5 Dariya News

ਕਾਂਗਰਸ ਜੇਕਰ ਭ੍ਰਿਸ਼ਟ ਤੇ ਮਾੜੀ ਕਾਰਗੁਜ਼ਾਰੀ ਵਾਲਿਆਂ ਨੁੰ ਬਦਲਣ ਲਈ ਸੰਜੀਦਾ ਹੈ ਤਾਂ ਇਸਨੁੰ ਘੱਟੋ ਘੱਟ 70 ਵਿਧਾਇਕ ਬਦਲਣੇ ਪੈਣਗੇ : ਸੁਖਬੀਰ ਸਿੰਘ ਬਾਦਲ

ਪਠਾਨਕੋਟ ਜ਼ਿਲ੍ਹੇ ਦੇ ਵਿਕਾਸ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਨ ਅਤੇ ਸਰਹੱਦੀ ਪੱਟੀ ਵਿਚ ਰੋਜ਼ਗਾਰ ਦੇ ਹੋਰ ਮੌਕੇ ਸਿਰਜਣ ਦਾ ਦੁਆਇਆ ਭਰੋਸਾ

5 Dariya News

ਭੋਆ (ਪਠਾਨਕੋਟ) 29-Dec-2021

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਜੇਕਰ ਪੰਜਾਬ ਕਾਂਗਰਸ ਪਾਰਟੀ ਆਪਣੇ ਭ੍ਰਿਸ਼ਟ ਤੇ ਦਾਗੀ ਆਗੂ ਬਦਲਣ ਤੇ ਚੰਗੀ ਕਾਰਗੁਜ਼ਾਰੀ ਵਾਲਿਆਂ ਨੁੰ ਟਿਕਟਾਂ ਨਾਲ ਨਿਵਾਜਣ ਪ੍ਰਤੀ ਸੰਜੀਦਾ ਹੈ ਤਾਂ ਇਸਨੂੰ ਘੱਟੋ ਘੱਟ ਆਪਣੇ 70 ਵਿਧਾਇਕ ਬਦਲਣੇ ਪੈਣਗੇ।ਅਕਾਲੀ ਦਲ ਦੇ ਪ੍ਰਧਾਨ, ਜੋ ਬਸਪਾ ਦੇ ਉਮੀਦਵਾਰ ਰਾਕੇਸ਼ ਕੁਮਾਰ ਮੇਜੋਤਰਾ ਦੇ ਹੱਕ ਵਿਚ ਵਿਸ਼ਾਲ ਰੈਲੀ ਨੁੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ, ਨੇ ਕਿਹਾ ਕਿ ਕਾਂਗਰਸ ਸਿਰਫ ਆਪਣੇ 22 ਵਿਧਾਇਕਾਂ ਸਿਰ ਦੋਸ਼ ਮੜ੍ਹ ਕੇ ਆਪਣੇ ਦਾਗ ਨਹੀਂ ਧੋ ਸਕਦੀ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਇਸਦੇ ਘੱਟ ਤੋਂ ਘੱਟ 70 ਵਿਧਾਇਕਾਂ ’ਤੇ ਲੋਕਾਂ ਤੋਂ ਪੈਸੇ ਇਕੱਠੇ ਕਰਨ ਅਤੇ ਸ਼ਰਾਬ ਤੇ ਰੇਤ ਮਾਫੀਆ ਚਲਾਉਣ ਦਾ ਦੋਸ਼ ਹੈ ਜਿਵੇਂ ਕਿ ਭੋਆ ਦੇ ਵਿਧਾਇਕ ਜੋਗਿੰਦਰ ਪਾਲ ’ਤੇ ਵੀ ਹੈ। ਉਹਨਾਂ ਕਿਹਾ ਕਿ ਅਜਿਹੇ ਲੋਕਾਂ ਨੁੰ ਬਖਸ਼ਿਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਅਸੀਂ ਕਾਂਗਰਸ ਦੀ ਸਰਕਾਰ ਵੇਲੇ ਹੋਏ ਭ੍ਰਿਸ਼ਟਾਚਾਰ ਦੀ ਜਾਂਚ ਲਈ ਕਮਿਸ਼ਨ ਗਠਿਤ ਕਰਾਂਗੇ ਤੇ ਯਕੀਨੀ ਬਣਾਵਾਂਗੇ ਕਿ ਜਿਹੜੇ ਵਿਧਾਇਕਾਂ ਨੇ ਭ੍ਰਿਸ਼ਟਾਚਾਰ ਕੀਤਾ ਤੇ ਜਿਹਨਾਂ ਨੇ ਨਿਰਦੋਸ਼ ਲੋਕਾਂ ਦੇ ਖਿਲਾਫ ਝੂਠੇ ਕੇਸ ਦਰਜ ਕਰਵਾਏ, ਉਹਨਾਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਵੇ।ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭੋਆ ਹਲਕੇ ਤੇ ਸਮੁੱਚੇ ਪਠਾਨਕੋਟ ਜ਼ਿਲ੍ਹੇ, ਜੋ ਪਹਿਲਾਂ ਭਾਜਪਾ ਦੇ ਹਿੱਸੇ ਸੀ, ਵਿਚ ਸੀਮਤ ਵਿਕਾਸ ਹੋਇਆ ਹੈ। ਉਹਨਾਂ ਕਿਹਾ ਕਿ ਅਸੀਂ ਇਸਦੇ ਤਰੁੱਟੀਪੂਰਨ ਵਿਕਾਸ ਨੁੰ ਦਰੁੱਸਤ ਕਰਨ ਵਾਸਤੇ ਵਚਨਬੱਧ ਹਾਂ। ਅਸੀਂ ਭੋਆ ਵਰਗੇ ਸਰਹੱਦੀ ਇਲਾਕਿਆਂ ਦੇ ਵਿਕਾਸ ਵਾਸਤੇ ਵਿਸ਼ੇਸ਼ ਸਕੀਮਾਂ ਲਿਆਵਾਂਗੇ। 

