ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ੍ਰੀ ਰਾਜ ਕੁਮਾਰ ਹੰਸ ਵੱਲੋਂ ਪਿੰਡ ਰੁੜਕਾ ਅਤੇ ਸਤਾਬਗੜ੍ਹ ਦਾ ਕੀਤਾ ਗਿਆ ਦੌਰਾ
ਪਿੰਡ ਰੁੜਕਾ ਵਿਖੇ ਗਰੀਬ ਪਰਿਵਾਰ ਦਾ ਮਕਾਨ ਧੱਕੇ ਨਾਲ ਜ਼ਬਤ ਕਰਨ ਦੀ ਪ੍ਰਕਾਸ਼ਤ ਹੋਈ ਖ਼ਬਰ ਦਾ ਨੋਟਿਸ ਲੈਕੇ ਪੜਤਾਲ ਕਰਨ ਲਈ ਕੀਤਾ ਦੌਰਾ
5 Dariya News
ਐਸ.ਏ.ਐਸ ਨਗਰ 15-Dec-2021
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਅਰਥ ਪ੍ਰਕਾਸ਼ (ਹਿੰਦੀ ਅਖ਼ਬਾਰ) ਵਿੱਚ ਛੱਪੀ ਖ਼ਬਰ “ਪਿੰਡ ਰੁੜਕਾ ਮੇਂ ਦਲਿਤ ਪਰਿਵਾਰ ਨੇ ਲਗਾਇਆ ਭੂ-ਮਾਫੀਆ ਪਰ ਬਰਸ਼ਾਂ ਪੁਰਾਨੇ ਮਕਾਨ ਵ ਜ਼ਮੀਨ ਹੜਪਨੇ ਕਾ ਅਰੋਪ” ਦਾ ਗੰਭੀਰ ਨੋਟਿਸ ਲਿਆ ਅਤੇ ਪਿੰਡ ਸਤਾਬਗੜ੍ਹ ਦੀ ਅਨੁਸੂਚਿਤ ਜਾਤੀ ਨਾਲ ਸਬੰਧਤ ਸਰਪੰਚ ਦੀ ਕੁੱਟਮਾਰ ਕਰਨ ਸਬੰਧੀ ਪ੍ਰਾਪਤ ਹੋਈ ਸ਼ਿਕਾਇਤ ਸਮੇਤ ਦੋਵੇਂ ਕੇਸਾਂ ਦੀ ਪੜਤਾਲ ਕਰਨ ਲਈ ਪਿੰਡ ਰੁੜਕਾ ਅਤੇ ਪਿੰਡ ਸਤਾਬਗੜ੍ਹ ਵਿਖੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ੍ਰੀ ਰਾਜ ਕੁਮਾਰ ਹੰਸ ਨੇ ਦੌਰਾ ਕੀਤਾ ।ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਸ੍ਰੀ ਰਾਜ ਕੁਮਾਰ ਹੰਸ ਨੇ ਦੱਸਿਆ ਕੇ ਪਿਛਲੇ ਦਿਨੀ ਕਮਿਸ਼ਨ ਨੇ ਅਰਥ ਪ੍ਰਕਾਸ਼ (ਹਿੰਦੀ ਅਖ਼ਬਾਰ) ਵਿੱਚ ਛੱਪੀ ਖ਼ਬਰ “ਪਿੰਡ ਰੁੜਕਾ ਮੇਂ ਦਲਿਤ ਪਰਿਵਾਰ ਨੇ ਲਗਾਇਆ ਭੂ-ਮਾਫੀਆ ਪਰ ਬਰਸ਼ਾਂ ਪੁਰਾਨੇ ਮਕਾਨ ਵ ਜ਼ਮੀਨ ਹੜਪਨੇ ਕਾ ਅਰੋਪ” ਦੇਖੀ ਅਤੇ ਇਸ ਖਬ਼ਰ ਦਾ ਗੰਭੀਰ ਨੋਟਿਸ ਲੈਂਦਿਆਂ ਮਾਮਲੇ ਦੀ ਪੜਤਾਲ ਕਰਨ ਦਾ ਫੈਸਲਾ ਕੀਤਾ ਗਿਆ ।ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਗਰੀਬ ਪਰਿਵਾਰ ਜੋ ਕਿ ਅਨੁਸੂਚਿਤ ਜਾਤੀ ਨਾਲ ਸਬੰਧਿਤ ਹੈ ਦਾ ਘਰ ਜੇ.ਸੀ.