5 Dariya News

ਮੁੱਖ ਮੰਤਰੀ ਵੱਲੋਂ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਉਸਾਰੀ ਲਈ ਦੁਰਗਾ ਮਾਤਾ ਮੰਦਰ ਦੀ ਪ੍ਰਬੰਧਕ ਕਮੇਟੀ ਨੂੰ 11 ਕਨਾਲ ਜ਼ਮੀਨ ਦੇਣ ਦਾ ਐਲਾਨ

ਦੁਰਗਾ ਮਾਤਾ ਮੰਦਰ ਵਿਖੇ ਮੱਥਾ ਟੇਕਿਆ

5 Dariya News

ਲੁਧਿਆਣਾ 16-Dec-2021

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਦੁਰਗਾ ਮਾਤਾ ਮੰਦਰ ਦੀ ਪ੍ਰਬੰਧਕ ਕਮੇਟੀ ਨੂੰ ਅਤਿ ਆਧੁਨਿਕ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਉਸਾਰੀ ਲਈ ਵੱਖਰੇ ਤੌਰ 'ਤੇ ਜ਼ਮੀਨ ਅਲਾਟ ਕਰਨ ਦਾ ਐਲਾਨ ਕੀਤਾ ਹੈ।ਇੱਥੋਂ ਦੇ ਪਵਿੱਤਰ ਦੁਰਗਾ ਮਾਤਾ ਮੰਦਰ ਵਿਖੇ ਮੱਥਾ ਟੇਕਣ ਅਤੇ ਸੂਬੇ ਦੀ ਹੋਰ ਤਨਦੇਹੀ ਅਤੇ ਦ੍ਰਿੜਤਾ ਨਾਲ ਸੇਵਾ ਕਰਨ ਲਈ ਮਾਂ ਦੁਰਗਾ ਤੋਂ ਆਸ਼ੀਰਵਾਦ ਲੈਣ ਉਪਰੰਤ ਮੁੱਖ ਮੰਤਰੀ ਨੇ ਕਿਹਾ ਕਿ ਦੁਰਗਾ ਮਾਤਾ ਮੰਦਿਰ ਦੇ ਪ੍ਰਬੰਧਕ, ਮੰਦਿਰ ਦੀ ਥਾਂ `ਤੇ ਹੀ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਕੇ ਸਮਾਜ ਦੀ ਅਸਲ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸੇਵਾ ਕਾਰਜ ਨੂੰ ਹੋਰ ਹੁਲਾਰਾ ਦੇਣ ਦੀ ਲੋੜ ਹੈ ਜਿਸ ਲਈ ਸੂਬਾ ਸਰਕਾਰ ਵੱਲੋਂ ਮੰਦਰ ਦੀ ਮੌਜੂਦਾ ਥਾਂ ਦੇ ਬਰਾਬਰ 11 ਕਨਾਲ ਥਾਂ ਹਸਪਤਾਲ ਵਾਸਤੇ ਅਲਾਟ ਕੀਤੀ ਜਾਵੇਗੀ। ਮੁੱਖ ਮੰਤਰੀ ਚੰਨੀ ਨੇ ਮੰਦਿਰ ਦੇ ਆਸ-ਪਾਸ ਦੇ ਪੁਲਿਸ ਸਟੇਸ਼ਨ ਨੂੰ ਨਵੀਂ ਜਗ੍ਹਾ `ਤੇ ਤਬਦੀਲ ਕਰਕੇ ਇਹ ਥਾਂ ਮੰਦਰ ਨੂੰ ਅਲਾਟ ਕਰਨ ਦਾ ਵੀ ਐਲਾਨ ਕੀਤਾ।ਮੁੱਖ ਮੰਤਰੀ ਦੁਪਹਿਰ ਸਮੇਂ ਮੰਦਰ ਕੰਪਲੈਕਸ ਵਿਖੇ ਅਰਦਾਸ ਕਰਨ ਪੁੱਜੇ ਅਤੇ ਉਨ੍ਹਾਂ ਨੇ ਸੂਬੇ ਦੇ ਲੋਕਾਂ ਦੀ ਪੂਰੀ ਨਿਮਰਤਾ ਅਤੇ ਸਮਰਪਣ ਭਾਵਨਾ ਨਾਲ ਸੇਵਾ ਕਰਨ ਲਈ ਬਲ ਬਖਸ਼ਣ ਵਾਸਤੇ ਪ੍ਰਮਾਤਮਾ ਤੋਂ ਬਖ਼ਸ਼ਿਸ਼ਾਂ ਮੰਗੀਆਂ। ਮੁੱਖ ਮੰਤਰੀ ਚੰਨੀ ਨੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਜਾਤ, ਰੰਗ, ਨਸਲ ਅਤੇ ਧਰਮ ਦੇ ਭੇਦਭਾਵ ਤੋਂ ਉੱਪਰ ਉਠ ਕੇ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਲਈ ਮਾਤਾ ਰਾਣੀ ਦਾ ਆਸ਼ੀਰਵਾਦ ਲੈਣ ਲਈ ਅਰਦਾਸ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਸਮਾਜ ਵਿੱਚ ਨੈਤਿਕ ਕਦਰਾਂ-ਕੀਮਤਾਂ,ਭਾਈਚਾਰਕ ਸਾਂਝ ਅਤੇ ਆਪਸੀ ਪਿਆਰ ਨੂੰ ਹਰ ਕੀਮਤ 'ਤੇ ਕਾਇਮ ਰੱਖਿਆ ਜਾਵੇਗਾ ਅਤੇ ਇਸਨੂੰ ਹਮੇਸ਼ਾ ਪ੍ਰਮੁੱਖ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਇਮਾਨਦਾਰੀ, ਲਗਨ ਅਤੇ ਤਨਦੇਹੀ ਨਾਲ ਸੇਵਾ ਕਰਨ ਦੀ ਜਿ਼ੰਮੇਵਾਰੀ ਸੌਂਪਣ ਲਈ ਮਾਤਾ ਰਾਣੀ ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨਾ ਉਨ੍ਹਾਂ ਲਈ ਬੜਾ ਸੁਭਾਗਾ ਹੈ, ਜਿੱਥੋਂ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਪ੍ਰੇਰਨਾ ਅਤੇ ਸੇਧ ਦੇਣ ਮਿਲਦੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਉਹ ਸੂਬੇ ਦੀ ਸ਼ਾਂਤੀ ਅਤੇ ਵਿਕਾਸ ਦੀ ਅਰਦਾਸ ਕਰਨ ਲਈ ਇਸ ਅਸਥਾਨ 'ਤੇ ਆਏ ਹਨ, ਜਿਸ ਲਈ ਉਨ੍ਹਾਂ ਦੀ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਉਹ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ ਅਤੇ ਸਰਕਾਰ ਵੱਲੋਂ ਲੋਕ ਪੱਖੀ ਅਤੇ ਵਿਕਾਸ ਪੱਖੀ ਨੀਤੀਆਂ ਨੂੰ ਲਾਗੂ ਕਰਨ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਇਸ ਮੌਕੇ ਮੰਦਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਪਰਸ਼ੋਤਮ ਮਿੱਤਲ, ਸ੍ਰੀ ਸੰਜੇ ਮਹਿੰਦਰੂ ਅਤੇ ਸ੍ਰੀ ਸੰਜੇ ਗੋਇਲ ਨੇ ਮੁੱਖ ਮੰਤਰੀ ਨੂੰ ਮਾਤਾ ਰਾਣੀ ਦੀ ਚੁੰਨੀ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ ਮੁੱਖ ਮੰਤਰੀ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ, ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਵਿਧਾਇਕ ਸ੍ਰੀ ਕੁਲਦੀਪ ਸਿੰਘ ਵੈਦ, ਵਿਧਾਇਕ ਸ੍ਰੀ ਸੁਰਿੰਦਰ ਡਾਵਰ, ਮੇਅਰ ਸ੍ਰੀ ਬਲਕਾਰ ਸਿੰਘ ਹਾਜ਼ਰ ਸਨ।