ਇਹਨਾਂ ਇਲਾਕਿਆਂ ਵਿਚ ਰੋਜ਼ਗਾਰ ਦੇ ਵਿਸ਼ੇਸ਼ ਮੌਕੇ ਸਿਰਜੇ ਜਾਣਗੇ। ਉਹਨਾਂ ਕਿਹਾ ਕਿ ਉਹ ਪਠਾਨਕੋਟ ਦੇ ਵਿਕਾਸ ਦੀ ਆਪ ਨਿੱਜੀ ਤੌਰ ’ਤੇ ਨਿਗਰਾਨੀ ਕਰਨਗੇ । ਉਹਨਾਂ ਕਿਹਾ ਕਿ ਇਸ ਇਲਾਕੇ ਨੂੰ ਬਾਗਬਾਨੀ ਤੇ ਸੈਰ ਸਪਾਟੇ ਦਾ ਹੱਬ ਬਣਾਇਆ ਜਾ ਸਕਦਾ ਹੈ।ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਕਿਵੇਂ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਸਿੱਖਿਆ ’ਤੇ ਧਿਆਨ ਕੇਂਦਰਤ ਕਰੇਗੀ ਅਤੇ ਹਰ ਬਲਾਕ ਵਿਚ ਮੈਗਾ ਸਕੂਲ ਖੋਲ੍ਹੇ ਜਾਣਗੇ। ਉਹਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੋਵੇਗੀ ਕਿ ਹਰ ਬਲਾਕ ਵਿਚ ਅਤਿ ਆਧੁਨਿਕ ਸਹੂਲਤਾਂ ਵਾਲੇ ਮੈਗਾ ਸਕੂਲ ਖੋਲ੍ਹੇ ਜਾਣ। ਉਹਨਾਂ ਕਿਹਾ ਕਿ ਇਸ ਤਰੀਕੇ ਅਸੀਂ ਸੀਮਤ ਸਹੂਲਤਾਂ ਵਾਲੇ ਤੇ ਅਧਿਆਪਕਾਂ ਦੀ ਘਾਟ ਵਾਲੇ ਛੋਟੇ ਸਕੂਲ ਬੰਦ ਕਰ ਦਿਆਂਗੇ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਗਠਜੋੜ ਸਰਕਾਰ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਲਈ ਸਾਰੀਆਂ ਤਕਨੀਕੀ ਸਿੱਖਿਆ ਸੰਸਥਾਵਾਂ ਵਿਚ 33 ਫੀਸਦੀ ਸੀਟਾਂ ਰਾਖਵੀਂਆਂ ਕਰੇਗੀ। ਉਹਨਾਂ ਕਿਹਾ ਕਿ ਵਿਦਿਆਰਥੀਆਂ ਲਈ ਭਾਰਤ ਅਤੇ ਵਿਦੇਸ਼ਾਂ ਵਿਚ ਉਚੇਰੀ ਸਿੱਖਿਆ ਹਾਸਲ ਕਰਨ ਵਾਸਤੇ 10 ਲੱਖ ਰੁਪਏ ਦਾ ਵਿਆਜ਼ ਮੁਕਤ ਸਟੂਡੈਂਟ ਲੋਨ ਪ੍ਰਦਾਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਨੌਜਵਾਨ ਉਦਮੀਆਂ ਨੁੰ ਵਿਆਜ਼ ਮੁਕਤ 5 ਲੱਖ ਰੁਪਏ ਤੱਕ ਦਾ ਕਰਜ਼ਾ ਪ੍ਰਦਾਨ ਕੀਤਾ ਜਾਵੇਗਾ।ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਇਥੇ ਤਾਰਾਗੜ੍ਹ ਕਸਬੇ ਵਿਚ ਯੂਥ ਅਕਾਲੀ ਦਲ ਤੇ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਕਾਰਕੁੰਨਾਂ ਨੇ ਨਿੱਘਾ ਸਵਾਗਤ ਕੀਤਾ। ਇਹ ਨੌਜਵਾਨ ਉਹਨਾਂ ਨੁੰ ਤਾਰਾਗੜ੍ਹ ਅਨਾਜ ਮੰਡੀ ਵਿਚ ਰੈਲੀ ਵਾਸਤੇ ਪੰਡਾਲ ਤੱਕ ਲੈ ਕੇ ਗਏ। ਰਸਤੇ ਵਿਚ ਉਹਨਾਂ ’ਤੇ ਫੁੱਲ ਪੱਤੀਆਂ ਦੀ ਵਰਖਾ ਕੀਤੀ ਗਈ ਤੇ ਹਾਰ ਪਾਏ ਗਏ। ਉਹਨਾਂ ਨੇ ਹਲਕੇ ਦੇ ਦੌਰੇ ਦੌਰਾਨ ਵੱਖ ਵੱਖ ਗੁਰਦੁਆਰਾ ਸਾਹਿਬਾਨ ਤੇ ਮੰਦਿਰਾਂ ਵਿਚ ਮੱਥਾ ਵੀ ਟੇਕਿਆ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਗੁਰਬਚਨ ਸਿੰਘ ਬੱਬੇਹਾਲੀ ਤੇ ਸਾਬਕਾ ਵਿਧਾਇਕ ਅਸ਼ੋਕ ਸ਼ਰਮਾ ਵੀ ਪਾਰਟੀ ਪ੍ਰਧਾਨ ਦੇ ਨਾਲ ਸਨ।