ਬੀ ਦੀ ਨਾਲ ਤੋੜ ਦਿੱਤਾ ਗਿਆ । ਜਿਸ ਸੰਬਧੀ ਉਨ੍ਹਾਂ ਜਾਂਚ ਲਈ ਐਸ. ਪੀ ਹੈਡਕੁਆਟਰ ਨੂੰ ਮਾਮਲੇ ਦੀ ਡੂੰਘਾਈ ’ਚ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਸ੍ਰੀ ਰਾਜ ਕੁਮਾਰ ਹੰਸ ਨੇ ਦੱਸਿਆ ਕਿ ਕਮਿਸ਼ਨ ਨੂੰ ਪਿੰਡ ਸਤਾਬਗੜ੍ਹ ਦੀ ਸਰਪੰਚ ਸ੍ਰੀਮਤੀ ਊਸ਼ਾ ਦੇਵੀ ਜੋ ਅਨੁਸੂਚਿਤ ਜਾਤੀ ਨਾਲ ਸਬੰਧਤ ਹੈ ਵੱਲੋਂ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ਵਿੱਚ ਉਸ ਨੇ ਲਿਖਿਆ ਕਿ ਉਨ੍ਹਾਂ ਵੱਲੋਂ ਪਿੰਡ ਦੇ ਪੰਚਾਇਤ ਮੈਂਬਰਾਂ ਦੀ ਸਹਿਮਤੀ ਨਾਲ ਪਿੰਡ ਦੀ ਫਿਰਨੀ ਅਤੇ ਸ਼ਾਮਲਾਤ ਜ਼ਮੀਨ ਤੋਂ ਨਜ਼ਾਇਜ਼ ਕਬਜ਼ੇ ਹਟਵਾਏ ਗਏ ਸਨ ।ਜਿਸ ਦੀ ਕਬਜ਼ਾਧਾਰੀਆਂ ਵੱਲੋਂ ਖੁੰਦਕ ਰੱਖਦੇ ਹੋਏ ਇਕ ਗਿਣੀ ਮਿਥੀ ਸਾਜਿਸ ਨਾਲ ਉਨ੍ਹਾਂ(ਸਰਪੰਚ) ਨੂੰ ਮੋਬਾਇਲ ਫੌਨ ਤੇ ਸੁਨੇਹਾ ਲਾਗਕੇ ਫਿਰਨੀ ਤੇ ਬੁਲਾਇਆ ਗਿਆ । ਸਰਪੰਚ ਨੇ ਆਪਣੀ ਸ਼ਿਕਾਇਤ ਵਿੱਚ ਲਿਖਿਆ ਕਿ ਕੁਝ ਪੰਚਾਇਤ ਮੈਂਬਰਾਂ ਅਤੇ ਹੋਰ ਵਿਆਕਤੀਆਂ ਨਾਲ ਉਹ ਦੱਸੇ ਗਏ ਸਥਾਨ ਤੇ ਪਹੁੰਚੀ ਜਿਥੇ ਕਿ ਪਹਿਲਾਂ ਹੀ ਖੜ੍ਹੇ ਜੋਗਿੰਦਰ ਸਿੰਘ,ਮਹਿੰਦਰ ਸਿੰਘ ਅਤੇ ਭਾਗ ਸਿੰਘ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਜਾਤੀ ਸੂਚਿਕ ਸ਼ਬਦ ਬੋਲੇ ਅਤੇ ਲੋਹੇ ਦੀ ਰਾਡਾਂ ਨਾਲ ਹਮਲਾ ਕਰ ਦਿੱਤਾ । ਇਸ ਸ਼ਿਕਾਇਤ ਦੀ ਪੜਤਾਲ ਕੀਤੀ ਗਈ ਅਤੇ ਸਥਾਨਕ ਐਸ.ਐਚ.ਓ ਨੂੰ ਹਦਾਇਤ ਕੀਤੀ ਕਿ ਮਹਿਲਾ ਸਰਪੰਚ ਨਾਲ ਕੁੱਟਮਾਰ ਕਰਨ ਵਾਲੇ ਸਾਰੇ ਲੋਕਾਂ ਦੀ ਜਾਂਚ ਕਰਕੇ ਉਨ੍ਹਾਂ ’ਤੇ ਪਰਚਾ ਦਰਜ ਕੀਤਾ ਜਾਵੇ। ਜਾਂਚ ਦੌਰਾਨ ਕਸੂਰਵਾਰ ਪਾਏ ਜਾਣ ਵਾਲੇ ਮੁਲਜ਼ਮਾਂ ਵੱਲੋਂ ਜਾਤੀ ਸੂਚਿਕ ਸ਼ਬਦ ਬੋਲਣ ਤੇ ਐ.ਸੀ ਐਕਟ ਦੀ ਧਾਰਾ ਲਗਾ ਕੇ ਸਜ਼ਾ ’ਚ ਵਾਧਾ ਕੀਤਾ ਜਾਵੇ । ਪਿੰਡ ਰੁੜਕਾ ਅਤੇ ਸਤਾਬਗੜ੍ਹ ਦੇ ਦੋਵੇਂ ਕੇਸਾਂ ਦੀ ਜਾਂਚ 21 ਦਸੰਬਰ 2021 ਤੱਕ ਪੂਰਨ ਕਰਕੇ ਜਾਂਚ ਰਿਪੋਰਟ ਦੇਣ ਦੇ ਆਦੇਸ਼ ਦਿੱਤੇ ਗਏ ਹਨ।