀ ਸਰਟੀਫਿਕੇਟ

ਐਸ.ਸੀ. ਕਾਰਪੋਰੇਸ਼ਨ ਦੇ 38 ਕਰਜ਼ਦਾਰਾਂ ਨੂੰ ਦਿੱਤੀ ਗਈ ਇਹ ਰਾਹਤ

5 Dariya News

ਲੁਧਿਆਣਾ 29-Dec-2021

ਪੰਜਾਬ ਸਰਕਾਰ ਵੱਲੋਂ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਕਰਜ਼ਦਾਰਾਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਜਿਸ ਸਬੰਧੀ ਅੱਜ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ਼ ਵੱਲੋਂ ਹਲਕਾ ਲੁਧਿਆਣਾ ਦੇ ਐਸ.ਸੀ.ਕਾਰਪੋਰੇਸ਼ਨ ਦੇ 38 ਕਰਜ਼ਦਾਰਾਂ ਨੂੰ 16.13 ਲੱਖ ਰੁਪਏ ਦੇ ਕਰਜ਼ਾ਼ ਮੁਆਫੀ ਦੇ ਸਰਟੀਫਿਕੇਟ ਵੰਡੇ ਗਏ।ਇਸ ਮੌਕੇ ਕਰਜ਼ਦਾਰਾਂ ਵੱਲੋਂ ਸਾਂਝੇ ਤੌਰ 'ਤੇ ਕਿਹਾ ਗਿਆ ਕੋਰੋਨਾ ਮਹਾਂਮਾਰੀ ਕਰਕੇ ਉਨ੍ਹਾਂ ਦੇ ਕੰਮ-ਕਾਜ਼ ਠੱਪ ਹੋ ਗਏ ਸਨ ਜਿਸ ਕਰਕੇ ਉਹ ਕਰਜ਼ਾ ਮੋੜਨ ਵਿੱਚ ਅਸਮਰੱਥ ਸਨ ਅਤੇ ਇਸ ਔਖੀ ਘੜੀ ਵਿੱਚ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਵਿਅਕਤੀਆ ਦਾ ਕਰਜ਼ਾ ਮੁਆਫ ਕਰਕੇ ਵੱਡੀ ਰਾਹਤ ਦਿੱਤੀ ਗਈ। ਉਨ੍ਹਾਂ ਇਸ ਸਹਿਯੋਗ ਲਈ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕੀਤਾ।

ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਕਾਰਪੋਰੇਸ਼ਨ ਵੱਲੋਂ 40 ਫੀਸਦ ਤੋਂ ਵੱਧ ਅੰਗਹੀਣ ਵਿਅਕਤੀ ਨੂੰ ਜੋ ਕਿ ਕਿਸੇ ਵੀ ਜਾਤੀ ਨਾਲ ਸਬੰਧਤ ਹਨ, ਨੂੰ ਬਹੁਤ ਹੀ ਘੱਟ ਵਿਆਜ਼ ਤੇ ਸਵੈ-ਰੋਜ਼ਗਾਰ ਲਈ ਕਰਜ਼ੇ ਮੁਹੱਈਆ ਕਰਵਾਏ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਪੱਕੇ ਸਫਾਈ ਕਰਮਚਾਰੀਆਂ ਤੇ ਆਸ਼ਰਿਤ ਵਿਅਕਤੀ ਜੋ ਸਵੈ-ਰੋਜ਼ਗਾਰ ਚਲਾਉਣਾ ਚਾਹੁੰਦੇ ਹਨ, ਨੂੰ ਵੀ ਕਾਰਪੋਰੇਸ਼ਨ ਵੱਲੋਂ ਕਰਜ਼ਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਸਨੀਕਾਂ ਦੀ ਭਲਾਈ ਲਈ ਵਚਨਬੱਧ ਹੈ ਜਿਸਦੇ ਤਹਿਤ ਉਨ੍ਹਾਂ ਵੱਲੋਂ ਕੋਵਿਡ ਮਹਾਂਮਾਰੀ ਦੌਰਾਨ ਆਰਥਿਕ ਬੋਝ ਥੱਲੇ ਦੱਬੇ ਇਨ੍ਹਾਂ ਲੋਕਾਂ ਦਾ ਕਰਜ਼ਾ ਮਾਫ ਕਰਦਿਆਂ ਉਨ੍ਹਾਂ ਦੀ ਬਾਂਹ ਫੜੀ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਅਤੇ ਪੰਜਾਬੀਆਂ ਦੇ ਹਿੱਤ ਵਿੱਚ ਅਣਥੱਕ ਮਿਹਨਤ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਕਈ ਲੋਕ ਪੱਖੀ ਪਹਿਲਕਦਮੀਆਂ ਦੀ ਸੂਚੀ ਦਿੰਦਿਆਂ ਉਨ੍ਹਾਂ ਕਿਹਾ ਕਿ 1500 ਕਰੋੜ ਰੁਪਏ ਦੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕੀਤੇ ਗਏ ਹਨ, ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ 3 ਰੁਪਏ ਪ੍ਰਤੀ ਯੂਨਿਟ ਘਟਾਈਆਂ ਗਈਆਂ ਹਨ, ਪੇਂਡੂ ਖੇਤਰਾਂ ਵਿੱਚ 1200 ਕਰੋੜ ਰੁਪਏ ਦੇ ਬਿੱਲ ਮੁਆਫ਼ ਕੀਤੇ ਗਏ, ਪਾਣੀ ਦੇ ਬਿੱਲ ਨੂੰ ਘਟਾ ਕੇ 50 ਰੁਪਏ ਕੀਤਾ ਗਿਆ ਹੈ ਅਤੇ ਰੇਤ ਦੇ ਰੇਟ ਵੀ ਬਹੁਤ ਘਟਾ ਦਿੱਤੇ ਗਏ ਹਨ।ਇਸ ਮੌਕੇ ਸ਼੍ਰੀ ਨਰੇਸ਼ ਧੀਂਗਾਨ ਵਾਈਸ ਚੇਅਰਮੈਨ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ, ਸ੍ਰੀ ਵਿਜੈ ਕੁਮਾਰ ਡੀ.ਐਮ, ਸ੍ਰੀ ਭੁਪਿੰਦਰ ਸਿੰਘ ਜਨਰਲ ਸਕੱਤਰ ਹਾਜ਼ਰ ਸਨ।