ਚੰਡੀਗੜ੍ਹ ਨੂੰ ਕਲਸਟਰ ਵਿਚ ਵੰਡ ਕੇ ਕੀਤਾ ਜਾਵੇਗਾ ਵਿਕਾਸ, ਮੈਂ ਕਰਾਂਗਾ ਮਾਨੀਟਰ : ਨਿਤਿਆਨੰਦ ਰਾਏ
ਗ੍ਰਹਿ ਰਾਜ ਮੰਤਰੀ ਨੇ ਸ਼ਹਿਰ ਵਿਚ ਕੀਤਾ ਚੋਣ ਮੀਟਿੰਗਾਂ ਨੂੰ ਸੰਬੋਧਨ
5 Dariya News
ਚੰਡੀਗੜ੍ਹ 19-Dec-2021
ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਚੰਡੀਗੜ੍ਹ ਸ਼ਹਿਰ ਵਿਚ ਦੋ ਤੋਂ ਤਿੰਨ ਵਾਰਡਾਂ ਦਾ ਇਕ ਕਲਸਟਰ ਬਣਾ ਕੇ ਵਿਕਾਸ ਯੋਜਨਾਵਾਂ ਤਿਆਰ ਕੀਤੀਆਂ ਜਾਣਗੀਆਂ। ਇਨ੍ਹਾਂ ਵਿਕਾਸ ਯੋਜਨਾਵਾਂ ਦਾ ਲਾਭ ਸਾਰੇ ਸ਼ਹਿਰ ਵਾਸੀਆਂ ਨੂੰ ਮਿਲੇ ਇਸ ਲਈ ਮੈਂ ਖੁਦ ਇਥੇ ਆ ਕੇ ਸਮੇਂ ਸਮੇਂ ’ਤੇ ਮਾਨੀਟਰ ਕਰਾਂਗਾ। ਨਿਤਿਆਨੰਦ ਰਾਏ ਅੱਜ ਵਾਰਡ ਨੰ. 19 ਤੋਂ ਪਾਰਟੀ ਉਮੀਦਵਾਰ ਯੋਗੀਤਾ ਵਿੱਕੀ ਸ਼ੇਰਾ ਦੇ ਸਮਰਥਨ ਵਿਚ ਚੋਣ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਲਾਲ ਡੋਰਾ ਸਮੱਸਿਆ ਨੂੰ ਉਨ੍ਹਾਂ ਨੇ ਸਮਝ ਲਿਆ ਹੈ। ਇਸਦਾ ਤੈਅ ਸਮੇਂ ਸੀਮਾ ਅੰਦਰ ਹੱਲ ਕੀਤਾ ਜਾਵੇਗਾ। ਇਸਦੇ ਲਈ ਬਹੁਤ ਜਲਦ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਨਿਤਿਆਨੰਦ ਨੇ ਕਿਹਾ ਕਿ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਢਾਂਚੇ ਨੂੰ ਪਬਲਿਕ ਫ੍ਰੈਂਡਲੀ ਬਣਾਇਆ ਜਾਵੇਗਾ ਅਤੇ ਅਧਿਕਾਰੀਆਂ ’ਤੇ ਨਕੇਲ ਕਸੀ ਜਾਵੇਗੀ। ਉਨ੍ਹਾਂ ਕਿਹਾ ਕਿ ਜਨਤਾ ਦੇ ਉਚਿਤ ਕਾਰਜਾਂ ਦੀ ਅਣਦੇਖੀ ਕਰਨ ਵਾਲੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਇਸ ਮੌਕੇ ਬੋਲਦਿਆਂ ਭਾਜਪਾ ਪ੍ਰਧਾਨ ਅਰੁਣ ਸੂਦ ਨੇ ਕਿਹਾ ਕਿ ਭਾਜਪਾ ਇਹ ਚੋਣ ਵਿਕਾਸ ਦੇ ਨਾਮ ’ਤੇ ਲੜ ਰਹੀ ਹੈ। ਵਿਰੋਧੀ ਰਾਜਨੀਤਿਕ ਦਲਾਂ ਦੇ ਉਮੀਦਵਾਰ ਪੂਰੇ ਚੋਣ ਪ੍ਰਚਾਰ ਦੌਰਾਨ ਇਕ ਵੀ ਉਪਲੱਬਧੀ ਨਹੀਂ ਗਿਣਾ ਸਕੇ। ਹਾਲਾਤ ਇਹ ਹਨ ਕਿ ਵਿਰੋਧੀ ਆਪਣੇ ਪੁਰਾਣੇ ਕਾਰਜਕਾਲ ਦੀਆਂ ਉਪਲੱਬਧੀਆਂ ਵੀ ਨਹੀਂ ਦੱਸ ਪਾ ਰਹੇ। ਅੱਜ ਉਨ੍ਹਾਂ ਕੋਲ ਜਨਤਾ ਨੂੰ ਦੱਸਣ ਦੇ ਲਈ ਨਾ ਤਾਂ ਕੋਈ ਉਪਲੱਬਧੀ ਹੈ ਅਤੇ ਨਾ ਹੀ ਕੋਈ ਭਵਿੱਖ ਦਾ ਰੋਡ ਮੈਪ। ਇਸ ਮੌਕੇ ਕੌਂਸਲਰ ਅਤੇ ਧਾਨਕ ਸਮਾਜ ਦੀ ਪ੍ਰਧਾਨ ਸ਼ੀਲਾ ਫੂਲ ਸਿੰਘ, ਸ਼ੀਸ਼ਪਾਲ ਗਰਗ, ਅਮਿਤ ਜਿੰਦਲ ਸਮੇਤ ਕਈ ਹੋਰ ਹਾਜ਼ਰ ਸਨ।